ਦਿਲਜੀਤ ਦੋਸਾਂਝ ਦੀ ਆਵਾਜ਼ ’ਚ ‘ਜੋੜੀ’ ਫ਼ਿਲਮ ਦਾ ਖ਼ੂਬਸੂਰਤ ਗੀਤ ‘ਮੇਰੀ ਕਲਮ ਨਾ ਬੋਲੇ’ ਰਿਲੀਜ਼

ਚੰਡੀਗੜ੍ਹ – ਪੰਜਾਬੀ ਫ਼ਿਲਮ ‘ਜੋੜੀ’ ਇਨ੍ਹੀਂ ਦਿਨੀਂ ਕਾਫੀ ਚਰਚਾ ’ਚ ਹੈ। ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਦੀ ਮੁੱਖ ਭੂਮਿਕਾ ਵਾਲੀ ਇਹ ਫ਼ਿਲਮ ਦੁਨੀਆ ਭਰ ’ਚ 5 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਦੇ ਟਰੇਲਰ ਤੋਂ ਲੈ ਕੇ ਗੀਤਾਂ ਨੂੰ ਲੋਕਾਂ ਵਲੋਂ ਖ਼ੂਬ ਪਿਆਰ ਮਿਲ ਰਿਹਾ ਹੈ।

ਅੱਜ ਫ਼ਿਲਮ ਦਾ ਇਕ ਹੋਰ ਗੀਤ ਰਿਲੀਜ਼ ਹੋਇਆ ਹੈ, ਜਿਸ ਦਾ ਨਾਂ ਹੈ ‘ਮੇਰੀ ਕਲਮ ਨਾ ਬੋਲੇ’। ਇਸ ਗੀਤ ਨੂੰ ਦਿਲਜੀਤ ਦੋਸਾਂਝ ਨੇ ਆਵਾਜ਼ ਦਿੱਤੀ ਹੈ, ਜੋ ਬੇਹੱਦ ਖ਼ੂਬਸੂਰਤੀ ਨਾਲ ਗਾਇਆ ਗਿਆ ਹੈ। ‘ਜੋੜੀ’ ਫ਼ਿਲਮ ਪੰਜਾਬ ਦੇ ਦੋਗਾਣਾ ਗਾਇਕੀ ਦੌਰ ਨੂੰ ਦਰਸਾਉਂਦੀ ਹੈ, ਜਿਸ ਦੇ ਪਹਿਲਾਂ ਰਿਲੀਜ਼ ਹੋਏ ਗੀਤਾਂ ’ਚ ਵੀ ਪੁਰਾਣਾ ਟੱਚ ਦੇਖਣ ਨੂੰ ਮਿਲਿਆ ਸੀ ਤੇ ਇਸ ਗੀਤ ’ਚ ਇਹੀ ਚੀਜ਼ ਦੇਖਣ ਨੂੰ ਮਿਲ ਰਹੀ ਹੈ।

‘ਮੇਰੀ ਕਲਮ ਨਾ ਬੋਲੇ’ ਗੀਤ ਨੂੰ ਹੈਪੀ ਰਾਏਕੋਟੀ ਨੇ ਲਿਖਿਆ ਹੈ ਤੇ ਇਸ ਦਾ ਸੰਗੀਤ ਟਰੂ ਸਕੂਲ ਨੇ ਦਿੱਤਾ ਹੈ, ਜਿਨ੍ਹਾਂ ਨੇ ਫ਼ਿਲਮ ਦੇ ਬਾਕੀ ਗੀਤਾਂ ਨੂੰ ਵੀ ਸੰਗੀਤ ਦਿੱਤਾ ਹੈ, ਜੋ ਬੇਹੱਦ ਸ਼ਾਨਦਾਰ ਹੈ। ‘ਜੋੜੀ’ ਫ਼ਿਲਮ ਦਾ ਸੰਗੀਤ ਇਸ ਫ਼ਿਲਮ ਦਾ ਇਕ ਵੱਡਾ ਪਲੱਸ ਪੁਆਇੰਟ ਹੈ। ਫ਼ਿਲਮ ’ਚ ਦਿਲਜੀਤ ਤੇ ਨਿਮਰਤ ਤੋਂ ਇਲਾਵਾ ਹਰਸਿਮਰਨ, ਦ੍ਰਿਸ਼ਟੀ ਗਰੇਵਾਲ, ਹਰਦੀਪ ਗਿੱਲ ਤੇ ਰਵਿੰਦਰ ਮੰਡ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਨੂੰ ਲਿਖਿਆ ਤੇ ਡਾਇਰੈਕਟ ਅੰਬਰਦੀਪ ਸਿੰਘ ਨੇ ਕੀਤਾ ਹੈ। ਇਸ ਫ਼ਿਲਮ ਨੂੰ ਦਲਜੀਤ ਥਿੰਦ ਤੇ ਕਾਰਜ ਗਿੱਲ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ।

Add a Comment

Your email address will not be published. Required fields are marked *