ਕਰਨਾਟਕ ਚੋਣਾਂ: ਸਾਬਕਾ ਮੁੱਖ ਮੰਤਰੀ ਸ਼ੈੱਟਾਰ ਨੇ ਵਿਧਾਇਕੀ ਛੱਡੀ
ਬੰਗਲੂਰੂ, 16 ਅਪਰੈਲ
ਕਰਨਾਟਕ ਵਿਧਾਨ ਸਭਾ ਚੋਣਾਂ ’ਚ ਭਾਜਪਾ ਵੱਲੋਂ ਟਿਕਟ ਨਾ ਦਿੱਤੇ ਜਾਣ ਤੋਂ ਨਾਰਾਜ਼ ਚੱਲ ਰਹੇ ਸਾਬਕਾ ਮੁੱਖ ਮੰਤਰੀ ਜਗਦੀਸ਼ ਸ਼ੈੱਟਾਰ (67) ਨੇ ਅੱਜ ਵਿਧਾਇਕੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਭਾਜਪਾ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਜਿਨ੍ਹਾਂ ਪਾਰਟੀ ਨੂੰ ਬਣਾਇਆ, ਉਨ੍ਹਾਂ ਨੂੰ ਹੁਣ ‘ਆਪਣੇ ਹੀ ਘਰ’ ਤੋਂ ਬਾਹਰ ਕੱਢਿਆ ਜਾ ਰਿਹਾ ਹੈ। ਉਨ੍ਹਾਂ ਦੇ ਇਸ ਫ਼ੈਸਲੇ ਦੀ ਨਿਖੇਧੀ ਕਰਦਿਆਂ ਭਾਜਪਾ ਆਗੂ ਬੀ ਐੱਸ ਯੇਦੀਯੁਰੱਪਾ ਨੇ ਕਿਹਾ ਕਿ ਲੋਕ ਸ਼ੈੱਟਾਰ ਨੂੰ ਮੁਆਫ਼ ਨਹੀਂ ਕਰਨਗੇ। ਉੱਤਰੀ ਕਰਨਾਟਕ ਦੇ ਪ੍ਰਭਾਵਸ਼ਾਲੀ ਲਿੰਗਾਇਤ ਆਗੂ ਸ਼ੈੱਟਾਰ ਛੇ ਵਾਰ ਵਿਧਾਇਕ ਰਹੇ ਹਨ। ਉਨ੍ਹਾਂ ਕਿਹਾ ਕਿ ਕੁਝ ਲੋਕਾਂ ਨੇ ਆਪਣੇ ਸੌੜੇ ਹਿੱਤਾਂ ਲਈ ਸਾਜ਼ਿਸ਼ ਘੜਦਿਆਂ ਉਨ੍ਹਾਂ ਨੂੰ ਇਸ ਵਾਰ ਟਿਕਟ ਨਹੀਂ ਦਿੱਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੇ ਵੀ ਚੋਣ ਮੈਦਾਨ ’ਚ ਨਾ ਉਤਾਰਨ ਦਾ ਕੋਈ ਕਾਰਨ ਨਹੀਂ ਦੱਸਿਆ। ‘ਮੇਰੀ ਉਮਰ ਅਤੇ ਸਿਹਤ ਨੂੰ ਲੈ ਕੇ ਕੋਈ ਸਮੱਸਿਆ ਨਹੀਂ ਸੀ। ਕੀ ਮੈਂ ਕੋਈ ਕਲੱਬ ਜਾਂ ਗ਼ੈਰ-ਕਾਨੂੰਨੀ ਸਰਗਰਮੀਆਂ ’ਚ ਸ਼ਾਮਲ ਹਾਂ ਜਾਂ ਮੈਂ ਗੁੰਡਾ-ਬਦਮਾਸ਼ ਹਾਂ? ਕੁਝ ਵੀ ਨਹੀਂ। ਨਾ ਹੀ ਮੇਰੀ ਕੋਈ ਸੀਡੀ (ਸੈਕਸ ਸਕੈਂਡਲ) ਹੈ।’ ਸ਼ੈੱਟਾਰ ਨੇ ਕਿਹਾ ਕਿ ਉਨ੍ਹਾਂ ਭਾਜਪਾ ਨੂੰ ਖੜ੍ਹਾ ਕਰਨ ਲਈ ਪਿਛਲੇ 30 ਸਾਲਾਂ ਤੋਂ ਪੂਰੀ ਇਮਾਨਦਾਰੀ ਨਾਲ ਕੰਮ ਕੀਤਾ ਅਤੇ ਪਾਰਟੀ ਨੇ ਉਨ੍ਹਾਂ ਨੂੰ ਅਹੁਦਾ ਅਤੇ ਸਨਮਾਨ ਵੀ ਬਖ਼ਸ਼ਿਆ। ‘ਮੇਰੇ ਕੰਮਾਂ ਕਾਰਨ ਪਾਰਟੀ ਦੀ ਪਿੰਡਾਂ ’ਚ ਸਾਖ਼ ਬਣੀ। ਅੱਜ ਪਾਰਟੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਜ਼ਿਆਦਾ ਮਜ਼ਬੂਤ ਹੋਈ ਹੈ।’ ਯੇਦੀਯੁਰੱਪਾ ਵੱਲੋਂ ਲਾਏ ਗਏ ਦੋਸ਼ਾਂ ’ਤੇ ਸ਼ੈੱਟਾਰ ਨੇ ਕਿਹਾ ਕਿ ਉਨ੍ਹਾਂ ਕੋਈ ਇਕ ਦਹਾਕਾ ਪਹਿਲਾਂ ਭਾਜਪਾ ਛੱਡ ਕੇ ਕਰਨਾਟਕ ਜਨਤਾ ਪਾਰਟੀ ਕਿਉਂ ਬਣਾਈ ਸੀ। ‘ਯੇਦੀਯੁਰੱਪਾ ਨੂੰ ਵੀ ਵਧੀਆ ਅਹੁਦੇ ਦਿੱਤੇ ਗਏ ਸਨ। ਫਿਰ ਉਨ੍ਹਾਂ ਭਾਜਪਾ ਕਿਉਂ ਛੱਡੀ ਸੀ?’ ਕਾਂਗਰਸ ’ਚ ਸ਼ਾਮਲ ਹੋਣ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਅਜੇ ਕਿਸੇ ਵੀ ਪਾਰਟੀ ’ਚ ਸ਼ਾਮਲ ਹੋਣ ਦਾ ਕੋਈ ਫ਼ੈਸਲਾ ਨਹੀਂ ਲਿਆ ਹੈ। ਉਧਰ ਯੇਦੀਯੁਰੱਪਾ ਨੇ ਕਿਹਾ ਕਿ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਨੇ ਸ਼ੈੱਟਾਰ ਦੇ ਪਰਿਵਾਰਕ ਮੈਂਬਰ ਨੂੰ ਟਿਕਟ ਦੇਣ ਦਾ ਸੁਝਾਅ ਦਿੱਤਾ ਸੀ ਅਤੇ ਉਸ ਨੂੰ ਰਾਜ ਸਭਾ ਮੈਂਬਰੀ ਤੇ ਕੇਂਦਰੀ ਮੰਤਰੀ ਬਣਾਉਣ ਦੀ ਪੇਸ਼ਕਸ਼ ਕੀਤੀ ਸੀ। ਉਨ੍ਹਾਂ ਕਿਹਾ ਕਿ ਪਾਰਟੀ ਨੇ ਸ਼ੈੱਟਾਰ ਨੂੰ ਸਿਆਸਤ ਤੋਂ ਰਿਟਾਇਰ ਹੋਣ ਲਈ ਨਹੀਂ ਕਿਹਾ ਸੀ। ਉਨ੍ਹਾਂ ਦਾਅਵਾ ਕੀਤਾ ਕਿ ਸ਼ੈੱਟਾਰ ਕਾਂਗਰਸ ’ਚ ਜਾ ਰਹੇ ਹਨ ਤੇ ਭਾਜਪਾ ਨੂੰ ਕਰਨਾਟਕ ਦੀ ਸੱਤਾ ’ਚ ਮੁੜ ਆਉਣ ਤੋਂ ਕੋਈ ਵੀ ਨਹੀਂ ਰੋਕ ਸਕਦਾ ਹੈ।
-ਪੀਟੀਆਈ

ਸ਼ੈੱਟਾਰ ਦੇ ਅਸਤੀਫ਼ੇ ਤੋਂ ਦੁਖੀ ਹਾਂ: ਬੋਮਈ
ਹੁਬਲੀ:ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਨੇ ਕਿਹਾ ਹੈ ਕਿ ਉਹ ਸ਼ੈੱਟਾਰ ਵੱਲੋਂ ਅਸਤੀਫ਼ਾ ਦੇਣ ਤੋਂ ਦੁਖੀ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸ਼ੈੱਟਾਰ ਇਸ ਖ਼ਿੱਤੇ ਦੇ ਅਹਿਮ ਆਗੂ ਹਨ। ਬੋਮਈ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨਿਚਰਵਾਰ ਨੂੰ ਸ਼ੈੱਟਾਰ ਨਾਲ ਗੱਲਬਾਤ ਕੀਤੀ ਸੀ ਪਰ ਉਹ ਨਹੀਂ ਮੰਨੇ। ਬਸਵਰਾਜ ਬੋਮਈ ਨੇ ਕਿਹਾ ਕਿ ਹੁਣ ਬਦਲਾਅ ਦਾ ਸਮਾਂ ਆ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਯੇਦੀਯੁਰੱਪਾ ਨੇ ਸਾਰਿਆਂ ਨੂੰ ਰਾਜਨੀਤੀ ਸਿਖਾਈ ਹੈ ਅਤੇ ਭਾਜਪਾ ਸਾਰੇ ਫਿਰਕਿਆਂ ਨੂੰ ਨਾਲ ਲੈ ਕੇ ਚੱਲ ਰਹੀ ਹੈ।
-ਏਐੱਨਆਈ
