ਹਰਪਾਲ ਚੀਮਾ ਦੀ ਨਵਜੋਤ ਸਿੱਧੂ ਨੂੰ ਚੁਣੌਤੀ, ਕਿਹਾ- ਕਾਂਗਰਸ ਸਰਕਾਰ ਦੀਆਂ 10 ਪ੍ਰਾਪਤੀਆਂ ਹੀ ਗਿਣਾ ਦਿਓ

ਜਲੰਧਰ : ਆਮ ਆਦਮੀ ਪਾਰਟੀ ਨੇ ਨਵਜੋਤ ਸਿੰਘ ਸਿੱਧੂ ਦੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਅਤੇ ਝੂਠਾ ਕਰਾਰ ਦਿੰਦਿਆਂ ਕਿਹਾ ਕਿ ਅੰਮ੍ਰਿਤਸਰ ਦੇ ਲੋਕਾਂ ਨੇ ਸਿੱਧੂ ਨੂੰ ਨਕਾਰਨ ਅਤੇ ਆਪਣੇ ਕੀਤੇ ਅਪਰਾਧਾਂ ਲਈ ਜੇਲ੍ਹ ਜਾਣ ਦੇ ਬਾਵਜੂਦ ਸਿੱਧੂ ਨੇ ਕੋਈ ਸਬਕ ਨਹੀਂ ਸਿੱਖਿਆ। ‘ਆਪ’ ਦੇ ਸੀਨੀਅਰ ਆਗੂ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਤੇ ‘ਆਪ’ ਪੰਜਾਬ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨਾਲ ਇੱਥੇ ਜਲੰਧਰ ਵਿੱਚ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਨਵਜੋਤ ਸਿੱਧੂ ਨੂੰ ਯਾਦ ਕਰਵਾਇਆ ਕਿ ਉਨ੍ਹਾਂ ਨੇ ਕਿਸ ਤਰ੍ਹਾਂ ਕਾਂਗਰਸ ਸਰਕਾਰ ਦਾ ਹਿੱਸਾ ਹੁੰਦਿਆਂ ਕਦੇ ਵੀ ਪੰਜਾਬ ਦੇ ਭਲੇ ਲਈ ਆਪਣੀ ਆਵਾਜ਼ ਨਹੀਂ ਉਠਾਈ। ਹਰਪਾਲ ਚੀਮਾ ਨੇ ਨਵਜੋਤ ਸਿੱਧੂ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਕਾਂਗਰਸ ਸਰਕਾਰ ਦੌਰਾਨ ਕੋਈ 10 ਪ੍ਰਾਪਤੀਆਂ ਹੀ ਗਿਣਾ ਦਿਓ।

‘ਆਪ’ ਆਗੂ ਨੇ ਕਿਹਾ ਕਿ ਪੰਜਾਬ ‘ਚ 2017 ਤੋਂ 2022 ਤੱਕ ਕਾਂਗਰਸ ਦੀ ਸਰਕਾਰ ਰਹੀ ਅਤੇ ਸੱਤਾ ‘ਚ ਆਉਣ ਤੋਂ ਪਹਿਲਾਂ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਵੱਡੇ-ਵੱਡੇ ਸੁਪਨੇ ਵਿਖਾਏ ਸਨ। ਉਨ੍ਹਾਂ ਦੇ ਵਾਅਦਿਆਂ ਵਿੱਚ ‘ਘਰ-ਘਰ ਨੌਕਰੀ’, ਕਿਸਾਨਾਂ ਦੀ ਮੁਕੰਮਲ ਕਰਜ਼ਾ ਮੁਆਫੀ, ਮਾਫੀਆ ਰਾਜ ਅਤੇ ਭ੍ਰਿਸ਼ਟਾਚਾਰ ਨੂੰ ਖਤਮ ਕਰਨਾ, ਬੇਅਦਬੀ ਦੇ ਮਾਮਲਿਆਂ ‘ਚ ਨਿਆਂ, ਕੋਟਕਪੂਰਾ ਅਤੇ ਬਹਿਬਲ ਕਲਾਂ ਕਾਂਡ ਆਦਿ ਸ਼ਾਮਲ ਸਨ ਪਰ ਸਾਢੇ 4 ਸਾਲ ਕਾਂਗਰਸ ਦੇ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਨੂੰ ਅਸੀਂ ਸਾਰੇ ਜਾਣਦੇ ਹਾਂ, ਉਨ੍ਹਾਂ ਦੀ ਕੈਬਨਿਟ ਪੂਰੀ ਤਰ੍ਹਾਂ ਫੇਲ੍ਹ ਰਹੀ। ਕੈਪਟਨ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਪਰ ਉਨ੍ਹਾਂ ਦੇ ਹੀ ਭਤੀਜੇ ਦੇ ਘਰੋਂ ਕਰੋੜਾਂ ਰੁਪਏ ਬਰਾਮਦ ਹੋਏ।

ਚੀਮਾ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਪੈਦਾ ਕੀਤਾ ਭ੍ਰਿਸ਼ਟਾਚਾਰ ਅਤੇ ਮਾਫੀਆ ਕਾਂਗਰਸ ਸਰਕਾਰ ਵੇਲੇ ਹੋਰ ਵਧਿਆ-ਫੁੱਲਿਆ। ਚੰਨੀ ਅਤੇ ਸਿੱਧੂ ਦੋਵੇਂ ‘ਕੈਪਟਨ ਦੀ ਕੈਬਨਿਟ ਦੇ ਹੀਰੇ’ ਸਨ, ਜਿਨ੍ਹਾਂ ਨੇ ਸਾਢੇ 4 ਸਾਲ ਪੰਜਾਬ ਲਈ ਕੁਝ ਨਹੀਂ ਕੀਤਾ। ਉਨ੍ਹਾਂ ਦੇ ਮੁੱਖ ਮੰਤਰੀਆਂ, ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸਾਬਕਾ ਪ੍ਰਧਾਨ ਸਣੇ ਸਭ ‘ਤੇ ਭ੍ਰਿਸ਼ਟਾਚਾਰ, ਸ਼ਰਾਬ ਮਾਫੀਆ ਅਤੇ ਟਰਾਂਸਪੋਰਟ ਮਾਫੀਆ ਦੇ ਦੋਸ਼ ਸਨ। ਚੀਮਾ ਨੇ ਅੱਗੇ ਕਿਹਾ ਕਿ ਸਾਡੀ ਪਾਰਟੀ 2017-22 ਲਈ ਵਿਰੋਧੀ ਧਿਰ ਵਿੱਚ ਸੀ ਤੇ ਮੈਂ ਵਿਰੋਧੀ ਧਿਰ ਦਾ ਨੇਤਾ ਸੀ। ਅਸੀਂ ਵਿਰੋਧੀ ਧਿਰ ਦੀ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਇਆ ਅਤੇ ਪੰਜਾਬ ਤੇ ਆਮ ਲੋਕਾਂ ਦੇ ਮਸਲੇ ਰੋਜ਼ਾਨਾ ਉਠਾਏ। ਇਹ ਉਨ੍ਹਾਂ ਦੇ ਲੋਕ ਵਿਰੋਧੀ ਅਤੇ ਪੰਜਾਬ ਵਿਰੋਧੀ ਫ਼ੈਸਲੇ ਅਤੇ ਨੀਤੀਆਂ ਹੀ ਸਨ ਕਿ ਪੰਜਾਬ ਦੇ ਲੋਕਾਂ ਨੇ ਉਨ੍ਹਾਂ ਨੂੰ ਨਕਾਰ ਦਿੱਤਾ ਤੇ ‘ਆਪ’ ਦੀ ਇਕ ਇਮਾਨਦਾਰ ਸਰਕਾਰ ਚੁਣਨ ਦਾ ਫ਼ੈਸਲਾ ਕੀਤਾ।

ਚੀਮਾ ਨੇ ਨਵਜੋਤ ਸਿੱਧੂ ਨੂੰ ‘ਝੂਠ ਦੀ ਦੁਕਾਨ’ ਕਰਾਰ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਪੰਜਾਬ ਦੀ ਕੋਈ ਚਿੰਤਾ ਹੈ ਤਾਂ ਉਹ ਉਦੋਂ ਚੁੱਪ ਕਿਉਂ ਰਹੇ ਜਦੋਂ ਉਨ੍ਹਾਂ ਦੇ ਸਾਥੀ ਪੰਜਾਬ ਨੂੰ ਲੁੱਟ ਰਹੇ ਸਨ। ਉਸ ਨੇ ਭ੍ਰਿਸ਼ਟਾਚਾਰ ਅਤੇ ‘ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ’ ਵਿਰੁੱਧ ਆਵਾਜ਼ ਕਿਉਂ ਨਹੀਂ ਉਠਾਈ? ਆਪਣੀ ਸਰਕਾਰ ਦੌਰਾਨ ਐੱਸਸੀ ਸਕਾਲਰਸ਼ਿਪ ਘੁਟਾਲੇ, ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ, ਸ਼ਰਾਬ ਮਾਫੀਆ, ਰੇਤ ਮਾਫੀਆ ਅਤੇ ਟਰਾਂਸਪੋਰਟ ਮਾਫੀਆ ‘ਤੇ ਸਿੱਧੂ ਚੁੱਪ ਕਿਉਂ ਰਹੇ? ਕੀ ਉਹ ਭਾਰਤ ਭੂਸ਼ਣ ਆਸ਼ੂ ਨੂੰ ਕਲੀਨ ਚਿੱਟ ਦੇ ਰਿਹਾ ਹੈ ਜਾਂ ਉਨ੍ਹਾਂ ਲੋਕਾਂ ਨੂੰ ਜਿਨ੍ਹਾਂ ਦੇ ਘਰ ਪੈਸੇ ਗਿਣਨ ਦੀਆਂ ਮਸ਼ੀਨਾਂ ਸਨ? ਚੀਮਾ ਨੇ ਕਿਹਾ ਕਿ ਸਿੱਧੂ ਨੂੰ ਇਨ੍ਹਾਂ ਸਵਾਲਾਂ ਦੇ ਜਵਾਬ ਪੰਜਾਬ ਦੇ ਲੋਕਾਂ ਨੂੰ ਦੇਣੇ ਚਾਹੀਦੇ ਹਨ।

Add a Comment

Your email address will not be published. Required fields are marked *