ਅਰਬਾਂ ‘ਚ ਵਿਕੀ ਦੁਨੀਆ ਦੀ ਸਭ ਤੋਂ ਮਹਿੰਗੀ ਨੰਬਰ ਪਲੇਟ

ਹਰ ਵਾਹਨ ‘ਤੇ ਨੰਬਰ ਪਲੇਟ ਹੁੰਦੀ ਹੈ, ਜਿਸ ਦੀ ਵਰਤੋਂ ਵਾਹਨ ਦੀ ਪਛਾਣ ਵਜੋਂ ਕੀਤੀ ਜਾਂਦੀ ਹੈ। ਭਾਰਤ ਵਿੱਚ ਆਰਟੀਓ ਦਫ਼ਤਰਾਂ ਵੱਲੋਂ ਵਾਹਨਾਂ ਨੂੰ ਨੰਬਰ ਪਲੇਟ ਜਾਰੀ ਕੀਤੀ ਜਾਂਦੀ ਹੈ, ਜਿਸ ਲਈ ਕੁਝ ਰੁਪਏ ਵਸੂਲੇ ਜਾਂਦੇ ਹਨ ਪਰ ਕੀ ਤੁਸੀਂ ਸੁਣਿਆ ਹੈ ਕਿ ਕੋਈ ਨੰਬਰ ਪਲੇਟ ਕਰੋੜਾਂ ਵਿੱਚ ਵਿਕੀ ਹੋਵੇ? ਅੱਜ ਅਸੀਂ ਇਕ ਅਜਿਹੀ ਨੰਬਰ ਪਲੇਟ ਬਾਰੇ ਦੱਸਣ ਜਾ ਰਹੇ ਹਾਂ, ਜੋ ਕਰੋੜਾਂ ਰੁਪਏ ਵਿੱਚ ਵਿਕੀ ਹੈ।

ਦੁਨੀਆ ‘ਚ ਸਭ ਤੋਂ ਮਹਿੰਗੀ ਵਿਕਣ ਵਾਲੀ ਨੰਬਰ ਪਲੇਟ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਦੁਬਈ ‘ਚ ਸਭ ਤੋਂ ਮਹਿੰਗੇ ਨੰਬਰਾਂ ਦੀ ਨਿਲਾਮੀ ਕੀਤੀ ਗਈ, ਜਿਸ ਵਿੱਚ ਕਈ ਨੰਬਰ ਲੱਖਾਂ ਕਰੋੜਾਂ ‘ਚ ਵਿਕ ਚੁੱਕੇ ਹਨ। ਇਸ ਨਿਲਾਮੀ ਵਿੱਚ P7 ਨੰਬਰ ਪਲੇਟ ਸਭ ਤੋਂ ਵੱਧ ਕੀਮਤ ਵਿੱਚ ਵਿਕੀ ਹੈ। ਇਸ ਦੀ ਕੀਮਤ ਇੰਨੀ ਹੈ ਕਿ ਮੁੰਬਈ ਦੇ ਪੌਸ਼ ਇਲਾਕਿਆਂ ‘ਚ ਅਰਬਾਂ ਰੁਪਏ ਦਾ ਫਲੈਟ ਵੀ ਖਰੀਦਿਆ ਜਾ ਸਕਦਾ ਹੈ। ਕਾਰ ਦੀ ਨੰਬਰ ਪਲੇਟ P7 ਦੁਬਈ ਵਿੱਚ ਸਭ ਤੋਂ ਨੋਬਲ ਨੰਬਰਾਂ ਦੀ ਨਿਲਾਮੀ ਦੌਰਾਨ ਰਿਕਾਰਡ 55 ਮਿਲੀਅਨ ਦਿਰਹਮ ਜਾਂ ਲਗਭਗ 1,22,61,44,700 ਰੁਪਏ ਵਿੱਚ ਵਿਕੀ ਹੈ। ਸ਼ਨੀਵਾਰ ਰਾਤ ਨੂੰ ਹੋਈ ਨਿਲਾਮੀ ‘ਚ ਇਸ ਦੀ ਬੋਲੀ 15 ਮਿਲੀਅਨ ਦਿਰਹਮ ਤੋਂ ਸ਼ੁਰੂ ਹੋਈ।

ਸਕਿੰਟਾਂ ‘ਚ ਹੀ ਬੋਲੀ 30 ਮਿਲੀਅਨ ਦਿਰਹਮ ਨੂੰ ਪਾਰ ਕਰ ਗਈ। ਹਾਲਾਂਕਿ, ਇਹ ਬੋਲੀ 35 ਮਿਲੀਅਨ ਦਿਰਹਮ ‘ਚ ਜਾਣ ਤੋਂ ਬਾਅਦ ਕੁਝ ਸਮੇਂ ਲਈ ਰੋਕ ਦਿੱਤੀ ਗਈ ਸੀ। ਇਸ ਤੋਂ ਬਾਅਦ ਬੋਲੀ 55 ਮਿਲੀਅਨ ਦਿਰਹਮ ਤੱਕ ਪਹੁੰਚ ਗਈ ਅਤੇ ਇਹ ਬੋਲੀ ਪੈਨਲ 7 ਵਾਲੇ ਵਿਅਕਤੀ ਦੁਆਰਾ ਲਗਾਈ ਗਈ, ਜਿਸ ਨੇ ਬੋਲੀ ਨੂੰ ਗੁਪਤ ਰੱਖਣ ਦੀ ਸ਼ਰਤ ਰੱਖੀ। ਹਰ ਬੋਲੀ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਸੀ। ਮੀਡੀਆ ਰਿਪੋਰਟਾਂ ਮੁਤਾਬਕ ਜੁਮੇਰਾਹ ਦੇ ਫੋਰ ਸੀਜ਼ਨ ਹੋਟਲ ਵਿੱਚ ਹੋਏ ਇਸ ਸਮਾਗਮ ‘ਚ ਕਈ ਹੋਰ VIP ਨੰਬਰ ਪਲੇਟਾਂ ਅਤੇ ਫੋਨ ਨੰਬਰਾਂ ਦੀ ਵੀ ਨਿਲਾਮੀ ਕੀਤੀ ਗਈ, ਜਿਸ ਨਾਲ ਕਰੀਬ 100 ਮਿਲੀਅਨ ਦਿਰਹਮ (27 ਮਿਲੀਅਨ ਡਾਲਰ) ਇਕੱਠੇ ਹੋਏ, ਜੋ ਰਮਜ਼ਾਨ ਦੌਰਾਨ ਲੋਕਾਂ ਨੂੰ ਭੋਜਨ ਦੇਣ ਲਈ ਵਰਤੇ ਜਾਣਗੇ।

Add a Comment

Your email address will not be published. Required fields are marked *