ਪੰਜਾਬ ’ਚ 2 ਮਈ ਤੋਂ ਸਵੇਰੇ 7.30 ਵਜੇ ਖੁੱਲ੍ਹਣਗੇ ਸਰਕਾਰੀ ਦਫ਼ਤਰ
April 30, 2023
ਚੰਡੀਗੜ੍ਹ, 29 ਅਪਰੈਲ-: ਪੰਜਾਬ ਵਿੱਚ 2 ਮਈ ਤੋਂ ਸਾਰੇ ਸਰਕਾਰੀ ਦਫ਼ਤਰ ਸਵੇਰੇ 7.30 ਵਜੇ ਲੱਗਣਗੇ। ਇਸ ਸਬੰਧੀ ਪੰਜਾਬ ਸਰਕਾਰ ਨੇ ਅੱਜ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਸੂਬਾ ਸਰਕਾਰ ਨੇ ਅੱਜ ਸਰਕਾਰੀ ਦਫ਼ਤਰਾਂ ਦੇ ਮੁਖੀਆਂ, ਡਿਵੀਜ਼ਨਲ ਕਮਿਸ਼ਨਰਾਂ, ਡਿਪਟੀ ਕਮਿਸ਼ਨਰਾਂ ਤੇ ਐੱਸਡੀਐੱਮਜ਼ ਨੂੰ ਪੱਤਰ ਜਾਰੀ ਕਰਕੇ ਉਕਤ ਆਦੇਸ਼ਾਂ ਦੀ ਪਾਲਣਾ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਹਨ। ਜਾਰੀ ਕੀਤੇ ਗਏ ਹੁਕਮਾਂ ਅਨੁਸਾਰ 2 ਮਈ 2023 ਤੋਂ ਸਾਰੇ ਸਰਕਾਰੀ ਦਫ਼ਤਰ ਸਵੇਰੇ 7.30 ਵਜੇ ਖੁੱਲ੍ਹਣਗੇ ਤੇ ਬਾਅਦ ਦੁਪਹਿਰ 2 ਵਜੇ ਬੰਦ ਹੋਣਗੇ। ਇਹ ਸਮਾਂ ਸਾਰਨੀ 15 ਜੁਲਾਈ, 2023 ਤੱਕ ਖੇਤਰੀ ਦਫ਼ਤਰਾਂ, ਸਿਵਲ ਸਕੱਤਰੇਤ ਤੇ ਹੋਰ ਸਾਰੇ ਦਫ਼ਤਰਾਂ ’ਤੇ ਇਕਸਾਰ ਲਾਗੂ ਹੋਵੇਗੀ। ਪੰਜਾਬ ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਰਕਾਰੀ ਦਫ਼ਤਰਾਂ ਦੇ ਬਦਲੇ ਹੋਏ ਸਮੇਂ ਨੂੰ ਧਿਆਨ ਵਿੱਚ ਰੱਖ ਕੇ ਕੰਮਕਾਜ ਲਈ ਦਫ਼ਤਰਾਂ ਵਿੱਚ ਪਹੁੰਚਣ।