IPL 2023: ਕਪਤਾਨ ਸੈਮ ਕਰਨ ਤੋਂ ਬਾਅਦ ਅਰਸ਼ਦੀਪ ਦਾ ਜ਼ਬਰਦਸਤ ਪ੍ਰਦਰਸ਼ਨ

ਆਈ.ਪੀ.ਐੱਲ. 2023 ਵਿਚ ਅੱਜ ਪੰਜਾਬ ਕਿੰਗਜ਼ ਤੇ ਮੁੰਬਈ ਇੰਡੀਅਨਜ਼ ਦੀਆਂ ਟੀਮਾਂ ਆਹਮੋ ਸਾਹਮਣੇ ਸਨ। ਪੰਜਾਬ ਦੇ ਬੱਲੇਬਾਜ਼ਾਂ ਦੇ ਧਾਕੜ ਪ੍ਰਦਰਸ਼ਨ ਤੋਂ ਬਾਅਦ ਗੇਂਦਬਾਜ਼ਾਂ ਨੇ ਵੀ ਸ਼ਾਨਦਾਰ ਗੇਂਦਬਾਜ਼ੀ ਕੀਤੀ ਤੇ 13 ਦੌੜਾਂ ਨਾਲ ਮੈਚ ਆਪਣੇ ਨਾਂ ਕਰ ਲਿਆ। ਅਰਸ਼ਦੀਪ ਸਿੰਘ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 4 ਵਿਕਟਾਂ ਲਈਆਂ। ਅਖ਼ੀਰਲੇ ਓਵਰ ਵਿਚ ਜਦੋਂ ਮੈਚ ਬੇਹੱਦ ਫੱਸਵਾਂ ਜਾਪ ਰਿਹਾ ਸੀ ਤਾਂ ਅਰਸ਼ਦੀਪ ਸਿੰਘ ਨੇ 2 ਗੇਂਦਾਂ ਵਿਚ ਲਗਾਤਾਰ 2 ਬੋਲਡ ਕੀਤੇ। ਇਸ ਦੌਰਾਨ ਉਸ ਨੇ ਤਿਲਕ ਵਰਮਾ ਤੇ ਨੇਹਾਲ ਨੂੰ ਕਲੀਨ ਬੋਲਡ ਕਰਦਿਆਂ ਮਿਡਲ ਸਟੰਪ ਹੀ ਤੋੜ ਦਿੱਤੇ। 

ਮੁੰਬਈ ਇੰਡੀਅਨਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫ਼ੈਸਲਾ ਲਿਆ ਸੀ। ਪਾਵਰਪਲੇ ਵਿਚ ਪੰਜਾਬ ਦੀ ਚੰਗੀ ਸ਼ੁਰੂਆਤ ਤੋਂ ਬਾਅਦ ਮੁੰਬਈ ਦੇ ਗੇਂਦਬਾਜ਼ਾਂ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਤੇ ਦੌੜਾਂ ਦੇ ਮਾਮਲੇ ‘ਚ ਹੱਥ ਘੁੱਟ ਕੇ ਰੱਖਿਆ। ਪਰ ਅਖ਼ੀਰ ਵਿਚ ਸੈਮ ਕਰਨ, ਹਰਪ੍ਰੀਤ ਸਿੰਘ ਤੇ ਜਿਤੇਸ਼ ਸ਼ਰਮਾ ਨੇ ਧਮਾਕੇਦਾਰ ਬੱਲੇਬਾਜ਼ੀ ਕੀਤੀ।

15 ਓਵਰਾਂ ਵਿਚ ਪੰਜਾਬ ਦਾ ਸਕੋਰ 118 ਤਕ ਹੀ ਪਹੁੰਚਿਆ ਸੀ ਜੋ ਮੁੰਬਈ ਦੇ ਸਟੇਡੀਅਮ ਦੇ ਹਿਸਾਬ ਨਾਲ ਬਹੁਤ ਘੱਟ ਜਾਪਦਾ ਸੀ। ਪਰ ਅਖ਼ੀਰ ਵਿਚ ਉਕਤ ਤਿੰਨੋ ਬੱਲੇਬਾਜ਼ਾਂ ਨੇ ਤੂਫ਼ਾਨੀ ਪਾਰੀਆਂ ਖੇਡੀਆਂ ਤੇ ਅਖ਼ੀਰਲੇ 5 ਓਵਰਾਂ ਵਿਚ 96 ਦੌੜਾਂ ਜੋੜੀਆਂ।

ਕਪਤਾਨ ਸੈਮ ਕਰਨ ਨੇ 29 ਗੇਂਦਾਂ ਵਿਚ 55 ਦੌੜਾਂ ਦੀ ਪਾਰੀ ਖੇਡੀ। ਪੰਜਾਬ ਨੇ 20 ਓਵਰਾਂ ਵਿਚ 8 ਵਿਕਟਾਂ ਗੁਆ ਕੇ 214 ਦੌੜਾਂ ਬਣਾਈਆਂ। 215 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਮੁੰਬਈ ਇੰਡੀਅਨਜ਼ ਦੀ ਟੀਮ ਨੂੰ ਅਰਸ਼ਦੀਪ ਸਿੰਘ ਨੇ ਆਪਣੇ ਪਹਿਲੇ ਹੀ ਓਵਰ ਵਿਚ ਝਟਕਾ ਦਿੱਤਾ। ਉਸ ਨੇ ਇਸ਼ਾਨ ਕਿਸ਼ਨ ਨੂੰ 1 ਸਕੋਰ ਬਣਾਉਣ ਤੋਂ ਬਾਅਦ ਹੀ ਪਵੇਲੀਅਨ ਪਰਤਾ ਦਿੱਤਾ। ਉਸ ਤੋਂ ਬਾਅਦ ਕਪਤਾਨ ਰੋਹਿਤ ਸ਼ਰਮਾ (44), ਕੈਮਰਾਨ ਗਰੀਨ (67), ਸੂਰਿਆਕੁਮਾਰ ਯਾਦਵ (57) ਤੇ ਟਿਮ ਡੇਵਿਡ (25) ਨੇ ਸ਼ਾਨਦਾਰ ਪਾਰੀਆਂ ਖੇਡੀਆਂ। ਪਰ ਆਪਣੀ ਟੀਮ ਨੂੰ ਜਿੱਤ ਤਕ ਨਹੀਂ ਪਹੁੰਚਾ ਸਕੇ।

ਅਖ਼ੀਰਲੇ ਓਵਰ ਵਿਚ ਜਦੋਂ ਮੁਕਾਬਲਾ ਬੇਹੱਦ ਫੱਸਵਾਂ ਜਾਪ ਰਿਹਾ ਸੀ ਤਾਂ ਅਰਸ਼ਦੀਪ ਸਿੰਘ ਨੇ ਲਗਾਤਾਰ 2 ਵਿਕਟਾਂ ਲੈ ਕੇ ਪੰਜਾਬ ਦੀ ਜਿੱਤ ਨੂੰ ਯਕੀਨੀ ਬਣਾਇਆ। ਮੁੰਬਈ ਇੰਡੀਅਨਜ਼ ਦੀ ਟੀਮ ਨਿਰਧਾਰਿਤ 20 ਓਵਰਾਂ ਵਿਚ 201 ਦੌੜਾਂ ਹੀ ਬਣਾ ਸਕੀ। ਇਸ ਤਰ੍ਹਾਂ ਪੰਜਾਬ ਨੇ ਮੁੰਬਈ ਨੂੰ 13 ਦੌੜਾਂ ਨਾਲ ਹਰਾ ਕੇ ਮੁਕਾਬਲਾ ਆਪਣੇ ਨਾਂ ਕਰ ਲਿਆ। 

Add a Comment

Your email address will not be published. Required fields are marked *