CM ਮਾਨ ਨੇ 409 ਨੌਜਵਾਨਾਂ ਨੂੰ ਸੌਂਪੇ ਨਿਯੁਕਤੀ ਪੱਤਰ

ਜਲੰਧਰ- ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਪਿਛਲੇ ਇਕ ਸਾਲ ਦੌਰਾਨ 28,873 ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਬੀਤੇ ਦਿਨ ਉਨ੍ਹਾਂ ਨੇ 409 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ ਸਨ, ਜਿਨ੍ਹਾਂ ਵਿਚ ਲੋਕਲ ਬਾਡੀ ਵਿਭਾਗ ਵਿਚ 105, ਤਕਨੀਕੀ ਸਿੱਖਿਆ ਵਿਭਾਗ ਵਿਚ 117, ਪੀ. ਡਬਲਿਊ. ਡੀ. ਵਿਭਾਗ ਵਿਚ 58 ਅਤੇ ਜਨਰਲ ਐਡਮਨਿਸਟ੍ਰੇਸ਼ਨ ਵਿਚ 80 ਕਲਰਕਾਂ ਦੀਆਂ ਨਿਯੁਕਤੀਆਂ ਸ਼ਾਮਲ ਹਨ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਟੀਮ ਵਰਕ ਦੇ ਰੂਪ ਵਿਚ ਕੰਮ ਕਰਨਾ ਹੈ। ਇਕੱਲਾ ਮੁੱਖ ਮੰਤਰੀ ਜਾਂ ਸਰਕਾਰੀ ਅਧਿਕਾਰੀ ਕੁਝ ਨਹੀਂ ਕਰ ਸਕਦੇ। ਉਨ੍ਹਾਂ ਨਿਯੁਕਤੀ ਪੱਤਰ ਲੈਣ ਵਾਲੇ ਨੌਜਵਾਨਾਂ ਨੂੰ ਕਿਹਾ ਕਿ ਉਹ ਕਿਸੇ ਨੂੰ ਵੀ ਨਿਰਾਸ਼ ਨਾ ਕਰਨ ਅਤੇ ਸਾਰਿਆਂ ਨੂੰ ਈਮਾਨਦਾਰੀ ਨਾਲ ਆਪਣੀਆਂ ਸੇਵਾਵਾਂ ਦੇਣ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਦੇ ਹੱਥਾਂ ਵਿਚ ਉੱਚੀਆਂ ਡਿਗਰੀਆਂ ਤੇ ਮੈਡਲ ਹੋਣੇ ਚਾਹੀਦੇ ਹਨ। ਪੰਜਾਬ ’ਚ ਨੌਜਵਾਨਾਂ ਵਿਚ ਟੈਲੇਂਟ ਦੀ ਕੋਈ ਕਮੀ ਨਹੀਂ। ਪੂਰੇ ਸੰਸਾਰ ਵਿਚ ਪੰਜਾਬੀਆਂ ਨੇ ਸਫਲਤਾ ਦਾ ਝੰਡਾ ਲਹਿਰਾਇਆ ਹੈ। ਗੁਰੂਆਂ ਨੇ ਸਾਨੂੰ ਗਰੀਬਾਂ ਦੇ ਹੱਕ ਵਿਚ ਲੜਨਾ ਸਿਖਾਇਆ ਹੈ। ਨੌਕਰੀ ਲੈਣ ਵਾਲਿਆਂ ਦੀ ਜਨਮ ਤੇ ਕਰਮ ਭੂਮੀ ਪੰਜਾਬ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੇ ਮੇਰੇ ਉੱਪਰ ਭਰੋਸਾ ਕੀਤਾ ਹੈ, ਜਿਸ ਕਾਰਨ ਅੱਜ ਮੈਂ ਮੁੱਖ ਮੰਤਰੀ ਦੇ ਅਹੁਦੇ ’ਤੇ ਬਿਰਾਜਮਾਨ ਹਾਂ। ਇਸ ਤੋਂ ਪਹਿਲਾਂ ਸਿਆਸਤਦਾਨ ਮਹੱਲਾਂ ਵਿਚ ਬੈਠੇ ਰਹਿੰਦੇ ਸਨ ਅਤੇ ਲੋਕ ਉਨ੍ਹਾਂ ਨੂੰ ਮਿਲ ਨਹੀਂ ਸਕਦੇ ਸਨ। ਸਾਨੂੰ ਲੋਕਾਂ ਨੇ ਮੌਕਾ ਦਿੱਤਾ ਹੈ ਅਤੇ ਅਸੀਂ ਆਪਣੀ ਜ਼ਿੰਮੇਵਾਰੀ ਈਮਾਨਦਾਰੀ ਨਾਲ ਨਿਭਾਵਾਂਗੇ। ਇਸ ਮੌਕੇ ’ਤੇ ਪੰਜਾਬ ਦੇ ਪੀ. ਡਬਲਿਊ. ਡੀ. ਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ. ਟੀ. ਓ. ਵੀ ਮੌਜੂਦ ਸਨ।

Add a Comment

Your email address will not be published. Required fields are marked *