ਸਿੱਧੂ ਦੇ ਪਿਤਾ ਨੇ ਕਾਂਗਰਸ ਨੂੰ ਚੋਣ ਲੜਨ ਤੋਂ ਦਿੱਤਾ ਜਵਾਬ

ਮਾਨਸਾ – ਮਰਹੂਮ ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਲੋਕ ਸਭਾ ਚੋਣ ਲੜਨ ਦੇ ਮੁੱਦੇ ’ਤੇ ਉਨ੍ਹਾਂ ਨੇ ਕਾਂਗਰਸ ਪਾਰਟੀ ਨੂੰ ਜਵਾਬ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕਾਂ ਨੇ ਮੇਰੇ ਪੁੱਤ ਸ਼ੁੱਭਦੀਪ ਨੂੰ ਪ੍ਰੋਡਕਟ ਵਾਂਗ ਵਰਤਿਆ ਅਤੇ ਹੁਣ ਉਸ ਦਾ ਫਾਇਦਾ ਲੈਣਾ ਚਾਹੁੰਦੇ ਹਨ। ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਜੇਕਰ ਚੋਣ ਲੜਨੀ ਹੋਈ ਤਾਂ ਉਨ੍ਹਾਂ ਨੂੰ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ। ਉਹ ਅੱਜ ਪਿੰਡ ਮੂਸਾ ਵਿਖੇ ਪੰਜਾਬੀ ਗਾਇਕ ਦੇ ਪ੍ਰਸ਼ੰਸਕਾਂ ਨੂੰ ਸੰਬੋਧਨ ਕਰ ਰਹੇ ਸਨ।

ਇੱਥੇ ਦਿਲਚਸਪ ਗੱਲ ਹੈ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੁਝ ਸਮਾਂ ਪਹਿਲਾਂ ਪੱਤਰਕਾਰਾਂ ਨੂੰ ਕਿਹਾ ਸੀ ਕਿ ਜੇਕਰ ਮੂਸੇਵਾਲਾ ਦੇ ਪਿਤਾ ਲੋਕ ਸਭਾ ਦੀ ਚੋਣ ਲੜਨ ਲਈ ਇੱਛਾ ਜ਼ਾਹਿਰ ਕਰਨਗੇ ਤਾਂ ਉਨ੍ਹਾਂ ਦਾ ਸਤਿਕਾਰ ਕਰਦਿਆਂ ਪਾਰਟੀ ਵੱਲੋਂ ਚੋਣ ਲੜਾਈ ਜਾਵੇਗੀ।

ਬਲਕੌਰ ਸਿੰਘ ਨੇ ਸਿਆਸੀ ਨੇਤਾਵਾਂ ਨੂੰ ਕਿਹਾ ਕਿ ਤੁਸੀਂ ਕਿਤੋਂ ਵੀ ਕੋਈ ਵੀ ਚੋਣ ਲੜੋ, ਜੀਅ ਸਦਕੇ ਲੜੋ, ਮੈਨੂੰ ਮੇਰੇ ਹਾਲ ’ਤੇ ਛੱਡ ਦਿਓ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਮੂਸੇਵਾਲਾ ਨੂੰ ਇਨਸਾਫ਼ ਦੇਣ ਲਈ ਦਰਵਾਜ਼ੇ ਬੰਦ ਹੋ ਚੁੱਕੇ ਹਨ। ਕੋਈ ਵਿਧਾਇਕ, ਕੋਈ ਵਜ਼ੀਰ, ਨਾ ਹੀ ਮੁੱਖ ਮੰਤਰੀ ਇਸ ਮਾਮਲੇ ਲਈ ਬੋਲ ਰਿਹਾ ਹੈ, ਇਹੋ ਹਾਲ ਸੰਸਦੀ ਮੈਂਬਰਾਂ ਅਤੇ ਕੇਂਦਰੀ ਵਜ਼ੀਰਾਂ ਦਾ ਬਣ ਚੁੱਕਿਆ ਹੈ।

Add a Comment

Your email address will not be published. Required fields are marked *