ਖ਼ਤਰਨਾਕ ਅਤਿਵਾਦੀਆਂ ਦੇ ਨਾਮ ਕਾਲੀ ਸੂਚੀ ’ਚ ਨਾ ਪਾਉਣਾ ਅਫ਼ਸੋਸਨਾਕ: ਭਾਰਤ

ਸੰਯੁਕਤ ਰਾਸ਼ਟਰ, 10 ਅਗਸਤ

ਚੀਨ ’ਤੇ ਵਰ੍ਹਦਿਆਂ ਭਾਰਤ ਨੇ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੀ ਮੀਟਿੰਗ ’ਚ ਦੱਸਿਆ ਕਿ ਦੁਨੀਆ ਦੇ ਕੁਝ ਖ਼ਤਰਨਾਕ ਅਤਿਵਾਦੀਆਂ ਨੂੰ ਕਾਲੀ ਸੂਚੀ ’ਚ ਪਾਉਣ ਦੀ ਜਾਇਜ਼ ਤਜਵੀਜ਼ ਨੂੰ ਰੋਕਣਾ ਬਹੁਤ ਅਫ਼ਸੋਸਨਾਕ ਹੈ। ਭਾਰਤ ਨੇ ਕਿਹਾ ਕਿ ਦੋਹਰੇ ਮਾਪਦੰਡ ਸਲਾਮਤੀ ਕੌਂਸਲ ਦੀ ਭਰੋਸੇਯੋਗਤਾ ’ਤੇ ਧੱਬਾ ਲਗਾ ਰਹੇ ਹਨ। ਜੂਨ ’ਚ ਸਲਾਮਤੀ ਕੌਂਸਲ ਦੇ ਪੱਕੇ ਮੈਂਬਰ ਅਤੇ ਪਾਕਿਸਤਾਨ ਦੇ ਹਮਦਰਦ ਚੀਨ ਨੇ ਭਾਰਤ ਤੇ ਅਮਰੀਕਾ ਵੱਲੋਂ ਪਾਕਿਸਤਾਨ ਆਧਾਰਿਤ ਅਤਿਵਾਦੀ ਅਬਦੁੱਲ ਰਹਿਮਾਨ ਮੱਕੀ ਨੂੰ 1267 ਅਲ ਕਾਇਦਾ ਪਾਬੰਦੀ ਕਮੇਟੀ ਤਹਿਤ ਕਾਲੀ ਸੂਚੀ ’ਚ ਪਾਉਣ ਦੀ ਤਜਵੀਜ਼ ਨੂੰ ਰੋਕ ਦਿੱਤਾ ਸੀ। ਮੱਕੀ ਅਮਰੀਕਾ ਵੱਲੋਂ ਨਾਮਜ਼ਦ ਅਤੇ ਲਸ਼ਕਰ-ਏ-ਤਇਬਾ ਦੇ ਮੁਖੀ ਤੇ ਮੁੰਬਈ ਦਹਿਸ਼ਤੀ ਹਮਲੇ ਦੇ ਮਾਸਟਰਮਾਈਂਡ ਹਾਫ਼ਿਜ਼ ਸਈਦ ਦਾ ਰਿਸ਼ਤੇਦਾਰ ਹੈ। ਭਾਰਤ ਦੀ ਯੂਐੱਨ ’ਚ ਸਥਾਈ ਪ੍ਰਤੀਨਿਧ ਰੁਚਿਰਾ ਕੰਬੋਜ ਨੇ ਮੰਗਲਵਾਰ ਨੂੰ ਕਿਹਾ ਕਿ ਬਿਨਾਂ ਕਿਸੇ ਸਪੱਸ਼ਟੀਕਰਨ ਦੇ ਕਿਸੇ ਤਜਵੀਜ਼ ਨੂੰ ਰੋਕਣ ਦੀ ਰਵਾਇਤ ਖ਼ਤਮ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪਾਬੰਦੀ ਕਮੇਟੀਆਂ ਦੇ ਢੁੱਕਵੇਂ ਕੰਮਕਾਰ ਲਈ ਵਧੇਰੇ ਪਾਰਦਰਸ਼ਤਾ, ਜਵਾਬਦੇਹੀ ਅਤੇ ਉਦੇਸ਼ ਦੀ ਲੋੜ ਹੈ। ‘ਦਹਿਸ਼ਤੀ ਕਾਰਵਾਈਆਂ ਨਾਲ ਕੌਮਾਂਤਰੀ ਸ਼ਾਂਤੀ ਅਤੇ ਸੁਰੱਖਿਆ ਨੂੰ ਖ਼ਤਰੇ’ ਸਬੰਧੀ ਚੀਨ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ’ਚ ਰੁਚਿਰਾ ਨੇ ਕਿਹਾ ਕਿ ਜਦੋਂ ਕੌਮਾਂਤਰੀ ਅਤਿਵਾਦ ਖ਼ਿਲਾਫ਼ ਲੜਨ ਦਾ ਮੁੱਦਾ ਹੋਵੇ ਤਾਂ ਸਲਾਮਤੀ ਕੌਂਸਲ ਦੇ ਸਾਰੇ ਮੈਂਬਰਾਂ ਨੂੰ ਇਕ ਸੁਰ ’ਚ ਇਕੱਠਿਆਂ ਛੇਤੀ ਨਾਲ ਫ਼ੈਸਲਾ ਲੈਣਾ ਚਾਹੀਦਾ ਹੈ।

ਭਾਰਤ ਵੱਲੋਂ ਸਲਾਮਤੀ ਕੌਂਸਲ ਦੇ ਮੈਂਬਰਾਂ ਨੂੰ ਵਿਸ਼ੇਸ਼ ਮੀਟਿੰਗ ਲਈ ਸੱਦਾ

ਸੰਯੁਕਤ ਰਾਸ਼ਟਰ: ਭਾਰਤ ਨੇ ਅਤਿਵਾਦ ਦੇ ਟਾਕਰੇ ਸਬੰਧੀ ਕਮੇਟੀ ਦੀ ਦਿੱਲੀ ਅਤੇ ਮੁੰਬਈ ’ਚ ਅਕਤੂਬਰ ’ਚ ਹੋਣ ਵਾਲੀ ਵਿਸ਼ੇਸ਼ ਮੀਟਿੰਗ ’ਚ ਹਾਜ਼ਰੀ ਲਈ ਸਲਾਮਤੀ ਕੌਂਸਲ ਦੇ ਸਾਰੇ ਮੈਂਬਰਾਂ ਨੂੰ ਸੱਦਾ ਦਿੱਤਾ ਹੈ। ਮੀਟਿੰਗ ਦੌਰਾਨ ਅਤਿਵਾਦੀਆਂ ਵੱਲੋਂ ਨਵੀਆਂ ਤਕਨਾਲੋਜੀਆਂ ਦੀ ਵਰਤੋਂ ’ਤੇ ਰੋਕ ਲਾਉਣ ਅਤੇ ਉਨ੍ਹਾਂ ਨਾਲ ਸਿੱਝਣ ਦੀ ਰਣਨੀਤੀ ਬਾਰੇ ਵਿਚਾਰਾਂ ਹੋਣਗੀਆਂ। ਸੰਯੁਕਤ ਰਾਸ਼ਟਰ ’ਚ ਭਾਰਤ ਦੀ ਸਥਾਈ ਪ੍ਰਤੀਨਿਧ ਰੁਚਿਰਾ ਕੰਬੋਜ ਨੇ ਕਿਹਾ ਕਿ ਇਹ ਮੀਟਿੰਗ ਮੁੰਬਈ ਅਤੇ ਦਿੱਲੀ ’ਚ 28-29 ਅਕਤੂਬਰ ਨੂੰ ਹੋਵੇਗੀ। ਉਨ੍ਹਾਂ ਕਿਹਾ ਕਿ ਅਤਿਵਾਦ ਨੂੰ ਮਾਤ ਦੇਣ ਲਈ ਸਿਆਸੀ ਇੱਛਾ ਸ਼ਕਤੀ ਦੀ ਲੋੜ ਹੈ ਅਤੇ ਸਾਰੇ ਮੁਲਕਾਂ ਨੂੰ ਰਲ ਕੇ ਇਸ ਨਾਲ ਨਜਿੱਠਣਾ ਚਾਹੀਦਾ ਹੈ।

Add a Comment

Your email address will not be published. Required fields are marked *