ਭਿਸ਼੍ਰਟਾਚਾਰ ਮਾਮਲਾ: ਵਿਜੀਲੈਂਸ ਵੱਲੋਂ ਚੰਨੀ ਤੋਂ ਸੱਤ ਘੰਟੇ ਪੁੱਛ-ਪੜਤਾਲ

ਚੰਡੀਗੜ੍ਹ, 14 ਅਪਰੈਲ-: ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਸੂਬੇ ਦੇ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਆਗੂ ਚਰਨਜੀਤ ਸਿੰਘ ਚੰਨੀ ਤੋਂ ਸੱਤ ਘੰਟੇ ਪੁੱਛ ਪੜਤਾਲ ਦੌਰਾਨ ਕਾਂਗਰਸ ਸਰਕਾਰ ਦੇ ਸਮੇਂ ਕਥਿਤ ਚਰਚਿਤ ਭ੍ਰਿਸ਼ਟਾਚਾਰ ਮਾਮਲਿਆਂ ਅਤੇ ਗੈਰ ਕਾਨੂੰਨੀ ਗਤੀਵਿਧੀਆਂ ਬਾਰੇ ਸਵਾਲ ਕੀਤੇ। ਐੱਸਐੱਸਪੀ ਵਿਜੀਲੈਂਸ ਦਲਜੀਤ ਸਿੰਘ ਰਾਣਾ ਦੀ ਅਗਵਾਈ ਹੇਠਲੀ ਵਿਜੀਲੈਂਸ ਟੀਮ ਨੇ 100 ਦੇ ਕਰੀਬ ਸਵਾਲ ਪੁੱਛੇ। ਚੰਨੀ ਸਵੇਰੇ 11 ਵਜੇ ਦੇ ਕਰੀਬ ਵਿਜੀਲੈਂਸ ਭਵਨ ਪਹੁੰਚੇ ਤੇ ਦੇਰ ਸ਼ਾਮ ਤੱਕ ਵਿਜੀਲੈਂਸ ਦੀ ਤਫ਼ਤੀਸ਼ ਦਾ ਸਾਹਮਣਾ ਕਰਦੇ ਰਹੇ। ਇਸ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਵਿਜੀਲੈਂਸ ਦੀ ਜਾਂਚ ‘ਸਿਆਸੀ ਖੇਡ’ ਹੈ। ਹੁਣ ਜਦੋਂ ਜਲੰਧਰ ਦੀ ਜ਼ਿਮਨੀ ਚੋਣ ਦਾ ਐਲਾਨ ਹੋ ਚੁੱਕਾ ਹੈ ਤਾਂ ਸਰਕਾਰ ਨੇ ਵਿਰੋਧੀਆਂ ਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ, ‘‘ਮੇਰੇ ਖ਼ਿਲਾਫ਼ ਡੂੰਘੀ ਸਾਜ਼ਿਸ਼ ਰਚੀ ਜਾ ਰਹੀ ਹੈ ਅਤੇ ਅੱਜ ਮੇਰੀ ਗ੍ਰਿਫ਼ਤਾਰੀ ਵੀ ਹੋ ਸਕਦੀ ਹੈ।’’ ਨਾਲ ਹੀ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਹ ਕਿਸੇ ਤੋਂ ਡਰਨ ਵਾਲੇ ਨਹੀਂ ਅਤੇ ਹਰ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਹਨ। ਚੰਨੀ ਨੇ ਕਿਹਾ ਕਿ ਉਨ੍ਹਾਂ ਨੂੰ ਜਾਨ ਤੋਂ ਵੀ ਮਾਰਿਆ ਜਾ ਸਕਦਾ ਹੈ। ਚੰਨੀ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੀ ਕੁਰਕੀ ਹੋਣ ਦੇ ਆਰਡਰ ਹੋਏ ਹਨ। ਇਸ ਸਬੰਧੀ ਉਨ੍ਹਾਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਸਟੇਅ ਲਈ ਹੋਈ ਹੈ।

ਸੂਤਰਾਂ ਅਨੁਸਾਰ ਸਰੋਤਾਂ ਤੋਂ ਜ਼ਿਆਦਾ ਆਮਦਨ ਅਤੇ ਭ੍ਰਿਸ਼ਟਾਚਾਰ ਨਾਲ ਜੁੜੇ ਇਸ ਮਾਮਲੇ ਨੂੰ ਲੈ ਕੇ ਕੀਤੀ ਗਈ ਤਫ਼ਤੀਸ਼ ਦੌਰਾਨ ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਸਰਕਾਰ ਸਮੇਂ ਰੇਤ ਮਾਫੀਆ ਨਾਲ ਸਬੰਧਾਂ, ਨਾਜਾਇਜ਼ ਕਲੋਨੀਆਂ ਕੱਟਣ, ਸਰਕਾਰੀ ਗਰਾਂਟਾਂ ’ਚ ਬੇਨਿਯਮੀਆਂ, ਸਾਲੀ ਦੇ ਪੁੱਤ ਤੋਂ ਈਡੀ ਵੱਲੋਂ 10 ਕਰੋੜ ਰੁਪਏ ਦੀ ਰਕਮ ਬਰਾਮਦ ਹੋਣ, ਵਿਦੇਸ਼ ਦੌਰੇ ਸਮੇਂ ਕੀਤੇ ਖ਼ਰਚ, ਦੇਸ਼ ਅਤੇ ਵਿਦੇਸ਼ ’ਚ ਨਿਵੇਸ਼, ਗੋਆ ਵਿੱਚ ਰਿਜ਼ੌਰਟ ਲੀਜ਼ ’ਤੇ ਦੇਣ, ਸੱਭਿਆਚਾਰਕ ਮਾਮਲੇ ਅਤੇ ਪ੍ਰਾਹੁਣਚਾਰੀ ਵਿਭਾਗ ਵਿੱਚ ਹੋਈਆਂ ਬੇਨਿਯਮੀਆਂ ਨਾਲ ਜੁੜੇ ਸਵਾਲ ਕੀਤੇ ਗਏ ਹਨ। ਵਿਜੀਲੈਂਸ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਦਿਨੀਂ ਖਰੜ ਖੇਤਰ ’ਚ ਸਰਗਰਮ ਇੱਕ ਪਰਵੀਨ ਨਾਮੀ ਬਿਲਡਰ ਨੂੰ ਗ੍ਰਿਫਤਾਰ ਕਰਨ ਮਗਰੋਂ ਕਈ ਵੱਡੇ ਖੁਲਾਸੇ ਹੋਏ ਸਨ। ਇਹ ਬਿਲਡਰ ਸਾਬਕਾ ਮੁੱਖ ਮੰਤਰੀ ਦੇ ਕਰੀਬੀ ਮੰਨਿਆ ਜਾਂਦਾ ਹੈ। ਇਸ ਕਰਕੇ ਉਨ੍ਹਾਂ ਨੂੰ ਖ਼ਰੜ ਅਤੇ ਨੇੜਲੇ ਖੇਤਰਾਂ ਵਿੱਚ ਨਾਜਾਇਜ਼ ਕਲੋਨੀਆਂ ਕੱਟਣ ਦੇ ਮਾਮਲੇ ਵਿੱਚ ਤਫ਼ਤੀਸ਼ ਕੀਤੀ ਗਈ ਤੇ ਬਿਲਡਰ ਨਾਲ ਸਬੰਧਾਂ ਬਾਰੇ ਜਾਣਕਾਰੀ ਦੇਣ ਲਈ ਕਿਹਾ। ਇਸ ਦੌਰਾਨ ਮਾਈਨਿੰਗ ਦੇ ਦੋਸ਼ਾਂ ’ਚ ਗ੍ਰਿਫਤਾਰ ਕੀਤੇ ਸਰਪੰਚ ਜਸਪਾਲ ਸਿੰਘ ਨਾਲ ਸਬੰਧਾਂ ਬਾਰੇ ਵੀ ਸਵਾਲ ਕੀਤੇ ਗਏ। ਸਾਬਕਾ ਮੁੱਖ ਮੰਤਰੀ ਨੂੰ ਇਹ ਵੀ ਪੁੱਛਿਆ ਗਿਆ ਕਿ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਈਡੀ ਵੱਲੋਂ ਗ੍ਰਿਫਤਾਰ ਕੀਤੇ ਗਏ ਕਰੀਬੀ ਰਿਸ਼ਤੇਦਾਰ ਕੋਲੋਂ ਬਰਾਮਦ ਹੋਏ 10 ਕਰੋੜ ਰੁਪਏ ਕਿਸ ਦੇ ਹਨ ਅਤੇ ਉਸ ਨੂੰ ਪੰਜਾਬ ਪੁਲੀਸ ਦੀ ਸੁਰੱਖਿਆ ਛਤਰੀ ਕਿਵੇਂ ਦਿੱਤੀ ਗਈ।

ਵਿਜੀਲੈਂਸ ਨੇ ਉਨ੍ਹਾਂ ਨੂੰ ਪੁੱਛਿਆ ਕਿ ਵਿਧਾਨ ਸਭਾ ਚੋਣਾਂ ਤੋਂ ਤੁਰੰਤ ਬਾਅਦ ਵਿਦੇਸ਼ ਦੌਰੇ ਦੌਰਾਨ ਉਹ ਕਿੱਥੇ ਰਹੇ ਅਤੇ ਇਸ ਦੌਰੇ ਦਾ ਖ਼ਰਚ ਕਿੰਨਾ ਤੇ ਕਿਸ ਵੱਲੋਂ ਕੀਤਾ ਗਿਆ। ਜੇ ਵਿਦੇਸ਼ ਵਿੱਚ ਇਲਾਜ ਕਰਾਇਆ ਤਾਂ ਕਿਸ ਬੀਮਾਰੀ ਦਾ ਕਰਵਾਇਆ ਤੇ ਡਾਕਟਰੀ ਇਲਾਜ ਦਾ ਸਬੂਤ ਪੇਸ਼ ਕੀਤਾ ਜਾਵੇ। ਵਿਜੀਲੈਂਸ ਨੇ ਚੰਨੀ ਤੋਂ ਮੁੱਖ ਮੰਤਰੀ ਹੁੰਦੇ ਹੋਏ ਮਹੱਤਵਪੂਰਨ ਫੈਸਲਿਆਂ ਬਾਰੇ ਵੀ ਜਾਣਕਾਰੀ ਮੰਗੀ ਹੈ। ਵਿਜੀਲੈਂਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਬਕਾ ਮੁੱਖ ਮੰਤਰੀ ਤੋਂ ਸਿਆਸਤ ਵਿੱਚ ਆਉਣ ਤੋਂ ਬਾਅਦ ਹੁਣ ਤੱਕ ਜਾਇਦਾਦ ਬਣਾਉਣ ਸਬੰਧੀ ਵੀ ਜਾਣਕਾਰੀ ਮੰਗੀ ਗਈ ਅਤੇ ਭਵਿੱਖ ਵਿੱਚ ਦਸਤਾਵੇਜ਼ ਮੰਗੇ ਜਾਣਗੇ। ਇਸੇ ਤਰ੍ਹਾਂ ਪਰਿਵਾਰਕ ਮੈਂਬਰਾਂ ਦੇ ਨਾਮ ’ਤੇ ਜੇ ਜਾਇਦਾਦ ਦੀ ਖਰੀਦ ਕੀਤੀ ਗਈ ਤਾਂ ਉਸ ਬਾਰੇ ਵੀ ਜਾਣਕਾਰੀ ਮੰਗੀ ਜਾਵੇਗੀ। ਇਸੇ ਦੌਰਾਨ ਕਾਂਗਰਸ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਗਵਾਈ ਹੇਠਲੀ ਸਰਕਾਰ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਬਦਲਾਖੋਰੀ ਦੀ ਭਾਵਨਾ ਤਹਿਤ ਫਸਾਇਆ ਜਾ ਰਿਹਾ ਹੈ। ਉਨ੍ਹਾਂ ਚੰਨੀ ਨੂੰ ਪੂਰੀ ਤਰ੍ਹਾਂ ਬੇਕਸੂਰ ਦੱਸਿਆ।

Add a Comment

Your email address will not be published. Required fields are marked *