ਅਰਬਪਤੀਆਂ ਦਾ ਭਾਈਚਾਰਾ: ਅਡਾਨੀ ਦੀ ਸਹਾਇਤਾ ਲਈ ਦੇਸ਼ ਤੇ ਵਿਦੇਸ਼ ਤੋਂ ਵਧੇ ਹੱਥ

ਨਵੀਂ ਦਿੱਲੀ : ਅਡਾਨੀ ਗਰੁੱਪ ਦੇ ਮਾਲਕ ਗੌਤਮ ਅਡਾਨੀ ਦੀ ਹਿਚਕੋਲੇ ਖਾਂਦੀ ਕਿਸ਼ਤੀ ਨੂੰ ਬਚਾਉਣ ਲਈ ਦੇਸ਼ ਤੇ ਵਿਦੇਸ਼ ਦੇ ਕਈ ਅਰਬਪਤੀਆਂ ਨੇ ਸਹਾਇਤਾ ਦਾ ਹੱਥ ਵਧਾਇਆ। ਅਮਰੀਕੀ ਅਖ਼ਬਾਰ ‘ਵਾਸ਼ਿੰਗਟਨ ਪੋਸਟ’ ਨੇ ਇਸ ਨੂੰ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ’ਚ ਅਰਬਪਤੀਆਂ ਦਾ ਭਾਈਚਾਰਾ ਕਹਿ ਕੇ ਤੰਜ ਕੱਸਿਆ ਹੈ। ਅਖ਼ਬਾਰ ਨੇ ਲਿਖਿਆ ਹੈ ਕਿ ਅਬੂਧਾਬੀ ਦੀ ਕੰਪਨੀ ਨੇ ਅਡਾਨੀ ਲਈ 40 ਕਰੋੜ ਦੇ ਨਿਵੇਸ਼ ਦਾ ਐਲਾਨ ਕੀਤਾ। ਇਹ ਕੰਪਨੀ ਪਹਿਲਾਂ ਵੀ ਅਡਾਨੀ ਸਮੂਹ ’ਚ ਨਿਵੇਸ਼ ਕਰਦੀ ਰਹੀ ਹੈ। ਉਨ੍ਹਾਂ ਤੋਂ ਇਲਾਵਾ ਸਟੀਲ ਕੰਪਨੀ ਜੇ. ਐੱਸ. ਡਬਲਿਊ. ਦੇ ਮਾਲਕ ਸੱਜਨ ਜਿੰਦਲ, ਏਅਰਟੈੱਲ ਦੇ ਮਾਲਕ ਸੁਨੀਲ ਮਿੱਤਲ ਵੀ ਮਦਦਗਾਰ ਬਣਦੇ ਦਿਸੇ। ਅਖ਼ਬਾਰ ਅਨੁਸਾਰ ਜੋ ਗੱਲ ਪ੍ਰੇਸ਼ਾਨ ਕਰਨ ਵਾਲੀ ਹੈ, ਉਹ ਇਹ ਹੈ ਕਿ ਅਡਾਨੀ ਦੇ ਬਚਾਅ ’ਚ ਜੋ ਅਰਬਪਤੀ ਸਾਹਮਣੇ ਆਏ ਹਨ ਸੰਭਵ ਹੈ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਲੰਮੀ ਮਿਆਦ ’ਚ ਆਪਣੇ ਹਿੱਤਾਂ ਦੀ ਸੁਰੱਖਿਆ ਲਈ ਜ਼ਰੂਰੀ ਹੈ ਕਿ ਉਹ ਵਿਦੇਸ਼ੀ ਏਜੰਸੀ ਦੇ ਹਮਲੇ ਨਾਲ ਜੂਝਦੇ ਆਪਣੇ ਲੋਕਾਂ ਦੀ ਮਦਦ ਲਈ ਖੜ੍ਹੇ ਹੋਣ।

ਹੁਣ ਕਰਜ਼ਾ ਕਿਵੇਂ ਚੁਕਾਉਣਗੇ

‘ਦਿ ਗਾਰਜੀਅਨ’ ਨੇ ਕਿਹਾ ਕਿ ਅਡਾਨੀ ਸਮੂਹ ਦਾ ਐੱਫ. ਪੀ. ਓ. ਰੱਦ ਹੋਣ ਤੋਂ ਬਾਅਦ ਇਹ ਸਵਾਲ ਖੜ੍ਹਾ ਹੋਇਆ ਹੈ ਕਿ ਹੁਣ ਇਹ ਕੰਪਨੀ ਆਪਣਾ ਕਰਜ਼ਾ ਕਿਵੇਂ ਚੁਕਾਏਗੀ। ਕੰਪਨੀ ਆਸਟ੍ਰੇਲੀਆ ਦੇ ਕਵੀਂਸਲੈਂਡ ’ਚ ਕਾਰਮਾਈਕਲ ਕੋਲੇ ਦੀ ਖਾਨ ਅਤੇ ਰੇਲ ਪ੍ਰਾਜੈਕਟ ਵੀ ਚਲਾ ਰਹੀ ਹੈ। ਬੈਂਕ ਹੁਣ ਕੰਪਨੀ ਦੇ ਸਥਿਰਤਾ ਨੂੰ ਲੈ ਕੇ ਚਿੰਤਾ ’ਚ ਹਨ ਅਤੇ ਕ੍ਰੈਡਿਟ ਸੁਇਸ ਅਤੇ ਕੋਲੈਟਰਲ ਦੇ ਰੂਪ ’ਚ ਅਡਾਨੀ ਦੇ ਬਾਂਡਸ ਸਵੀਕਾਰ ਨਹੀਂ ਕਰ ਰਹੀ। ਇਸ ਨਾਲ ਕੰਪਨੀ ਦੇ ਬਾਂਡਸ ਦਾ ਮੁੱਲ ਬੇਹੱਦ ਘੱਟ ਹੋ ਗਿਆ ਹੈ। ਕੰਪਨੀ ਦੇ ਸਾਹਮਣੇ ਵੱਡੀਆਂ ਮੁਸ਼ਕਲਾਂ ਖੜ੍ਹੀਆਂ ਹੋ ਗਈਆਂ ਹਨ।

2 ਕੰਪਨੀਆਂ ਨੂੰ ਲੈ ਕੇ ਉੱਠੇ ਸਵਾਲ

ਅਡਾਨੀ ਦੇ ਐੱਫ. ਪੀ. ਓ. ’ਚ ਲੰਡਨ ਦੀ ਕੰਪਨੀ ਦੀ ਭਾਰਤੀ ਬ੍ਰਾਂਚ ਅਲਾਰਾ ਕੈਪੀਟਲ ਇੰਡੀਆ ਪ੍ਰਾਈਵੇਟ ਲਿ. ਅਤੇ ਭਾਰਤੀ ਬ੍ਰੋਕਰੇਜ ਕੰਪਨੀ ਮੋਨਾਰਕ ਨੈੱਟਵਰਥ ਕੈਪੀਟਲ ਦੇ ਨਾਂ ਗਾਰੰਟਰ ਦੇ ਰੂਪ ’ਚ ਦਿੱਤੇ ਗਏ। ਇਸ ’ਤੇ ਫੋਰਬਸ ਨੇ ਆਪਣੀ ਰਿਪੋਰਟ ’ਚ ਸਵਾਲ ਚੁੱਕੇ ਹਨ। ਅਲਾਰਾ ਕੈਪੀਟਲ ਦੇ ਇੰਡੀਆ ਆਪਰਚਿਊਨਿਟੀਜ਼ ਫੰਡ ਦੇ ਕੋਲ ਅਡਾਨੀ ਇੰਟਰਪ੍ਰਾਈਜਿਜ਼ ਸਮੇਤ ਅਡਾਨੀ ਸਮੂਹ ਦੀਆਂ ਹੋਰ ਕੰਪਨੀਆਂ ਦੇ ਲਗਭਗ 3 ਅਰਬ ਡਾਲਰ ਦੇ ਸ਼ੇਅਰ ਹਨ। ਫੋਰਬਸ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਅਲਾਰਾ ਕੈਪੀਟਲ ਅਤੇ ਮੋਨਾਰਕ ਨੈੱਟਵਰਥ ਦਾ ਨਾਂ ਆਉਣ ਤੋਂ ਬਾਅਦ ਇਹ ਸਵਾਲ ਉਠ ਰਹੇ ਹਨ ਕਿ ਕੀ ਐੱਫ. ਪੀ. ਓ. ਦਾ ਟਾਰਗੈੱਟ (20 ਹਜ਼ਾਰ ਕਰੋਡ਼ ਰੁਪਏ) ਪੂਰਾ ਕਰਨ ਲਈ ਅਡਾਨੀ ਦੇ ਨਿੱਜੀ ਫੰਡਸ ਦੀ ਵਰਤੋਂ ਹੋਈ। ਸਿਟੀ ਗਰੁੱਪ ’ਚ ਸਾਬਕਾ ਇੰਵੈਸਟਮੈਂਟ ਬੈਂਕਰ ਟਿਮ ਬਕਲੇ ਦੇ ਹਵਾਲੇ ਨਾਲ ਰਿਪੋਰਟ ਕਹਿੰਦੀ ਹੈ ਕਿ ਅਡਾਨੀ ਹੁਣ ਇਸ ਮਾਮਲੇ ਨੂੰ ਸਿਰਫ਼ ਇਕ ਤਰੀਕੇ ਨਾਲ ਸੁਲਝਾ ਸਕਦੇ ਹਨ। ਉਨ੍ਹਾਂ ਨੂੰ ਦੱਸਣਾ ਹੋਵੇਗਾ ਕਿ ਕਿਸ ਨੇ ਕਿੰਨੇ ਸ਼ੇਅਰ ਖ਼ਰੀਦੇ। ਹਿੰਡਨਬਰਗ ਨੇ ਵੀ ਆਪਣੀ ਰਿਪੋਰਟ ’ਚ ਕਿਹਾ ਹੈ ਕਿ 2016 ਤੋਂ ਹੀ ਮੋਨਾਰਕ ਨੈੱਟਵਰਥ ਕੈਪੀਟਲ ’ਚ ਕੁਝ ਹਿੱਸੇਦਾਰੀ ਅਡਾਨੀ ਪ੍ਰਾਪਰਟੀਜ਼ ਪ੍ਰਾਈਵੇਟ ਲਿ. ਦੀ ਹੈ।

ਐੱਫ. ਪੀ. ਓ. ਨੂੰ ਵਾਪਸ ਲੈਣਾ ਕੀ ਅਡਾਨੀ ਦੀ ਸਭ ਤੋਂ ਵੱਡੀ ਹਾਰ ਹੈ? ਇਹ ਸਵਾਲ ਵੀ ਹੁਣ ਉੱਛਲ ਰਿਹਾ ਹੈ। ਟਾਈਮਜ਼ ਆਫ ਇੰਡੀਆ ਨੇ ਆਪਣੀ ਰਿਪੋਰਟ ’ਚ ਦਾਅਵਾ ਕੀਤਾ ਹੈ ਕਿ ਐੱਫ. ਪੀ. ਓ. ’ਚ ਆਮ ਲੋਕਾਂ ਨੇ ਪੈਸੇ ਨਹੀਂ ਲਾਏ ਸਨ, ਸਗੋਂ ਕੁਝ ਵੱਡੀਆਂ ਕੰਪਨੀਆਂ ਅਤੇ ਅਮੀਰ ਲੋਕਾਂ ਨੇ ਹੀ ਇਸ ’ਚ ਕਾਫ਼ੀ ਪੈਸਾ ਲਾਇਆ। ਮੀਡੀਆ ਦੇ ਇਕ ਹਿੱਸੇ ’ਚ ਇਹ ਵੀ ਦਾਅਵਾ ਕੀਤਾ ਗਿਆ ਕਿ ਪ੍ਰਚੂਨ ਨਿਵੇਸ਼ਕਾਂ ਨੇ ਇਸ ਨੂੰ ਸਿਰਫ਼ 12 ਫ਼ੀਸਦੀ ਹੀ ਸਬਸਕ੍ਰਾਈਬ ਕੀਤਾ। ‘ਇੰਡੀਅਨ ਐਕਸਪ੍ਰੈੱਸ’ ਨੇ ਦਾਅਵਾ ਕੀਤਾ ਕਿ ਬੁੱਧਵਾਰ ਨੂੰ ਅਡਾਨੀ ਸਮੂਹ ਦੀਆਂ ਸਾਰੀਆਂ ਕੰਪਨੀਆਂ ਦੇ ਸ਼ੇਅਰਾਂ ’ਚ ਭਾਰੀ ਉਤਾਰ-ਚੜ੍ਹਾਅ ਤੋਂ ਬਾਅਦ ਐੱਫ. ਪੀ. ਓ. ਵਾਪਸ ਲੈਣ ਦਾ ਫ਼ੈਸਲਾ ਕੀਤਾ ਗਿਆ। ‘ਮਿੰਟ’ ਨੇ ਆਪਣੀ ਰਿਪੋਰਟ ’ਚ ਕਿਹਾ ਕਿ ਇਸ ’ਚ ਪੈਸੇ ਕੁਝ ਕੰਪਨੀਆਂ ਨੇ ਲਾਏ ਸਨ, ਜਿਨ੍ਹਾਂ ਨੂੰ ਪਹਿਲੇ ਦਿਨ ਤੋਂ ਹੀ 30 ਫ਼ੀਸਦੀ ਤੱਕ ਨੁਕਸਾਨ ਝੱਲਣਾ ਪੈ ਸਕਦਾ ਸੀ।

ਅਜਿਹੇ ’ਚ ਇਸ ਸਥਿਤੀ ਤੋਂ ਬਚਣ ਦਾ ਇਕ ਹੀ ਰਸਤਾ ਸੀ ਕਿ ਐੱਫ. ਪੀ. ਓ. ਵਾਪਸ ਲੈ ਲਿਆ ਜਾਵੇ। ‘ਬਲੂਮਬਰਗ’ ਨੇ ਲਿਖਿਆ ਹੈ ਕਿ ਆਖ਼ਰੀ ਸਮੇਂ ’ਤੇ ਕਿਸੇ ਕੰਪਨੀ ਦਾ ਐੱਫ. ਪੀ. ਓ. ਰੱਦ ਕਰਨ ਦਾ ਫ਼ੈਸਲਾ ਸਾਧਾਰਨ ਨਹੀਂ ਹੈ। ਇਸ ਨਾਲ ਲੋਕਾਂ ਦਾ ਵਿਸ਼ਵਾਸ ਘੱਟ ਹੋਣ ਦਾ ਖ਼ਤਰਾ ਹੈ।

‘0’ ਬਾਂਡਸ ਵੈਲਿਊ ਦਾ ਮਤਲਬ

ਨਿਸ਼ਚਿਤ ਰਿਟਰਨ ਦੀ ਗਾਰੰਟੀ ’ਤੇ ਵੱਡੀਆਂ ਕੰਪਨੀਆਂ ਬਾਂਡਸ ਜਾਰੀ ਕਰਦੀਆਂ ਹਨ ਅਤੇ ਬਾਜ਼ਾਰ ਤੋਂ ਪੈਸਾ ਉਗਰਾਹੁੰਦੀਆਂ ਹਨ। ਨਿੱਜੀ ਬੈਂਕ ਗਾਹਕਾਂ ਨੂੰ ਇਨ੍ਹਾਂ ਬਾਂਡਸ ਦੇ ਬਦਲੇ ਉਧਾਰ ਦਿੰਦੇ ਹਨ। ਇਹ ਉਧਾਰੀ ਬਾਂਡਸ ਦੀ ਰਕਮ ਦਾ 80 ਫ਼ੀਸਦੀ ਤੱਕ ਹੋ ਸਕਦੀ ਹੈ ਪਰ ਹੁਣ ਕ੍ਰੈਡਿਟ ਸੁਇਸ ਨੇ ਅਡਾਨੀ ਸਮੂਹ ਦੀਆਂ ਕੁਝ ਕੰਪਨੀਆਂ ਦੇ ਬਾਂਡਸ ਦਾ ਗਿਰਵੀ ਵੈਲਿਊ ‘ਜ਼ੀਰੋ’ ਕਰ ਦਿੱਤਾ ਹੈ। ਉਸ ਨੇ ਕਿਹਾ ਹੈ ਕਿ ਉਹ ਇਸ ’ਤੇ ਕਰਜ਼ਾ ਨਹੀਂ ਦੇਵੇਗੀ। ਇਸ ਦਾ ਮਤਲਬ ਇਹ ਹੋਇਆ ਕਿ ਜਿਨ੍ਹਾਂ ਵੀ ਗਾਹਕਾਂ ਨੇ ਅਡਾਨੀ ਸਮੂਹ ਦੇ ਬਾਂਡਸ ਗਿਰਵੀ ਰੱਖ ਕੇ ਕਰਜ਼ਾ ਲਿਆ ਹੈ, ਉਨ੍ਹਾਂ ਨੂੰ ਹੁਣ ਦੂਜੇ ਕੋਲੈਟਰਲ ਦੇਣੇ ਹੋਣਗੇ। ਜੇਕਰ ਉਹ ਅਜਿਹਾ ਨਹੀਂ ਕਰਦੇ ਹਨ ਤਾਂ ਬੈਂਕ ਬਾਂਡਸ ਦੀ ਵਿਕਰੀ ਸ਼ੁਰੂ ਕਰ ਸਕਦਾ ਹੈ। ਕ੍ਰੈਡਿਟ ਸੁਇਸ ਨੂੰ ਛੱਡ ਦਈਏ ਤਾਂ ਹੁਣੇ ਦੂਜੇ ਵਿਦੇਸ਼ੀ ਬੈਂਕਾਂ ਨੇ ਆਪਣੇ ਰੁਖ਼ ’ਚ ਕੋਈ ਬਦਲਾਅ ਨਹੀਂ ਕੀਤਾ ਹੈ।

Add a Comment

Your email address will not be published. Required fields are marked *