ਦੇਸ਼ ਦੀਆਂ ਧੀਆਂ ਲਈ ਇਨਸਾਫ਼ ਵਾਸਤੇ ਲੜ ਰਹੇ ਹਾਂ ਜੰਗ: ਬਜਰੰਗ

ਨਵੀਂ ਦਿੱਲੀ:ਟੋਕੀਓ ਓਲੰਪਿਕਸ ’ਚ ਕਾਂਸੀ ਦਾ ਤਗਮਾ ਜੇਤੂ ਬਜਰੰਗ ਪੂਨੀਆ ਨੇ ਜੰਤਰ-ਮੰਤਰ ’ਤੇ ਕਿਹਾ ਕਿ ਪਹਿਲਵਾਨ ਕਿਸੇ ਵੀ ਸਿਆਸੀ ਲਾਹੇ ਲਈ ਆਪਣੇ ਮੰਚ ਦੀ ਵਰਤੋਂ ਨਹੀਂ ਕਰਨ ਦੇਣਗੇ। ਉਨ੍ਹਾਂ ਕਿਹਾ ਕਿ ਇਹ ਭਾਰਤ ਦੀਆਂ ਧੀਆਂ ਦੇ ਇਨਸਾਫ਼ ਦੀ ਜੰਗ ਹੈ। ਉਂਜ ਉਨ੍ਹਾਂ ਇਹ ਨਹੀਂ ਦੱਸਿਆ ਕਿ ਕੌਣ ਉਨ੍ਹਾਂ ਦੇ ਅੰਦੋਲਨ ਦੀ ਰਾਹ ’ਚ ਅੜਿੱਕੇ ਡਾਹ ਰਿਹਾ ਹੈ। ਕੁਝ ਲੋਕਾਂ ਦੇ ਗੁੱਟ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਸੁਣਿਆ ਗਿਆ ਸੀ। ਬਜਰੰਗ ਨੇ ਕਿਹਾ,‘‘ਕਈ ਲੋਕ ਅੰਦੋਲਨ ਵਾਲੀ ਥਾਂ ’ਤੇ ਆ ਗਏ ਹਨ ਅਤੇ ਉਹ ਇਸ ਨੂੰ ਭੜਕਾਊ ਅੰਦੋਲਨ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਇਹ ਭਾਰਤੀ ਕੁਸ਼ਤੀ ਨੂੰ ਬਚਾਉਣ ਦੀ ਜੰਗ ਹੈ। ਇਥੇ ਜੁੜੇ ਲੋਕ ਸਾਡੀ ਹਮਾਇਤ ਲਈ ਹਨ ਪਰ ਕੋਈ ਵੀ ਸਿਆਸੀ ਲਾਹਾ ਲੈਣ ਤੋਂ ਗੁਰੇਜ਼ ਕਰੇ। ਸਿਆਸਤ ਅਤੇ ਹੋਰ ਗੱਲਾਂ ਬਾਅਦ ਦੀਆਂ ਹਨ ਪਰ ਮਹਿਲਾਵਾਂ ਦਾ ਮਾਣ-ਸਨਮਾਨ ਪਹਿਲਾਂ ਹੈ। ਇਸ ਲਈ ਸਿਆਸਤ ਨਾ ਕਰੋ। ਇਹ ਖਿਡਾਰੀਆਂ ਦਾ ਅੰਦੋਲਨ ਹੈ ਅਤੇ ਇਸ ਨੂੰ ਕਿਸੇ ਸਿਆਸੀ ਪਾਰਟੀ ਨਾਲ ਨਾ ਜੋੜਿਆ ਜਾਵੇ।’’ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੇ ਕਿਹਾ ਕਿ ਜਿਹੜੇ ਵਿਅਕਤੀ ਸੰਵਿਧਾਨਕ ਅਹੁਦਿਆਂ ’ਤੇ ਬੈਠੇ ਹੋਏ ਹਨ, ਉਹ ਸਮਝ ਲੈਣ ਕਿ ਆਮ ਆਦਮੀ ਵੀ ਮਾਣ-ਸਨਮਾਨ ਦਾ ਭੁੱਖਾ ਹੁੰਦਾ ਹੈ। ‘ਅਸੀਂ ਸਾਰਿਆਂ ਦਾ ਆਦਰ ਕਰਦੇ ਹਾਂ। ਅਸੀਂ ਉਨ੍ਹਾਂ ਦੇ ਸਨਮਾਨ ਖ਼ਿਲਾਫ਼ ਕੁਝ ਵੀ ਗਲਤ ਨਹੀਂ ਬੋਲਾਂਗੇ ਪਰ ਸਾਡਾ ਵੀ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ।’ਬਜਰੰਗ ਪੂਨੀਆ ਨੇ ਦੋਸ਼ ਲਾਇਆ ਹੈ ਕਿ ਦਿੱਲੀ ਪੁਲੀਸ ਨੇ ਜੰਤਰ-ਮੰਤਰ ’ਤੇ ਧਰਨੇ ਵਾਲੀ ਥਾਂ ਦੀ ਬਿਜਲੀ ਅਤੇ ਪਾਣੀ ਦੀ ਸਪਲਾਈ ਕੱਟ ਦਿੱਤੀ ਹੈ। ਉਨ੍ਹਾਂ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਿਚ ਕਿਹਾ ਕਿ ਭਾਵੇਂ ਦਿੱਲੀ ਪੁਲੀਸ ’ਤੇ ਦਬਾਅ ਹੈ ਪਰ ਪੂਰਾ ਦੇਸ਼ ਪਹਿਲਵਾਨਾਂ ਨਾਲ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਪੁਲੀਸ ਨੇ ਪਹਿਲਵਾਨਾਂ ਨੂੰ ਵਿਰੋਧ ਪ੍ਰਦਰਸ਼ਨ ਬੰਦ ਕਰਨ ਲਈ ਕਿਹਾ ਹੈ। ਨਵੀਂ ਦਿੱਲੀ ਦੇ ਡਿਪਟੀ ਕਮਿਸ਼ਨਰ ਆਫ ਪੁਲੀਸ (ਡੀਸੀਪੀ) ਪ੍ਰਣਵ ਤਾਇਲ ਨੇ ਕਿਹਾ ਕਿ ਪਹਿਲਵਾਨਾਂ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ’ਤੇ ਜਾਂਚ ਪੂਰੀ ਤਨਦੇਹੀ ਨਾਲ ਕੀਤੀ ਜਾ ਰਹੀ ਹੈ। 

Add a Comment

Your email address will not be published. Required fields are marked *