ਦਿੱਲੀ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ, ਸਰਕਾਰ ਵੱਲੋਂ ਸਖ਼ਤ ਹੁਕਮ ਜਾਰੀ

ਨਵੀਂ ਦਿੱਲੀ : ਦਿੱਲੀ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਬਣ ਗਿਆ ਹੈ। ਸਵਿੱਸ ਸਮੂਹ ਦੇ ਰੀਅਲ ਟਾਈਮ ਡਾਟਾ ਅਨੁਸਾਰ, ਐਤਵਾਰ ਸਵੇਰੇ 11.45 ਵਜੇ ਦਿੱਲੀ ਦਾ ਹਵਾ ਗੁਣਵੱਤਾ ਸੂਚਕ ਅੰਕ 454 ਦਰਜ ਕੀਤਾ ਗਿਆ। ਵਰਲਡ ਏਅਰ ਕੁਆਲਿਟੀ ਇੰਡੈਕਸ ਮੁਤਾਬਕ ਦੁਨੀਆ ਦੇ 10 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ’ਚ ਭਾਰਤ ਦੇ ਤਿੰਨ ਸ਼ਹਿਰ ਸ਼ਾਮਲ ਹਨ। ਇਨ੍ਹਾਂ ’ਚ ਦਿੱਲੀ ਟਾਪ ’ਤੇ ਹੈ, ਜਦਕਿ ਕੋਲਕਾਤਾ ਤੀਜੇ ਅਤੇ ਮੁੰਬਈ 5ਵੇਂ ਸਥਾਨ ’ਤੇ ਹੈ। ਪਾਕਿਸਤਾਨ ਦਾ ਲਾਹੌਰ ਸ਼ਹਿਰ ਦੂਜੇ ਨੰਬਰ ’ਤੇ ਹੈ।

ਕੇਂਦਰ ਸਰਕਾਰ ਨੇ ਦਿੱਲੀ-ਐੱਨ. ਸੀ. ਆਰ. ’ਚ ਪ੍ਰਾਜੈਕਟਾਂ ਨਾਲ ਸਬੰਧਤ ਨਿਰਮਾਣ ਕਾਰਜ ਅਤੇ ਪ੍ਰਦੂਸ਼ਣ ਫੈਲਾਉਣ ਵਾਲੇ ਟਰੱਕਾਂ ਤੇ ਚਾਰ-ਪਹੀਆ ਕਮਰਸ਼ੀਅਲ ਵਾਹਨਾਂ ਦੇ ਰਾਸ਼ਟਰੀ ਰਾਜਧਾਨੀ ’ਚ ਦਾਖ਼ਲੇ ’ਤੇ ਐਤਵਾਰ ਨੂੰ ਪਾਬੰਦੀ ਲਾਉਣ ਦਾ ਹੁਕਮ ਜਾਰੀ ਕੀਤਾ। ਇਹ ਨਿਯਮ ਕੇਂਦਰ ਦੀ ਹਵਾ ਪ੍ਰਦੂਸ਼ਣ ਕੰਟਰੋਲ ਯੋਜਨਾ ਦੇ ਆਖਰੀ ਚੌਥੇ ਪੜਾਅ ਤਹਿਤ ਲਾਗੂ ਕੀਤੇ ਗਏ ਹਨ, ਜੋ ਰਾਜਧਾਨੀ ’ਚ ਹਵਾ ਗੁਣਵੱਤਾ ਸੂਚਕ ਅੰਕ ਦੇ 450 ਨੂੰ ਪਾਰ ਕਰਨ ਤੋਂ ਘੱਟੋ-ਘੱਟ ਤਿੰਨ ਦਿਨ ਪਹਿਲਾਂ ਲਾਗੂ ਕੀਤਾ ਜਾਂਦਾ ਹੈ। ਗ੍ਰੈਜੁਅਲ ਰਿਸਪਾਂਸ ਐਕਸ਼ਨ ਪਲਾਨ (ਜੀ. ਆਰ. ਏ. ਪੀ.) ਦੇ ਚੌਥੇ ਅਤੇ ਆਖਰੀ ਪੜਾਅ ਤਹਿਤ ਦੂਜੇ ਸੂਬਿਆਂ ਤੋਂ ਸਿਰਫ਼ ਸੀ. ਐੱਨ. ਜੀ., ਇਲੈਕਟ੍ਰਿਕ ਅਤੇ ਬੀ. ਐੱਸ.-6 ਸਟੈਂਡਰਡ ਦੀ ਪਾਲਣਾ ਕਰਨ ਵਾਲੇ ਵਾਹਨਾਂ ਨੂੰ ਦਿੱਲੀ ’ਚ ਦਾਖਲੇ ਦੀ ਆਗਿਆ ਹੈ।

ਰਾਸ਼ਟਰੀ ਰਾਜਧਾਨੀ ’ਚ ਪ੍ਰਦੂਸ਼ਣ ਦੇ ਵਧਦੇ ਪੱਧਰ ਨੂੰ ਦੇਖਦੇ ਹੋਏ ਦਿੱਲੀ ਸਰਕਾਰ ਨੇ 5ਵੀਂ ਜਮਾਤ ਤੱਕ ਦੇ ਸਕੂਲਾਂ ਨੂੰ 10 ਨਵੰਬਰ ਤੱਕ ਬੰਦ ਰੱਖਣ ਦਾ ਫ਼ੈਸਲਾ ਕੀਤਾ ਹੈ। ਦਿੱਲੀ ਦੀ ਸਿੱਖਿਆ ਮੰਤਰੀ ਆਤਿਸ਼ੀ ਨੇ ਐਕਸ ’ਤੇ ਸਕੂਲਾਂ ਨੂੰ ਬੰਦ ਰੱਖਣ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕਿਉਂਕਿ ਪ੍ਰਦੂਸ਼ਣ ਦਾ ਪੱਧਰ ਲਗਾਤਾਰ ਵਧਿਆ ਹੋਇਆ ਹੈ, ਇਸ ਲਈ ਦਿੱਲੀ ’ਚ ਪ੍ਰਾਇਮਰੀ ਸਕੂਲ 10 ਨਵੰਬਰ ਤੱਕ ਬੰਦ ਰਹਿਣਗੇ। ਉਨ੍ਹਾਂ ਕਿਹਾ ਕਿ ਜਮਾਤ 6ਵੀਂ ਤੋਂ 12ਵੀਂ ਤੱਕ ਲਈ ਸਕੂਲਾਂ ਨੂੰ ਆਨਲਾਈਨ ’ਚ ਸ਼ਿਫਟ ਹੋਣ ਦਾ ਬਦਲ ਦਿੱਤਾ ਜਾ ਰਿਹਾ ਹੈ।

ਵਧਦੇ ਪ੍ਰਦੂਸ਼ਣ ਦੇ ਮੱਦੇਨਜ਼ਰ ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਅੱਜ ਸਾਰੇ ਸਬੰਧਤ ਵਿਭਾਗਾਂ ਦੀ ਮੀਟਿੰਗ ਬੁਲਾਈ ਹੈ। ਮੀਟਿੰਗ GRAP-4 ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਬੁਲਾਈ ਗਈ ਹੈ। ਘਰ ਤੋਂ ਕੰਮ ਕਰਨ ਅਤੇ ਔਡ-ਈਵਨ ਫਾਰਮੂਲੇ ਨੂੰ ਵੀ ਲਾਗੂ ਕੀਤਾ ਜਾ ਸਕਦਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਨੂੰ ਹੋਣ ਵਾਲੀ ਬੈਠਕ ‘ਚ ਦਿੱਲੀ ਸਰਕਾਰ, ਨਵੀਂ ਦਿੱਲੀ ਨਗਰ ਕੌਂਸਲ, ਦਿੱਲੀ ਨਗਰ ਨਿਗਮ ਅਤੇ ਨਿੱਜੀ ਦਫ਼ਤਰਾਂ ‘ਚ ਕਰਮਚਾਰੀਆਂ ਦੀ ਸਮਰੱਥਾ ਨੂੰ 50 ਫ਼ੀਸਦੀ ਤੱਕ ਵਧਾਉਣ ਦਾ ਫ਼ੈਸਲਾ ਲਿਆ ਜਾ ਸਕਦਾ ਹੈ। 

Add a Comment

Your email address will not be published. Required fields are marked *