ਨੂੰਹ ਨੇ ਹੀ ਸੱਸ ਨੂੰ ਉਤਾਰਿਆ ਸੀ ਮੌਤ ਦੇ ਘਾਟ, ਪੁਲਸ ਨੇ 24 ਘੰਟਿਆਂ ’ਚ ਸੁਲਝਾਈ ਕਤਲ ਦੀ ਗੁੱਥੀ

ਗੁਰੂ ਕਾ ਬਾਗ –ਪੁਲਸ ਥਾਣਾ ਝੰਡੇਰ ਅਧੀਨ ਆਉਂਦੇ ਪਿੰਡ ਸੈਂਸਰਾ ਕਲਾਂ ਵਿਖੇ ਇਕ ਬਜ਼ੁਰਗ ਔਰਤ ਦੇ ਕਤਲ ਦੀ ਗੁੱਥੀ ਨੂੰ ਥਾਣਾ ਝੰਡੇਰ ਦੀ ਪੁਲਸ ਨੇ 24 ਘੰਟਿਆਂ ਅੰਦਰ ਹੀ ਸੁਲਝਾਉਂਦਿਆਂ ਕਤਲ ਕਰਨ ਵਾਲੀ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਝੰਡੇਰ ਦੇ ਐੱਸ. ਐੱਚ. ਓ. ਸਤਨਾਮ ਸਿੰਘ ਨੇ ਦੱਸਿਆ ਕਿ ਪਿੰਡ ਸੈਂਸਰਾ ਕਲਾਂ ’ਚ 24 ਫਰਵਰੀ ਨੂੰ ਇਕ ਔਰਤ ਅਮਰਜੀਤ ਕੌਰ ਪਤਨੀ ਚੰਨਣ ਸਿੰਘ ਦੇ ਕਤਲ ਸਬੰਧੀ ਮ੍ਰਿਤਕ ਔਰਤ ਦੇ ਭਰਾ ਮਹਿੰਦਰ ਸਿੰਘ ਵਾਸੀ ਬੱਲ ਸਚੰਦਰ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ 302 ਅਧੀਨ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਦੀ ਪੁਲਸ ਵੱਲੋਂ ਬੜੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਸੀ।

ਇਸੇ ਦੌਰਾਨ ਪੁਲਸ ਨੂੰ ਉਦੋ ਵੱਡੀ ਸਫਲਤਾ ਮਿਲੀ ਜਦੋ ਮ੍ਰਿਤਕ ਔਰਤ ਦੀ ਨੂੰਹ ਨਰਿੰਦਰਜੀਤ ਕੌਰ ਪਤਨੀ ਸੁਰਜੀਤ ਸਿੰਘ ਨੂੰ ਸ਼ੱਕ ਦੇ ਅਧਾਰ ਤੇ ਹਿਰਾਸਤ ਵਿੱਚ ਲੈ ਕੇ ਸਖਤੀ ਨਾਲ ਕੀਤੀ ਗਈ ਪੁੱਛਗਿੱਛ ‘ਚ ਉਸਨੇ ਮੰਨਿਆਂ ਕਿ ਮੇਰੀ ਸੱਸ ਨਾਲ ਅਕਸਰ ਮੇਰੀ ਲੜਾਈ ਰਹਿੰਦੀ ਸੀ ਤੇ ਅੱਕ ਕੇ ਮੈ ਪਹਿਲਾਂ ਤਾਂ ਉਸਦੇ ਸਿਰ ਵਿੱਚ ਬਾਲਾ ਮਾਰਿਆ, ਫੇਰ ਕਰੰਟ ਲਾਇਆ ਤੇ ਅਖੀਰ ‘ਚ ਉਸ ਨੂੰ ਰੱਸੀ ਨਾਲ ਫਾਹ ਦੇ ਕੇ ਮਾਰ ਦਿੱਤਾ ਤੇ ਆਪਣੇ ਰਿਸ਼ਤੇਦਾਰਾਂ ਨੂੰ ਝੂਠ ਬੋਲਿਆ ਕਿ ਉਸਦੀ ਕਰੰਟ ਲੱਗਣ ਨਾਲ ਮੌਤ ਹੀ ਗਈ ਹੈ। ਉਧਰ ਪੁਲਸ ਵੱਲੋ ਮੁਰਜਮ ਔਰਤ ਨਰਿੰਦਰਜੀਤ ਕੌਰ ਨੂੰ ਕਤਲ ‘ਚ ਵਰਤਿਆ ਗਿਆ ਬਾਲਾ, ਰੱਸੀ ਤੇ ਕਰੰਟ ਵਾਲੀ ਤਾਰ ਸਮੇਤ ਗ੍ਰਿਫਤਾਰ ਕਰਕੇ ਅੱਜ ਜੁਡੀਸ਼ੀਅਲ ਮੈਜਿਸਟਰੇਟ ਅਜਨਾਲਾ ਮਿਸ ਚਰਨਪ੍ਰੀਤ ਕੌਰ ਦੀ ਅਦਾਲਤ ਵਿੱਚ ਪੇਸ਼ ਕਰਕੇ ੨ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ।

Add a Comment

Your email address will not be published. Required fields are marked *