“ਬਦਲ ਰਿਹਾ ਹੈ ਭਾਰਤ, 2030 ਤੱਕ ਹੋਏਗਾ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ”

ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਐਤਵਾਰ ਨੂੰ ਇੱਥੇ ਕਿਹਾ ਕਿ ਭਾਰਤ ਬਦਲ ਰਿਹਾ ਹੈ ਅਤੇ 2030 ਤੱਕ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ। ਹਰਿਆਣਾ ਦੇ ਕੈਥਲ ‘ਚ ਸੰਤ ਧੰਨਾ ਭਗਤ ਦੀ ਜਯੰਤੀ ‘ਤੇ ਰਾਜ ਪੱਧਰੀ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਧਨਖੜ ਨੇ ਕਿਹਾ ਕਿ ਦੁਨੀਆ ‘ਚ ਭਾਰਤ ਦਾ ਵੱਕਾਰ ਪਹਿਲਾਂ ਕਦੇ ਵੀ ਇੰਨਾ ਉੱਚਾ ਨਹੀਂ ਸੀ, ਜਿੰਨਾ ਹੁਣ ਹੈ। ਇਸ ਪ੍ਰੋਗਰਾਮ ‘ਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਵੀ ਸ਼ਿਰਕਤ ਕੀਤੀ। ਉਪ ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ ਦੇ ਇਤਿਹਾਸ ਵਿੱਚ ਸੰਤਾਂ ਦਾ ਯੋਗਦਾਨ ਬੇਮਿਸਾਲ ਰਿਹਾ ਹੈ।

ਉਪ ਰਾਸ਼ਟਰਪਤੀ ਨੇ ਕਿਹਾ, “ਅੱਜ ਦੇਸ਼ ਕੁਝ ਅਜਿਹਾ ਦੇਖ ਰਿਹਾ ਹੈ, ਜਿਸ ਦੀ ਪਹਿਲਾਂ ਕਦੇ ਕਲਪਨਾ ਵੀ ਨਹੀਂ ਕੀਤੀ ਗਈ ਸੀ, ਭਾਰਤ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਿਆ ਹੈ, ਜਿਸ ਨੇ ਸਾਡੇ ‘ਤੇ 200 ਸਾਲ ਰਾਜ ਕਰਨ ਵਾਲੇ ਅੰਗਰੇਜ਼ਾਂ ਨੂੰ ਪਿੱਛੇ ਛੱਡ ਦਿੱਤਾ ਹੈ ਤੇ ਇਸ ਵਿੱਚ ਕਿਸਾਨਾਂ ਅਤੇ ਮਜ਼ਦੂਰਾਂ ਦਾ ਵੱਡਾ ਯੋਗਦਾਨ ਹੈ।” ਉਨ੍ਹਾਂ ਕਿਹਾ, “ਇਸ ਦਹਾਕੇ ਦੇ ਅੰਤ ਤੱਕ… ਭਾਰਤ ਧਰਤੀ ‘ਤੇ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਹੋਵੇਗਾ।

ਅਯੁੱਧਿਆ ‘ਚ ਰਾਮ ਮੰਦਰ ਦੇ ਨਿਰਮਾਣ ਦਾ ਜ਼ਿਕਰ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਕਈ ਲੋਕਾਂ ਨੇ ਸ਼ੱਕ ਜਤਾਇਆ ਸੀ ਕਿ ਇਹ (ਰਾਮ ਮੰਦਰ) ਕਦੇ ਬਣੇਗਾ ਜਾਂ ਨਹੀਂ ਪਰ ਅੱਜ ਇਹ ਹਕੀਕਤ ਹੈ। ਉਨ੍ਹਾਂ ਕਿਹਾ ਕਿ ਮੰਦਰ ਦਾ ਨਿਰਮਾਣ ਪ੍ਰਾਚੀਨ ਭਾਰਤੀ ਵਾਸਤੂਕਲਾ ਦੇ ਅਨੁਸਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਭਾਰਤੀ ਸਮਾਜ ਵਿੱਚ ਸੰਤਾਂ ਦੀਆਂ ਕਦਰਾਂ-ਕੀਮਤਾਂ ਨੂੰ ਉਜਾਗਰ ਕਰਨ ਲਈ ਇਕ ਹਿੰਦੀ ਫਿਲਮ ਦੇ ਸੰਵਾਦ ਦਾ ਹਵਾਲਾ ਦਿੱਤਾ।

ਧਨਖੜ ਨੇ ਹਰਿਆਣਾ ਸਰਕਾਰ ਵੱਲੋਂ ਧੰਨਾ ਭਗਤ ਦੀ ਜਯੰਤੀ ਵੱਡੇ ਪੱਧਰ ‘ਤੇ ਮਨਾਉਣ ਦੀ ਸ਼ਲਾਘਾ ਕੀਤੀ। ਇਸ ਮੌਕੇ ਸੀਐੱਮ ਖੱਟੜ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਸਰਕਾਰ ਧਨੌਰੀ ਜਾਂ ਆਸ-ਪਾਸ ਦੇ ਇਲਾਕੇ ਵਿੱਚ ਧੰਨਾ ਭਗਤ ਦਾ ਵੱਡਾ ਬੁੱਤ ਸਥਾਪਤ ਕਰੇਗੀ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਕੈਥਲ ਵਿੱਚ ਬਣ ਰਹੇ ਮੈਡੀਕਲ ਕਾਲਜ ਦਾ ਨਾਂ ਧੰਨਾ ਭਗਤ ਦੇ ਨਾਂ ’ਤੇ ਰੱਖਿਆ ਜਾਵੇਗਾ।

ਇਸ ਪ੍ਰੋਗਰਾਮ ਵਿੱਚ ਉਪ ਰਾਸ਼ਟਰਪਤੀ ਨੇ ਕਿਹਾ ਕਿ ਕਿਸਾਨ ਦੇਸ਼ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹਨ ਅਤੇ ਇਕ ਸਰਕਾਰੀ ਯੋਜਨਾ ਤਹਿਤ 11 ਕਰੋੜ ਤੋਂ ਵੱਧ ਕਿਸਾਨਾਂ ਨੂੰ 2.25 ਲੱਖ ਕਰੋੜ ਰੁਪਏ ਤੋਂ ਵੱਧ ਦੀ ਅਦਾਇਗੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਭਾਰਤ ਬਦਲ ਰਿਹਾ ਹੈ, ਟੈਕਨਾਲੋਜੀ ਕਾਰਨ ਲੋਕਾਂ ਨੂੰ ਸਿੱਧਾ ਲਾਭ ਮਿਲ ਰਿਹਾ ਹੈ।

ਧਨਖੜ ਨੇ ਕੋਵਿਡ-19 ਮਹਾਮਾਰੀ ਦੌਰਾਨ ਧਾਰਮਿਕ ਆਗੂਆਂ ਵੱਲੋਂ ਨਿਭਾਈ ਗਈ ਭੂਮਿਕਾ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ, ”ਸਾਡੇ ਸੰਤਾਂ ਨੇ ਕੋਵਿਡ-19 ਦੌਰਾਨ ਲੋੜਵੰਦਾਂ ਦੀ ਮਦਦ ਕਰਨ ਲਈ ਸਾਰਿਆਂ ਨੂੰ ਉਤਸ਼ਾਹਿਤ ਕੀਤਾ ਤੇ ਉਸ ਸਮੇਂ ਸਾਡੇ ਦੇਸ਼ ‘ਚ ਕੋਈ ਸੰਕਟ ਨਹੀਂ ਸੀ।” ਉਨ੍ਹਾਂ ਖਾਪ ਪੰਚਾਇਤਾਂ ਵੱਲੋਂ ਨਿਭਾਈ ਗਈ ਭੂਮਿਕਾ ਦੀ ਵੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਮਜ਼ਬੂਤ ਹਨ। ਧਨਖੜ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਆਪਣਾ ਖੂਨ-ਪਸੀਨਾ ਵਹਾਉਣ ਵਾਲਿਆਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਧਨਖੜ, ਉਨ੍ਹਾਂ ਦੀ ਪਤਨੀ ਅਤੇ ਖੱਟੜ ਨੇ ਧਨੌਰੀ ਪਿੰਡ ਦੇ ਧੰਨਾ ਭਗਤ ਮੰਦਰ ‘ਚ ਪੂਜਾ-ਅਰਚਨਾ ਵੀ ਕੀਤੀ।

Add a Comment

Your email address will not be published. Required fields are marked *