ਰਾਹੁਲ ਗਾਂਧੀ ਮਾਮਲਾ: ਖੜਗੇ ਵੱਲੋਂ ਵਿਰੋਧੀ ਪਾਰਟੀਆਂ ਦੇ ਆਗੂਆਂ ਨਾਲ ਮੀਟਿੰਗ, ਬਣਾਈ ਅਗਲੀ ਰਣਨੀਤੀ

ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਦੀ ਰਿਹਾਇਸ਼ ‘ਤੇ ਸੋਮਵਾਰ ਦੇਰ ਸ਼ਾਮ ਕਈ ਵਿਰੋਧੀ ਪਾਰਟੀਆਂ ਦੇ ਆਗੂਆਂ ਦੀ ਮੀਟਿੰਗ ਹੋਈ, ਜਿਸ ਵਿਚ ਰਾਹੁਲ ਗਾਂਧੀ ਨੂੰ ਲੋਕ ਸਭਾ ਦੀ ਮੈਂਬਰਸ਼ਿਪ ਤੋਂ ਅਯੋਗ ਠਹਿਰਾਏ ਜਾਣ ਖ਼ਿਲਾਫ਼ ਤੇ ਅਡਾਨੀ ਸਮੂਹ ਨਾਲ ਜੁੜੇ ਮਾਮਲੇ ਵਿਚ ਸੰਯੁਕਤ ਸੰਸਦੀ ਸਮਿਤੀ (ਜੇ.ਪੀ.ਸੀ.) ਗਠਿਤ ਕਰਨ ਦੀ ਮੰਗ ਨੂੰ ਲੈ ਕੇ ਅਗਲੇਰੀ ਰਣਨੀਤੀ ‘ਤੇ ਚਰਚਾ ਕੀਤੀ ਗਈ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। 

ਖੜਗੇ ਨੇ ਆਪਣੀ ਰਿਹਾਇਸ਼ ‘ਤੇ ਪਾਰਟੀ ਦੇ ਸਿਖਰਲੇ ਆਗੂਆਂ ਦੇ ਨਾਲ ਸਮਾਨ ਵਿਚਾਰਧਾਰਾ ਵਾਲੀਆਂ ਸਾਰੀਆਂ ਪਾਰਟੀਆਂ ਦੇ ਆਗੂਆਂ ਨੂੰ ਰਾਤ ਦੀ ਰੋਟੀ ‘ਤੇ ਮੀਟਿੰਗ ਲਈ ਸੱਦਾ ਦਿੱਤਾ ਸੀ। ਇਸ ਮੀਟਿੰਗ ਵਿਚ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ, ਦ੍ਰਮੁਕ ਆਗੂ ਟੀ.ਆਰ. ਬਾਲੂ, ਤ੍ਰਿਣਮੂਲ ਕਾਂਗਰਸ ਦੇ ਜਵਾਹਰ ਸਰਕਾਰ, ਸਮਾਜਵਾਦੀ ਪਾਰਟੀ ਦੇ ਰਾਮਗੋਪਾਲ ਯਾਦਵ, ਜਨਤਾ ਦਲ (ਯੂਨਾਈਟਿਡ) ਪ੍ਰਧਾਨ ਰਾਜੀਵ ਰੰਜਨ ਉਰਫ਼ ਲੱਲਨ ਸਿੰਘ, ਨੈਸ਼ਨਲ ਕਾਨਫਰੰਸ ਦੇ ਹਸਨੈਨ ਮਸੂਦੀ, ਝਾਰਖੰਡ ਮੁਕਤੀ ਮੋਰਚਾ ਦੀ ਮਹੂਆ ਮਾਂਝੀ ਤੇ ਕਈ ਹੋਰ ਵਿਰੋਧੀ ਆਗੂ ਸ਼ਾਮਲ ਹੋਏ। ਹਾਲਾਂਕਿ ਮੀਟਿੰਗ ਵਿਚ ਸ਼ਿਵਸੈਨਾ (ਊਧਵ ਬਾਲਾ ਸਾਹਿਬ ਠਾਕਰੇ) ਦਾ ਕੋਈ ਮੈਂਬਰ ਸ਼ਾਮਲ ਨਹੀਂ ਹੋਇਆ। ਮੰਨਿਆ ਜਾ ਰਿਹਾ ਹੈ ਕਿ ਵਿਨਾਇਕ ਦਾਮੋਦਰ ਸਾਵਰਕਰ ‘ਤੇ ਰਾਹੁਲ ਗਾਂਧੀ ਦੀ ਟਿੱਪਣੀ ਦੇ ਚਲਦਿਆਂ ਊਧਵ ਠਾਕਰੇ ਦੀ ਪਾਰਟੀ ਨੇ ਇਸ ਮੀਟਿੰਗ ਤੋਂ ਦੂਰੀ ਬਣਾਈ ਹੈ।

ਇਸ ਤੋਂ ਪਹਿਲਾਂ ਦਿਨ ਵਿਚ ਵਿਰੋਧੀ ਆਗੂਆਂ ਨੇ ਰਾਹੁਲ ਗਾਂਧੀ ਨੂੰ ਲੋਕ ਸਭਾ ਦੀ ਮੈਂਬਰਸ਼ਿਪ ਤੋਂ ਅਯੋਗ ਠਹਿਰਾਏ ਜਾਣ ਖ਼ਿਲਾਫ਼ ਤੇ ਅਡਾਨੀ ਸਮੂਹ ਨਾਲ ਜੁੜੇ ਮਾਮਲੇ ਵਿਚ ਜੇ.ਪੀ.ਸੀ. ਗਠਿਤ ਕਰਨ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ। ਕਾਂਗਰਸ ਤੇ ਕੁੱਝ ਹੋਰ ਸਹਿਯੋਗੀ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਰਾਹੁਲ ਗਾਂਧੀ ਦੇ ਖ਼ਿਲਾਫ਼ ਹੋਈ ਕਾਰਵਾਈ ਦੇ ਵਿਰੋਧ ਵਿਚ ਕਾਲੇ ਕਪੜੇ ਪਾਏ ਹੋਏ ਸਨ। ਵਿਰੋਧੀ ਆਗੂਆਂ ਨੇ ਪਹਿਲਾਂ ਸੰਸਦ ਪਰਿਸਰ ਵਿਚ ਧਰਨਾ ਦਿੱਤਾ ਅਤੇ ਫਿਰ ਵਿਜੇ ਚੌਕ ਤਕ ਮਾਰਚ ਕੱਢਿਆ।

Add a Comment

Your email address will not be published. Required fields are marked *