ਕਰਨਾਟਕ ਚੋਣਾਂ: ਸ਼ੈੱਟਾਰ ਭਾਜਪਾ ਛੱਡ ਕੇ ਕਾਂਗਰਸ ’ਚ ਸ਼ਾਮਲ

ਬੰਗਲੂਰੂ, 17 ਅਪਰੈਲ-: ਭਾਜਪਾ ਦੇ ਸੀਨੀਅਰ ਆਗੂ ਅਤੇ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਜਗਦੀਸ਼ ਸ਼ੈੱਟਾਰ ਅੱਜ ਕਾਂਗਰਸ ’ਚ ਸ਼ਾਮਲ ਹੋ ਗਏ। ਕਰਨਾਟਕ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਨ੍ਹਾਂ ਹਾਕਮ ਧਿਰ ਨੂੰ ਵੱਡਾ ਝਟਕਾ ਦਿੱਤਾ ਹੈ। ਭਾਜਪਾ ’ਤੇ ਅਪਮਾਨ ਕਰਨ ਦਾ ਦੋਸ਼ ਲਾਉਂਦਿਆਂ ਸ਼ੈੱਟਾਰ ਨੇ ਕਿਹਾ ਕਿ ਉਹ ਕਾਂਗਰਸ ’ਚ ਸ਼ਾਮਲ ਹੋ ਕੇ ਆਪਣੇ ਜੀਵਨ ਦਾ ਨਵਾਂ ਅਧਿਆਏ ਸ਼ੁਰੂ ਕਰ ਰਹੇ ਹਨ। ਛੇ ਵਾਰ ਦੇ ਵਿਧਾਇਕ ਨੇ ਭਾਜਪਾ ਨਾਲੋਂ ਨਾਤਾ ਤੋੜਨ ਦਾ ਉਸ ਸਮੇਂ ਫ਼ੈਸਲਾ ਲਿਆ ਜਦੋਂ ਉਨ੍ਹਾਂ ਨੂੰ ਪਾਰਟੀ ਨੇ ਟਿਕਟ ਦੇਣ ਤੋਂ ਇਨਕਾਰ ਕਰ ਦਿੱਤਾ। ਉੱਤਰੀ ਕਰਨਾਟਕ ਖ਼ਿੱਤੇ ਦੇ ਮੰਨੇ-ਪ੍ਰਮੰਨੇ ਲਿੰਗਾਇਤ ਆਗੂ ਸ਼ੈੱਟਾਰ ਦੇ ਕਾਂਗਰਸ ’ਚ ਸ਼ਾਮਲ ਹੋਣ ਸਮੇਂ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ, ਜਨਰਲ ਸਕੱਤਰ ਕੇ ਸੀ ਵੇਣੂਗੋਪਾਲ, ਰਣਦੀਪ ਸਿੰਘ ਸੁਰਜੇਵਾਲਾ, ਪ੍ਰਦੇਸ਼ ਪ੍ਰਧਾਨ ਡੀ ਕੇ ਸ਼ਿਵਕੁਮਾਰ ਅਤੇ ਸਾਬਕਾ ਮੁੱਖ ਮੰਤਰੀ ਸਿਧਾਰਮੱਈਆ ਹਾਜ਼ਰ ਸਨ। ਸ਼ੈੱਟਾਰ ਦੇ ਕਾਂਗਰਸ ’ਚ ਸ਼ਾਮਲ ਹੋਣ ਨਾਲ ਪਾਰਟੀ ਦੀ ਚੋਣ ਮੁਹਿੰਮ ਨੂੰ ਹੁਲਾਰਾ ਮਿਲਿਆ ਹੈ। ਪਾਰਟੀ ਦੀ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਐੱਮ ਬੀ ਪਾਟਿਲ ਨੇ ਕਿਹਾ ਕਿ ਹੁਣ ਲਿੰਗਾਇਤ ਭਾਜਪਾ ਖ਼ਿਲਾਫ਼ ਹੋ ਜਾਣਗੇ ਅਤੇ ਚੋਣਾਂ ’ਚ ਉਹ ਕਾਂਗਰਸ ਦੇ ਹੱਕ ’ਚ ਭੁਗਤਣਗੇ।

ਪਿਛਲੇ ਹਫ਼ਤੇ ਸਾਬਕਾ ਉਪ ਮੁੱਖ ਮੰਤਰੀ ਅਤੇ ਇਕ ਹੋਰ ਲਿੰਗਾਇਤ ਆਗੂ ਲਕਸ਼ਮਣ ਸਾਵਦੀ ਨੇ ਭਾਜਪਾ ਛੱਡ ਕੇ ਕਾਂਗਰਸ ਦਾ ਹੱਥ ਫੜ ਲਿਆ ਸੀ। ਪਾਰਟੀ ’ਚ ਸ਼ਾਮਲ ਹੋਣ ਮਗਰੋਂ ਸ਼ੈੱਟਾਰ ਨੂੰ ਸ਼ਿਵਕੁਮਾਰ ਨੇ ‘ਬੀ-ਫਾਰਮ’ ਦਿੱਤਾ ਜਿਸ ਦਾ ਮਤਲਬ ਹੈ ਕਿ ਉਹ ਹੁਬਲੀ-ਧਾਰਵਾੜ (ਸੈਂਟਰਲ) ਤੋਂ ਚੋਣ ਲੜਨਗੇ। ਸ਼ੈੱਟਾਰ ਨੇ ਕਿਹਾ ਕਿ ਕਈ ਇਸ ਗੱਲ ਤੋਂ ਹੈਰਾਨ ਹੋਣਗੇ ਕਿ ਸਾਬਕਾ ਮੁੱਖ ਮੰਤਰੀ ਨੇ ਭਾਜਪਾ ਛੱਡ ਕੇ ਕਾਂਗਰਸ ਦਾ ਲੜ ਕਿਉਂ ਫੜਿਆ ਪਰ ਮੇਰੇ ਦਰਦ ਨੂੰ ਕੋਈ ਨਹੀਂ ਸਮਝ ਸਕਦਾ ਹੈ। ਕਾਂਗਰਸ ’ਚ ਸ਼ਾਮਲ ਹੋਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ੈੱਟਾਰ ਨੇ ਕਿਹਾ ਕਿ ਉਨ੍ਹਾਂ ਬੀ ਐੱਸ ਯੇਦੀਯੁਰੱਪਾ ਅਤੇ ਸਵਰਗੀ ਐੱਚ ਐੱਨ ਅਨੰਤ ਕੁਮਾਰ ਨਾਲ ਮਿਲ ਕੇ ਭਾਜਪਾ ਨੂੰ ਕਰਨਾਟਕ ’ਚ ਖੜ੍ਹਾ ਕੀਤਾ ਸੀ। ਸ਼ੈੱਟਾਰ ਨੇ ਕਿਹਾ ਕਿ ਸੀਨੀਅਰ ਆਗੂ ਹੋਣ ਕਰਕੇ ਉਹ ਟਿਕਟ ਦੇ ਦਾਅਵੇਦਾਰ ਸਨ ਪਰ ਜਦੋਂ ਇਸ ਤੋਂ ਇਨਕਾਰ ਕਰ ਦਿੱਤਾ ਗਿਆ ਤਾਂ ਉਨ੍ਹਾਂ ਨੂੰ ਸਦਮਾ ਲੱਗਿਆ।

Add a Comment

Your email address will not be published. Required fields are marked *