ਇਕ ਸਾਲ ਤੱਕ ਲੜਨ-ਭਿੜਨ ਮਗਰੋਂ ਗੱਲਬਾਤ ਲਈ ਸਹਿਮਤ ਹੋਏ ਇਮਰਾਨ ਤੇ ਸ਼ਾਹਬਾਜ਼ ਸਰਕਾਰ

ਇਸਲਾਮਾਬਾਦ –ਪਾਕਿਸਤਾਨ ਮੁਸਲਿਮ ਲੀਗ ਨਵਾਜ਼ (ਪੀ. ਐੱਮ. ਐੱਲ.-ਐੱਨ.) ਦੀ ਅਗਵਾਈ ਵਾਲੇ ਸੱਤਾਧਿਰ ਗੱਠਜੋੜ ਅਤੇ ਵਿਰੋਧੀ ਧਿਰ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਨੇ ਅਸਿੱਧੇ ਤੌਰ ’ਤੇ ਗੱਲਬਾਤ ਲਈ ਕਮੇਟੀਆਂ ਦਾ ਗਠਨ ਕੀਤਾ ਹੈ। ਇਸ ਤੋਂ ਸੰਕੇਤ ਮਿਲਦਾ ਹੈ ਕਿ ਇਕ ਸਾਲ ਤੋਂ ਜ਼ਿਆਦਾ ਸਮੇਂ ਦੇ ਤਣਾਅ ਤੋਂ ਬਾਅਦ ਦੋਹਾਂ ਸਿਆਸੀ ਧਿਰਾਂ ਵਿਚਾਲੇ ਸੁਲਾਹ ਸਮਝੌਤੇ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਮੀਡੀਆ ’ਚ ਆਈ ਇਕ ਖ਼ਬਰ ਵਿਚ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ।

ਜਮਾਤ-ਏ-ਇਸਲਾਮੀ (ਜੇ. ਆਈ.) ਮੁਖੀ ਸਿਰਾਜ-ਉਲ-ਹੱਕ ਦੀ ਮਦਦ ਨਾਲ ਦੋਹਾਂ ਧਿਰਾਂ ਵਿਚਾਲੇ ਅੜਿੱਕੇ ਨੂੰ ਤੋੜਿਆ ਜਾ ਸਕਿਆ ਹੈ। ਹੱਕ ਨੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਤੇ ਪੀ. ਟੀ. ਆਈ. ਮੁਖੀ ਇਮਰਾਨ ਖਾਨ ਨੂੰ ਸ਼ਨੀਵਾਰ ਨੂੰ ਵੱਖ-ਵੱਖ ਮੁਲਾਕਾਤ ਕੀਤੀ ਸੀ ਅਤੇ ਕਿਹਾ ਸੀ ਕਿ ਚੋਣਾਂ ਦੇ ਮੁੱਦੇ ’ਤੇ ਗੱਲਬਾਤ ਲਈ ਦੋਹਾਂ ਧਿਰਾਂ ਨੂੰ ‘ਹਾਂ-ਪੱਖੀ ਪ੍ਰਕਿਰਿਆ’ ਮਿਲੀ ਹੈ। ਹੁਣ ਦੋਵੇਂ ਪਾਰਟੀਆਂ ਸਿੱਧੇ ਗੱਲਬਾਤ ਦੀ ਥਾਂ ਜੇ. ਆਈ. ਰਾਹੀਂ ਗੱਲਬਾਤ ਕਰਨਗੇ।

ਪੀ. ਐੱਮ. ਐੱਲ.-ਐੱਨ. ਨੇ ਗੱਲਬਾਤ ਦੀ ਜ਼ਿੰਮੇਵਾਰੀ ਅਯਾਦ ਸਾਦਿਕ ਅਤੇ ਸਾਦ ਰਫੀਕ ਨੂੰ ਦਿੱਤੀ ਹੈ, ਜਦਕਿ ਪੀ. ਟੀ. ਆਈ. ਨੇ 3 ਮੈਂਬਰੀ ਕਮੇਟੀ ਦਾ ਗਠਨ ਕੀਤਾ, ਜਿਸ ’ਚ ਪ੍ਰਵੇਜ਼ ਖੱਟਕ, ਮਹਿਮੂਦੁਰ ਰਸ਼ੀਦ ਅਤੇ ਏਜ਼ਾਜ ਚੌਧਰੀ ਸ਼ਾਮਲ ਹਨ। ਪੀ. ਐੱਮ. ਐੱਲ.-ਐੱਨ. ਦੇ ਸੂਤਰਾਂ ਮੁਤਾਬਕ ਸਾਦਿਕ ਅਤੇ ਰਫੀਕ ਨੂੰ ਗੱਲਬਾਤ ਲਈ ਜੇ. ਆਈ. ਨਾਲ ਸੰਪਰਕ ਕਰਨ ਦੀ ਇਜਾਜ਼ਤ ਦਿੱਤੀ ਗਈ। ਹਾਲਾਂਕਿ, ਪੀ. ਟੀ. ਆਈ. ਨੇ ਆਮ ਚੋਣਾਂ ਦੀ ਤਾਰੀਖ਼ ਦੀ ਮੰਗ ਦੇ ਆਪਣੇ ਰੁਖ਼ ਨੂੰ ਦੁਹਰਾਇਆ ਹੈ। ਸੀਨੇਟਰ ਏਜ਼ਾਜ਼ ਚੌਧਰੀ ਨੇ ਦੱਸਿਆ ਕਿ ਪੀ. ਟੀ. ਆਈ. ਨੇ ਦੇਸ਼ ਭਰ ’ਚ ਚੋਣਾਂ ਸਬੰਧੀ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਭਰੋਸੇ ’ਚ ਲੈਣ ਲਈ ਵਿਚਾਰ-ਵਟਾਂਦਰਾ ਸ਼ੁਰੂ ਕਰ ਦਿੱਤਾ ਹੈ।

ਚੌਧਰੀ ਨੇ ਕਿਹਾ ਕਿ ਪੀ. ਟੀ. ਆਈ. ਪਹਿਲਾਂ ਹੀ ਜੇ. ਆਈ., ਤਹਿਰੀਕ-ਏ-ਲਬੈਕ ਪਾਕਿਸਤਾਨ (ਟੀ. ਐੱਲ. ਪੀ.) ਅਤੇ ਗ੍ਰੈਂਡ ਡੈਮੋਕ੍ਰੇਟਿਕ ਅਲਾਇੰਸ (ਜੀ. ਡੀ. ਏ.) ਨਾਲ ਮੀਟਿੰਗ ਕਰ ਚੁੱਕੀ ਹੈ। ਜਦੋਂ ਮੀਆਂ ਮਹਿਮੂਦੁਰ ਰਸ਼ੀਦ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਖਾਨ ਅਤੇ ਹੱਕ ਵਿਚਾਲੇ ਮੀਟਿੰਗ ’ਚ ਸਹਿਮਤੀ ਬਣੀ ਹੈ ਕਿ ਦੇਸ਼ ’ਚ ਗੰਭੀਰ ਸਿਆਸੀ ਅੜਿੱਕੇ ਨੂੰ ਗੱਲਬਾਤ ਰਾਹੀਂ ਖਤਮ ਕੀਤਾ ਜਾਣਾ ਚਾਹੀਦਾ ਹੈ।

Add a Comment

Your email address will not be published. Required fields are marked *