ਰਾਹੁਲ ਵੱਲੋਂ ਕੋਲਾਰ ਤੋਂ ਸੱਤਿਆਮੇਵ ਜਯਤੇ ਅੰਦੋਲਨ 5 ਅਪਰੈਲ ਤੋਂ
ਨਵੀਂ ਦਿੱਲੀ, 29 ਮਾਰਚ-: ਕਾਂਗਰਸੀ ਆਗੂ ਰਾਹੁਲ ਗਾਂਧੀ 5 ਅਪਰੈਲ ਨੂੰ ਕੋਲਾਰ ਤੋਂ ਪਾਰਟੀ ਦਾ ਦੇਸ਼ਵਿਆਪੀ ‘ਸੱਤਿਆਮੇਵ ਜਯਤੇ’ ਅੰਦੋਲਨ ਸ਼ੁਰੂ ਕਰਨਗੇ। ਇਹ ਉਹੀ ਜਗ੍ਹਾ ਹੈ ਜਿੱਥੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਪ-ਨਾਮ ਬਾਰੇ ਇਕ ਟਿੱਪਣੀ ਕੀਤੀ ਸੀ, ਜਿਸ ਲਈ ਉਨ੍ਹਾਂ ਨੂੰ ਅਪਰਾਧਿਕ ਮਾਣਹਾਨੀ ਦਾ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਉਨ੍ਹਾਂ ਦੀ ਸੰਸਦ ਦੀ ਮੈਂਬਰਸ਼ਿਪ ਖ਼ਤਮ ਕਰ ਦਿੱਤੀ ਗਈ। ਇਹ ਜਾਣਕਾਰੀ ਅੱਜ ਪਾਰਟੀ ਦੇ ਸੂਬਾ ਪ੍ਰਧਾਨ ਡੀ.ਕੇ. ਸ਼ਿਵਕੁਮਾਰ ਨੇ ਦਿੱਤੀ।
ਕਰਨਾਟਕ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੁਖੀ ਨੇ ਇਹ ਗੱਲ ਇੱਥੇ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਆਨੰਦ ਸ਼ਰਮਾ ਨਾਲ ਮਿਲ ਕੇ ਕੀਤੀ, ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਕਹੀ। ਸ਼ਿਵਕੁਮਾਰ ਨੇ ਕਿਹਾ, ‘‘ਰਾਹੁਲ ਗਾਂਧੀ ਨੂੰ ਅਯੋਗ ਠਹਿਰਾਏ ਜਾਣ ਦਾ ਮੁੱਦਾ ਕੋਲਾਰ ਵਿੱਚ ਉਨ੍ਹਾਂ ਦੇ ਭਾਸ਼ਣ ਨਾਲ ਸ਼ੁਰੂ ਹੋਇਆ ਸੀ। ਰਾਹੁਲ ਗਾਂਧੀ 5 ਅਪਰੈਲ ਨੂੰ ਕੋਲਾਰ ਆਉਣਗੇ ਅਤੇ ਉੱਥੋਂ ਆਪਣੇ ਸੱਤਿਆਮੇਵ ਜਯਤੇ ਅੰਦੋਲਨ ਦੀ ਸ਼ੁਰੂਆਤ ਕਰਨਗੇ, ਜੋ ਕਿ ਦੇਸ਼ ਭਰ ’ਚ ਜਾਵੇਗਾ।’’ ਉਧਰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅੱਜ ਸੰਸਦ ਭਵਨ ਵਿੱਚ ਸਥਿਤ ਪਾਰਟੀ ਦੇ ਸੰਸਦੀ ਦਲ ਦੇ ਦਫ਼ਤਰ ਪਹੁੰਚੇ। ਉਹ ਕਰੀਬ 20 ਮਿੰਟ ਤੱਕ ਕਾਂਗਰਸ ਸੰਸਦੀ ਦਲ ਦੇ ਦਫ਼ਤਰ ਵਿੱਚ ਰਹੇ ਅਤੇ ਸ਼ਿਵ ਸੈਨਾ (ਯੂਬੀਟੀ) ਦੇ ਆਗੂ ਸੰਜੈ ਰਾਊਤ ਤੇ ਆਪਣੀ ਪਾਰਟੀ ਦੇ ਕੁਝ ਹੋਰ ਆਗੂਆਂ ਨਾਲ ਮੁਲਾਕਾਤ ਕੀਤੀ। ਬਾਅਦ ’ਚ ਉਹ ਆਪਣੀ ਮਾਂ ਤੇ ਕਾਂਗਰਸ ਸੰਸਦੀ ਦਲ ਦੀ ਮੁਖੀ ਸੋਨੀਆ ਗਾਂਧੀ ਨਾਲ ਉੱਥੋਂ ਚਲੇ ਗਏ। ਉਨ੍ਹਾਂ ਮੀਡੀਆ ਨਾਲ ਗੱਲਬਾਤ ਨਹੀਂ ਕੀਤੀ।