ਪਿਛਲੀ ਸਰਕਾਰ ਵੱਲੋਂ ਕੀਤੇ ਕੰਮਾਂ ਦੀ ਹੋ ਰਹੀ ਹੈ ਇਨਕੁਆਰੀ: ਹਰਜੋਤ ਬੈਂਸ

ਸ੍ਰੀ ਕੀਰਤਪੁਰ ਸਾਹਿਬ -ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਸ਼ਨੀਵਾਰ ਇਤਿਹਾਸਕ ਧਰਤੀ ਸ੍ਰੀ ਕੀਰਤਪੁਰ ਸਾਹਿਬ ਵਿਖੇ ਪਹੁੰਚੇ, ਜਿੱਥੇ ਉਨ੍ਹਾਂ ਆਮ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ੍ਰੀ ਕੀਰਤਪੁਰ ਸਾਹਿਬ ਸ਼ਹਿਰ ਦੇ ਲੋਕਾਂ ਵੱਲੋਂ ਉਨ੍ਹਾਂ ਨੂੰ ਇਕ ਮੰਗ ਪੱਤਰ ਦਿੱਤਾ ਗਿਆ ਹੈ, ਜਿਸ ’ਚ ਉਨ੍ਹਾਂ ਨੇ ਨਗਰ ਪੰਚਾਇਤ ਸ੍ਰੀ ਕੀਰਤਪੁਰ ਸਾਹਿਬ ਨੂੰ ਭੰਗ ਕਰਨ ਦੀ ਮੰਗ ਰੱਖੀ ਹੈ।

ਉਨ੍ਹਾਂ ਕਿਹਾ ਕਿ ਕੀਰਤਪੁਰ ਸਾਹਿਬ ਉਹ ਧਰਤੀ ਹੈ, ਜਿਸ ’ਤੇ ਦੋਵੇਂ ਪਾਸੇ ਨਹਿਰਾਂ ਹਨ ਅਤੇ ਇਸ ਦੀ ਜ਼ਮੀਨਾਂ ਅਤੇ ਜੰਗਲਾਤ ਵਿਭਾਗ ਦੀ ਦਫ਼ਾ ਚਾਰ ਅਤੇ ਪੰਜ ਲੱਗਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਇੱਥੇ ਪੰਚਾਇਤਾਂ ਹੁੰਦੀਆਂ ਸਨ ਤਾਂ ਉਕਤ ਪਿੰਡਾਂ ਦਾ ਵਿਕਾਸ ਜ਼ਰੂਰ ਹੁੰਦਾ ਰਿਹਾ ਪਰ ਨਗਰ ਪੰਚਾਇਤ ਹੋਂਦ ’ਚ ਆਉਣ ਤੋਂ ਬਾਅਦ ਲੋਕਾਂ ਨੂੰ ਕਾਫ਼ੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਨਗਰ ਪੰਚਾਇਤ ਹੋਂਦ ਵਿਚ ਆਈ ਸੀ ਤਾਂ ਉਸ ਸਮੇਂ ਸਰਕਾਰ ਨੇ ਜਲਦਬਾਜ਼ੀ ਵਿਚ ਇਸ ਨੂੰ ਨਗਰ ਪੰਚਾਇਤ ਬਣਾ ਦਿੱਤਾ ਪਰ ਹੁਣ ਲੋਕਾਂ ਨੂੰ ਨਗਰ ਪੰਚਾਇਤ ਕਾਰਨ ਕਈ ਸਮੱਸਿਆਵਾਂ ਆ ਰਹੀਆਂ ਹਨ। ਸ਼ਹਿਰ ਦੇ ਲੋਕਾਂ ਨੇ ਨਗਰ ਪੰਚਾਇਤ ਨੂੰ ਭੰਗ ਕਰਨ ਦਾ ਉਨ੍ਹਾਂ ਨੂੰ ਇਕ ਮੰਗ ਪੱਤਰ ਦਿੱਤਾ ਹੈ ਜਿਸ ’ਤੇ ਵਿਚਾਰ ਕੀਤਾ ਜਾਵੇਗਾ।

ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਮੁੱਢਲਾ ਸਿਹਤ ਕੇਂਦਰ ਸ੍ਰੀ ਕੀਰਤਪੁਰ ਸਾਹਿਬ ਜਿਸ ਦੇ ਨਾਲ ਚੰਗਰ ਇਲਾਕਾ ਅਤੇ ਸ੍ਰੀ ਕੀਰਤਪੁਰ ਸਾਹਿਬ ਦੇ ਦਰਜਨਾਂ ਪਿੰਡ ਲੱਗਦੇ ਹਨ, ਉਸ ’ਚ ਵੀ 24 ਘੰਟੇ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਉਨ੍ਹਾਂ ਵੱਲੋਂ ਵਿਧਾਨ ਸਭਾ ਚੋਣਾਂ ਵਿਚ ਲੋਕਾਂ ਨਾਲ ਵਾਅਦਾ ਕੀਤਾ ਗਿਆ ਸੀ ਨੂੰ ਵੀ ਜਲਦ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ’ਤੇ ਕੰਮ ਚੱਲ ਰਿਹਾ ਹੈ ਅਤੇ ਲੱਗਭਗ ਦੋ ਕਰੋਡ਼ ਰੁਪਏ ਖਰਚ ਕਰ ਕੇ ਸਿਹਤ ਕੇਂਦਰ ਅੰਦਰ ਸਿਹਤ ਸੇਵਾਵਾਂ ਵਧੀਆ ਤਰੀਕੇ ਨਾਲ ਇਲਾਕੇ ਦੇ ਲੋਕਾਂ ਨੂੰ ਦਿੱਤੀਆਂ ਜਾਣਗੀਆਂ । ਇਸ ਤੋਂ ਇਲਾਵਾ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਜੋ ਪਿਛਲੀ ਸਰਕਾਰ ਸਮੇਂ ਲੈਂਡ ਮਾਫੀਆ ਜਾਂ ਹੋਰ ਕੁਝ ਲੋਕਾਂ ਵੱਲੋਂ ਨਾਜਾਇਜ਼ ਤੌਰ ’ਤੇ ਕੰਮ ਕੀਤੇ ਗਏ ਹਨ ਉਨ੍ਹਾਂ ਕੰਮਾਂ ’ਤੇ ਇਨਕੁਆਰੀ ਕੀਤੀ ਜਾ ਰਹੀ ਹੈ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਅਨੁਸਾਰ ਉਕਤ ਲੋਕਾਂ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਸ ਮੌਕੇ ਉਨ੍ਹਾਂ ਕਿਹਾ ਕਿ ਨਗਰ ਪੰਚਾਇਤ ਸ੍ਰੀ ਕੀਰਤਪੁਰ ਸਾਹਿਬ ਅੰਦਰ ਅੱਜ ਲੋਕਾਂ ਨੂੰ ਕੰਮ ਕਰਾਉਣ ’ਚ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ । ਨਗਰ ਪੰਚਾਇਤ ਅੰਦਰ ਲੋਕਾਂ ਦੇ ਨਕਸ਼ੇ ਪਾਸ ਨਹੀਂ ਹੋ ਰਹੇ ਜਿਸ ਲਈ ਉਨ੍ਹਾਂ ਵੱਲੋਂ ਜੰਗਲਾਤ ਵਿਭਾਗ ਅਤੇ ਸਥਾਨਕ ਨਗਰ ਪੰਚਾਇਤ ਦੇ ਅਧਿਕਾਰੀਆਂ ਦੀ ਇਕ ਮੀਟਿੰਗ ਕੀਤੀ ਜਾਵੇਗੀ ਅਤੇ ਜਲਦ ਇਸ ਦਾ ਹੱਲ ਲੱਭਿਆ ਜਾਵੇਗਾ ਤਾਂ ਜੋ ਲੋਕਾਂ ਨੂੰ ਖੱਜਲ ਖੁਆਰ ਨਾ ਹੋਣਾ ਪਵੇ।  ਉਨ੍ਹਾਂ ਕਿਹਾ ਕਿ ਭੂ ਮਾਫ਼ੀਏ ਦੇ ਲੋਕ ਤਾਂ ਸ਼ਰੇਆਮ ਕੰਮ ਕਰ ਰਹੇ ਹਨ ਪਰ ਗਰੀਬ ਲੋਕਾਂ ਦੇ ਕੰਮ ਨਹੀਂ ਹੋ ਰਹੇ ਜਿਸ ਨੂੰ ਲੈ ਕੇ ਉਹ ਦੋਵੇਂ ਵਿਭਾਗਾਂ ਦੀ ਇਕ ਮੀਟਿੰਗ 15 ਦਿਨਾਂ ਦੇ ਅੰਦਰ -ਅੰਦਰ ਕਰਨ ਜਾ ਰਹੇ ਹਨ। ਇਸ ਮੌਕੇ ਆਮ ਆਦਮੀ ਪਾਰਟੀ ਜ਼ਿਲਾ ਰੂਪਨਗਰ ਯੂਥ ਵਿੰਗ ਦੇ ਪ੍ਰਧਾਨ ਕਮਿੱਕਰ ਸਿੰਘ ਡਾਢੀ, ਕੇਸਰ ਸਿੰਘ ਸੰਧੂ, ਜਸਵੀਰ ਸਿੰਘ ਰਾਣਾ, ਪ੍ਰਕਾਸ਼ ਕੌਰ ਹਲਕਾ ਇੰਚਾਰਜ ਮਹਿਲਾ ਵਿੰਗ, ਸਰਬਜੀਤ ਸਿੰਘ ਭਟੋਲੀ, ਦਲਜੀਤ ਸਿੰਘ, ਦਰਸ਼ਨ ਸਿੰਘ, ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਸ਼ਹਿਰ ਵਾਸੀ ਅਤੇ ਆਮ ਆਦਮੀ ਪਾਰਟੀ ਦੇ ਵਰਕਰ ਹਾਜ਼ਰ ਸਨ।

Add a Comment

Your email address will not be published. Required fields are marked *