ਭਲਕੇ ਸ਼ਿਮਲਾ ‘ਚ ਹੋਵੇਗੀ ਕਾਂਗਰਸ ਵਿਧਾਇਕ ਦਲ ਦੀ ਬੈਠਕ, ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਹੋਵੇਗਾ ਫ਼ੈਸਲਾ

 ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਨੇ ਵੱਡੀ ਜਿੱਤ ਦਰਜ ਕੀਤੀ ਹੈ। ਪਾਰਟੀ ਨੂੰ ਇੱਥੇ ਕੁਲ 40 ਸੀਟਾਂ ‘ਤੇ ਜਿੱਤ ਮਿਲੀ ਹੈ। ਇਸ ਹਿਸਾਬ ਨਾਲ ਕਾਂਗਰਸ ਬਹੁਮਤ ਨਾਲ ਸਰਕਾਰ ਬਣਾਏਗੀ। ਹਾਲਾਂਕਿ ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਅਜੇ ਤੱਕ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ। ਇਸ ਨੂੰ ਧਿਆਨ ‘ਚ ਰੱਖਦਿਆਂ ਪਾਰਟੀ ਵੱਲੋਂ ਸ਼ੁੱਕਰਵਾਰ ਨੂੰ ਸਾਰੇ ਜੇਤੂ ਵਿਧਾਇਕਾਂ ਦੀ ਮੀਟਿੰਗ ਬੁਲਾਈ ਗਈ ਹੈ। ਇਸ ਮੀਟਿੰਗ ‘ਚ ਕਿਸ ਨੂੰ ਮੁੱਖ ਮੰਤਰੀ ਬਣਾਇਆ ਜਾਵੇਗਾ, ਇਸ ਦਾ ਫ਼ੈਸਲਾ ਲਿਆ ਜਾਵੇਗਾ। ਮੀਟਿੰਗ ਵਿੱਚ ਕਾਂਗਰਸ ਦੇ ਆਬਜ਼ਰਵਰ ਭੁਪੇਸ਼ ਬਘੇਲ ਅਤੇ ਭੂਪੇਂਦਰ ਹੁੱਡਾ ਵੀ ਸ਼ਾਮਲ ਹੋਣਗੇ।

ਸੂਬੇ ‘ਚ ਸੱਤਾਧਾਰੀ ਭਾਜਪਾ ਸਿਰਫ਼ 25 ਸੀਟਾਂ ਹੀ ਜਿੱਤ ਸਕੀ। ਅਜਿਹੇ ‘ਚ ਸੂਬੇ ‘ਚ 5 ਸਾਲਾਂ ਬਾਅਦ ਸਰਕਾਰ ਬਦਲਣ ਦਾ ਰੁਝਾਨ ਬਰਕਰਾਰ ਰਿਹਾ। ਕਾਂਗਰਸ ਨੇ ਸੂਬੇ ਦੀਆਂ 68 ‘ਚੋਂ 40 ਸੀਟਾਂ ਜਿੱਤੀਆਂ ਹਨ, ਜਦਕਿ 3 ਸੀਟਾਂ ‘ਤੇ ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ।

ਪ੍ਰਿਯੰਕਾ ਗਾਂਧੀ ਨੂੰ ਦਿੱਤਾ ਜਿੱਤ ਦਾ ਸਿਹਰਾ

ਕਾਂਗਰਸ ਨੇ ਇਸ ਜਿੱਤ ਦਾ ਸਿਹਰਾ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਦੀ ਮੁਹਿੰਮ ਨੂੰ ਦਿੱਤਾ ਹੈ। ਦੱਸ ਦੇਈਏ ਕਿ ਪ੍ਰਿਯੰਕਾ ਗਾਂਧੀ ਨੇ ਹਿਮਾਚਲ ਪ੍ਰਦੇਸ਼ ਵਿੱਚ ਕਈ ਰੈਲੀਆਂ ਕਰਕੇ ਚੋਣ ਪ੍ਰਚਾਰ ਕੀਤਾ ਸੀ। ਇਸ ਦੇ ਨਾਲ ਹੀ ਉਹ ਕਈ ਚੋਣ ਰਣਨੀਤੀਆਂ ਵਿੱਚ ਵੀ ਸ਼ਾਮਲ ਰਹੀ ਸੀ। ਮੁਹਿੰਮ ਦੀ ਕਮਾਨ ਸੰਭਾਲਦਿਆਂ ਪ੍ਰਿਯੰਕਾ ਗਾਂਧੀ ਦੀ ਇਹ ਪਹਿਲੀ ਜਿੱਤ ਹੈ। ਉਨ੍ਹਾਂ ਨੇ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤੋਂ ਇਸ ਸਫਰ ਦੀ ਸ਼ੁਰੂਆਤ ਕੀਤੀ ਸੀ ਪਰ ਪਾਰਟੀ ਉੱਥੇ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ ਸੀ।

ਗੁਜਰਾਤ ‘ਚ ਕਾਂਗਰਸ ਨੂੰ ਮਿਲੀ ਵੱਡੀ ਹਾਰ

ਗੁਜਰਾਤ ‘ਚ ਕਾਂਗਰਸ ਨੂੰ ਬੁਰੀ ਹਾਰ ਮਿਲੀ ਹੈ। ਉਥੇ ਪਾਰਟੀ ਸਿਰਫ਼ 20 ਸੀਟਾਂ ਹੀ ਜਿੱਤ ਸਕੀ ਹੈ। ਇਸ ਕਾਰਨ ਉਨ੍ਹਾਂ ਨੂੰ ਉਥੇ ਵਿਰੋਧੀ ਧਿਰ ਦੇ ਨੇਤਾ ਦਾ ਅਹੁਦਾ ਵੀ ਗੁਆਉਣਾ ਪੈ ਸਕਦਾ ਹੈ। ਦੂਜੇ ਪਾਸੇ ਜੇਕਰ ਭਾਜਪਾ ਦੀ ਗੱਲ ਕਰੀਏ ਤਾਂ ਇੱਥੇ ਪਾਰਟੀ ਨੂੰ ਇਤਿਹਾਸਕ ਜਿੱਤ ਮਿਲੀ ਹੈ। ਭਾਜਪਾ ਸੂਬੇ ‘ਚ 156 ਸੀਟਾਂ ਜਿੱਤਣ ‘ਚ ਸਫਲ ਰਹੀ ਹੈ।

Add a Comment

Your email address will not be published. Required fields are marked *