ਅਮਰੀਕਾ 2022-23 ਵਿਚ ਬਣਿਆ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ

ਨਵੀਂ ਦਿੱਲੀ – ਅਮਰੀਕਾ ਬੀਤੇ ਵਿੱਤੀ ਸਾਲ 2022-23 ’ਚ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਸਾਂਝੇਦਾਰ ਬਣ ਗਿਆ ਹੈ। ਦੋਵਾਂ ਦੇਸ਼ਾਂ ’ਚ ਇਸ ਦੌਰਾਨ 128.55 ਅਰਬ ਡਾਲਰ ਦਾ ਵਪਾਰ ਹੋਇਆ, ਜੋ ਇਹ ਦੱਸਦਾ ਹੈ ਕਿ ਦੋਵਾਂ ਦੇਸ਼ਾਂ ’ਚ ਆਰਥਿਕ ਸਬੰਧ ਹੋਰ ਮਜ਼ਬੂਤ ਹੋ ਰਹੇ ਹਨ।ਵਣਜ ਮੰਤਰਾਲਾ ਦੇ ਅਸਥਾਈ ਅੰਕੜਿਆਂ ਅਨੁਸਾਰ ਭਾਰਤ ਅਤੇ ਅਮਰੀਕਾ ’ਚ ਦੋਪੱਖੀ ਵਪਾਰ 2022-23 ਵਿਚ 7.65 ਫੀਸਦੀ ਵਾਧੇ ਨਾਲ 128.55 ਅਰਬ ਡਾਲਰ ਦਾ ਹੋ ਗਿਆ। ਇਸ ਤੋਂ ਪਿਛਲੇ ਵਿੱਤੀ ਸਾਲ (2021-22) ਵਿਚ ਦੋਵਾਂ ਦੇਸ਼ਾਂ ਦਾ ਦੋਪੱਖੀ ਵਪਾਰ 119.5 ਅਰਬ ਡਾਲਰ ਰਿਹਾ ਸੀ, ਉਥੇ ਹੀ 2020-21 ’ਚ ਇਹ ਸਿਰਫ 80.51 ਅਰਬ ਡਾਲਰ ਸੀ। ਅੰਕੜਿਆਂ ਅਨੁਸਾਰ ਵਿੱਤੀ ਸਾਲ 2022-23 ’ਚ ਭਾਰਤ ਤੋਂ ਅਮਰੀਕਾ ਵਿਚ ਬਰਾਮਦ 2.81 ਫੀਸਦੀ ਵਾਧੇ ਨਾਲ 78.31 ਅਰਬ ਡਾਲਰ ਹੋ ਗਿਆ, ਜੋ 2021-22 ’ਚ 76.18 ਅਰਬ ਡਾਲਰ ਸੀ। ਭਾਰਤ ’ਚ ਅਮਰੀਕਾ ਤੋਂ ਦਰਾਮਦ ਇਸ ਦੌਰਾਨ 16 ਫੀਸਦੀ ਵਾਧੇ ਨਾਲ 50.24 ਅਰਬ ਡਾਲਰ ਹੋ ਗਈ।

ਉਥੇ ਹੀ ਦੂਜੇ ਪਾਸੇ 2022-23 ’ਚ ਭਾਰਤ-ਚੀਨ ਵਿਚ ਵਪਾਰ 1.5 ਫੀਸਦੀ ਗਿਰਾਵਟ ਦੇ ਨਾਲ 113.83 ਅਰਬ ਡਾਲਰ ਦਾ ਰਹਿ ਗਈ, ਜੋ ਇਸ ਤੋਂ ਪਿਛਲੇ ਸਾਲ 115.42 ਅਰਬ ਡਾਲਰ ਸੀ। ਭਾਰਤ ਤੋਂ ਚੀਨ ਲਈ 2022-23 ’ਚ ਬਰਾਮਦ 28 ਫੀਸਦੀ ਗਿਰਾਵਟ ਨਾਲ 15.32 ਅਰਬ ਡਾਲਰ ਰਹਿ ਗਈ, ਜਦੋਂਕਿ ਦਰਾਮਦ 4.16 ਫੀਸਦੀ ਵਾਧੇ ਨਾਲ 98.51 ਅਰਬ ਡਾਲਰ ਹੋ ਗਈ। ਭਾਰਤ ਦਾ ਚੀਨ ਨਾਲ ਵਪਾਰ ਘਾਟਾ 2022-23 ’ਚ ਵਧ ਕੇ 83.2 ਅਰਬ ਡਾਲਰ ਹੋ ਗਿਆ, ਜੋ ਇਸ ਤੋਂ ਪਿਛਲੇ ਸਾਲ 72.91 ਅਰਬ ਡਾਲਰ ਸੀ। ਮਾਹਿਰ ਮੰਣਦੇ ਹਨ ਕਿ ਅਮਰੀਕਾ ਤੋਂ ਦੋਪੱਖੀ ਵਪਾਰ ਵਧਣ ਦਾ ਚਲਨ ਅਗਲੇ ਸਾਲਾਂ ’ਚ ਜਾਰੀ ਰਹੇਗਾ। ਇਸ ਦੇ ਨਾਲ ਹੀ, ਭਾਰਤ ਅਤੇ ਅਮਰੀਕਾ ਆਰਥਿਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਲਗਾਤਾਰ ਕੰਮ ਕਰ ਰਹੇ ਹਨ।

Add a Comment

Your email address will not be published. Required fields are marked *