ਵਿਰੋਧੀਆਂ ਨੂੰ ਦਬਾਉਣਾ ਲੋਕਤੰਤਰ ਤੇ ਸੰਵਿਧਾਨ ਲਈ ਤਬਾਹਕੁਨ ਕਰਾਰ

ਨਵੀਂ ਦਿੱਲੀ, 14 ਅਪਰੈਲ-: ਬੀ.ਆਰ. ਅੰਬੇਡਕਰ ਦੇ ਜਨਮ ਦਿਹਾੜੇ ਮੌਕੇ ਅੱਜ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕੇਂਦਰ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ‘ਧੱਕੇ ਨਾਲ ਚੁੱਪ ਕਰਾਉਣ ਦਾ ਸਭਿਆਚਾਰ’ ਅਤੇ ਲੋਕਾਂ ਨੂੰ ‘ਦੇਸ਼ ਵਿਰੋਧੀ’ ਦੱਸਣ ਦਾ ਰੁਝਾਨ ਖ਼ਤਰਨਾਕ ਹੈ ਜੋ ਸਾਡੇ ਲੋਕਤੰਤਰ ਨੂੰ ਖ਼ਤਮ ਕਰ ਦੇਵੇਗਾ ਅਤੇ ਸੰਵਿਧਾਨ ਨੂੰ ਤਬਾਹ ਕਰ ਦੇਵੇਗਾ। ਉਨ੍ਹਾਂ ਕਿਹਾ ਭਾਵੇਂ ਵਿਰੋਧੀ ਪਾਰਟੀਆਂ ਹੋਣ, ਸਿਵਲ ਸੁਸਾਇਟੀ ਹੋਵੇ, ਕਾਰਕੁਨ ਜਾਂ ਐੱਨਜੀਓ ਹੋਣ, ਨਿਆਂਪਾਲਿਕਾ ਤੇ ਮੀਡੀਆ ਹੋਵੇ, ਕਿਸੇ ਉਤੇ ਵੀ ਚੁੱਪ ਨੂੰ ਥੋਪਣਾ ਖ਼ਤਰਨਾਕ ਹੈ। ਅੰਬੇਡਕਰ ਜੈਅੰਤੀ ਮੌਕੇ ਆਪਣੇ ਸੁਨੇਹੇ ਵਿਚ ਖੜਗੇ ਨੇ ਦੋਸ਼ ਲਾਇਆ ਕਿ ਸੰਸਦ ਨੂੰ ਵਿਚਾਰ-ਚਰਚਾ ਵਾਲੀ ਥਾਂ ਦੀ ਬਜਾਏ ਲੜਾਈ ਦਾ ਅਖਾੜਾ ਬਣਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਜਿਹਾ ਵਿਰੋਧੀ ਧਿਰ ਨੇ ਨਹੀਂ ਬਲਕਿ ਸੱਤਾਧਾਰੀ ਧਿਰ ਨੇ ਕੀਤਾ ਹੈ। ਖੜਗੇ ਨੇ ਕਿਹਾ ਕਿ ਅੰਬੇਡਕਰ ਨੇ ਭਾਰਤੀ ਸਿਆਸਤ ਦੇ ਸੰਦਰਭ ਵਿਚ ‘ਨਾਇਕ ਦੀ ਪੂਜਾ’ ਜਾਂ ‘ਭਗਤੀ’ ਜਿਹੇ ਬੀਮਾਰ ਵਿਚਾਰਾਂ ਬਾਰੇ ਚਿਤਾਵਨੀ ਦਿੱਤੀ ਸੀ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪਾਰਟੀ ਡਾ. ਬਾਬਾਸਾਹੇਬ ਅੰਬੇਡਕਰ ਦੇ ਮਹਾਨ ਯੋਗਦਾਨ ਲਈ ਉਨ੍ਹਾਂ ਨੂੰ ਝੁਕ ਕੇ ਪ੍ਰਣਾਮ ਕਰਦੀ ਹੈ। ਬਾਬਾਸਾਹੇਬ ਆਜ਼ਾਦੀ, ਬਰਾਬਰੀ, ਭਾਈਚਾਰੇ ਤੇ ਨਿਆਂ ਜਿਹੇ ਲੋਕਤੰਤਰਿਕ ਸਿਧਾਂਤਾਂ ਦੇ ਧਾਰਨੀ ਸਨ। ਡਾ. ਅੰਬੇਡਕਰ ਦੇ 132ਵੇਂ ਜਨਮ ਦਿਨ ਮੌਕੇ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਉਨ੍ਹਾਂ ਨੂੰ ਸਿਜਦਾ ਕੀਤਾ। ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ, ‘ਅੱਜ ਅਸੀਂ ਆਪਣੇ ਬਾਨੀਆਂ ਵਿਚੋਂ ਸ਼ਾਇਦ ਸਭ ਤੋਂ ਵੱਧ ਪੜ੍ਹੇ-ਲਿਖੇ ਤੇ ਬੁੱਧੀ ਦੇ ਪੱਖ ਤੋਂ ਨਿਵਾਜੀ ਹੋਈ ਹਸਤੀ ਨੂੰ ਯਾਦ ਕਰ ਰਹੇ ਹਾਂ। ਡਾ. ਬਾਬਾਸਾਹੇਬ ਮਹਾਨ ਤੇ ਪ੍ਰੇਰਕ ਹਸਤੀ ਹਨ।’ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਅੰਬੇਡਕਰ ਦੇ ਜਨਮ ਦਿਹਾੜੇ ਮੌਕੇ ਸਾਨੂੰ ਸੰਵਿਧਾਨ ਤੇ ਇਸ ਦੇ ਵਿਚਾਰਾਂ ਦੀ ਰਾਖੀ ਦਾ ਅਹਿਦ ਲੈਣਾ ਚਾਹੀਦਾ ਹੈ। ਕਾਂਗਰਸ ਪ੍ਰਧਾਨ ਖੜਗੇ ਨੇ ਇਸ ਮੌਕੇ ਅੰਬੇਡਕਰ ਦੇ ਖੇਤੀਬਾੜੀ ਤੇ ਜਲ ਸਰੋਤ ਖੇਤਰਾਂ ਨੂੰ ਦਿੱਤੇ ਯੋਗਦਾਨ, ਆਰਬੀਆਈ ਦੀ ਕੀਤੀ ਸਥਾਪਨਾ ਦਾ ਵੀ ਜ਼ਿਕਰ ਕੀਤਾ।

Add a Comment

Your email address will not be published. Required fields are marked *