ਪੰਜਾਬ ਛੱਡਣ ਲਈ ਤਿਆਰ ਹੋਏ ਇੰਦਰਜੀਤ ਨਿੱਕੂ, ਜਾਣੋ ਕੀ ਹੈ ਮਜਬੂਰੀ

ਚੰਡੀਗੜ੍ਹ : ਕੀ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਹੁਣ ਪੰਜਾਬ ਛੱਡ ਦੇਣਗੇ? ਦਰਅਸਲ, ਨਿੱਕੂ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਸਾਂਝੀ ਕੀਤੀ ਹੈ ਤੇ ਉਹ ਪੰਜਾਬ ਛੱਡਣ ਦੀ ਗੱਲ ਕਰ ਰਹੇ ਹਨ। ਪੰਜਾਬੀ ਗਾਇਕ ਨਿੱਕੂ ਨੇ ਸਾਂਝੀ ਕੀਤੀ ਪੋਸਟ ’ਚ ਲਿਖਿਆ ਕਿ ਸ਼ੁਭਦੀਪ ਸਿੰਘ ਸਿੱਧੂ ਨੂੰ ਕਦੋਂ ਇਨਸਾਫ਼ ਮਿਲੇਗਾ ਜਾਂ ਸਿੱਧੂ ਦੇ ਮਾਪੇ ਤੇ ਉਸ ਨੂੰ ਚਾਹੁਣ ਵਾਲੇ ਇਸੇ ਤਰ੍ਹਾਂ ਹੀ ਤੜਫ਼ਦੇ ਰਹਿਣਗੇ। ਨਿੱਕੂ ਨੇ ਅੱਗੇ ਲਿਖਿਆ ਕਿ ਉਹ ਪਿਛਲੇ 25 ਸਾਲਾਂ ਤੋਂ ਪੰਜਾਬ ’ਚ ਰਹਿ ਕੇ ਪੰਜਾਬੀ ਮਾਂ ਬੋਲੀ ਰਾਹੀਂ ਗੁਰੂਆਂ ਦੀ ਬਖ਼ਸ਼ੀ ਦਸਤਾਰ ਕਰਕੇ ਅਤੇ ਪੰਜਾਬੀ ਗੀਤਾਂ ਨਾਲ ਲੋਕਾਂ ਦੀ ਸੇਵਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸਿੱਧੂ ਨੇ ਕਦੇ ਆਪਣਾ ਪਿੰਡ ਨਹੀਂ ਛੱਡਿਆ ਸੀ, ਉਸੇ ਤਰ੍ਹਾਂ ਉਸ ਨੇ ਵੀ ਕਦੇ ਆਪਣਾ ਪਿੰਡ ਨਹੀਂ ਛੱਡਿਆ ਪਰ ਹੁਣ ਉਸ ਦਾ ਵੀ ਇਥੇ ਜੀਅ ਨਹੀਂ ਲੱਗਦਾ। ਉਸ ਨੂੰ ਆਪਣੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਫ਼ਿਕਰ ਹੋ ਰਹੀ ਹੈ।

ਪੰਜਾਬੀ ਗਾਇਕ ਨਿੱਕੂ ਨੇ ਅੱਗੇ ਲਿਖਿਆ ਕਿ ਸਿੱਧੂ ਨੇ ਦੇਸ਼ ’ਚ ਹੀ ਨਹੀਂ ਸਗੋਂ ਵਿਦੇਸ਼ਾਂ ’ਚ ਗੋਰੇ ਵੀ ਪ੍ਰਸ਼ੰਸਕ ਹਨ ਤੇ ਉਸ ਨੇ ਉਨ੍ਹਾਂ ਨੂੰ ਵੀ ਪੰਜਾਬੀ ਸੁਣਨ ਤੇ ਗਾਉਣ ਲਾ ਦਿੱਤਾ ਹੈ। ਸਿੱਧੂ ਇਸ ਜਹਾਨ ਤੋਂ ਜਾਣ ਮਗਰੋਂ ਵੀ ਸਰਕਾਰ ਨੂੰ ਕਰੋੜਾਂ ਰੁਪਏ ਟੈਕਸ ਭਰਦਾ ਹੈ, ਜੇ ਸਰਕਾਰਾਂ ਉਸ ਨੂੰ ਇਨਸਾਫ਼ ਨਹੀਂ ਦਿਵਾ ਸਕਦੀਆਂ ਤਾਂ ਆਮ ਲੋਕਾਂ ਦਾ ਕੀਤੀ ਬਣੇਗਾ। ਉਨ੍ਹਾਂ ਲਿਖਿਆ ਕਿ ਮੈਂ ਖ਼ੁਦ ਹਰ ਸਰਕਾਰ ਲਈ ਪਤਾ ਨਹੀਂ ਕਿੰਨੀ ਵਾਰ ਫ਼੍ਰੀ ਸੇਵਾ ਕੀਤੀ ਤੇ ਮੌਜੂਦਾ ਸਰਕਾਰ ਲਈ ਤਾਂ ਦਿਨ-ਰਾਤ ਇਕ ਕਰ ਦਿੱਤਾ ਸੀ ਪਰ ਬੁਰੇ ਸਮੇਂ ’ਚ ਮਦਦ ਕਰਨਾ ਤਾਂ ਦੂਰ ਦੀ ਗੱਲ ਹੈ, ਇਸ ਸਰਕਾਰ ਨੇ ਅਜੇ ਤੱਕ ਮੇਰਾ ਹਾਲ ਵੀ ਨਹੀਂ ਪੁੱਛਿਆ। ਉਨ੍ਹਾਂ ਲਿਖਿਆ ਕਿ ਹੁਣ ਮਜਬੂਰੀ ’ਚ ਉਸ ਨੂੰ ਆਪਣਾ ਵਤਨ ਛੱਡਣਾ ਪੈਣਾ ਹੈ, ਜੋ ਉਹ ਤੇ ਉਸ ਦਾ ਪਰਿਵਾਰ ਕਦੇ ਨਹੀਂ ਚਾਹੁੰਦੇ ਸੀ।

ਲੋਕਾਂ ਲਈ ਗਾਉਣ ਵਾਲੇ ਨਾਲ ਲੋਕ ਤਾਂ ਪੂਰੀ ਦੁਨੀਆ ਲੈ ਕੇ ਖੜ੍ਹੇ ਹੋ ਗਏ, ਇਨਸਾਫ਼ ਦਿਵਾਉਣ ਵਾਲੇ ਪਤਾ ਨਹੀਂ ਕਿਉਂ ਸੁੱਤੇ ਪਏ ਹਨ। ਪੰਜਾਬੀ ਗਾਇਕ ਨੇ ਅੱਗੇ ਲਿਖਿਆ ਕਿ ਜਿਸ ਦੇ ਇਨਸਾਫ਼ ਲਈ ਪੂਰੀ ਦੁਨੀਆ ਗੁਹਾਰ ਲਾ ਰਹੀ ਹੈ, ਜੇ ਪੰਜਾਬ ਦੇ ਇਸ ਪੁੱਤ ਨੂੰ ਸਰਕਾਰ ਇਨਸਾਫ਼ ਨਹੀਂ ਦਿਵਾ ਸਕਦੀ ਤਾਂ ਸਰਕਾਰ ਨੂੰ ਪੰਜਾਬ ਦੀ ਸਰਕਾਰ ਅਖਵਾਉਣ ਦਾ ਕੋਈ ਹੱਕ ਨਹੀਂ ਹੈ। ਜ਼ਿਕਰਯੋਗ ਹੈ ਕਿ ਥੋੜ੍ਹਾ ਸਮਾਂ ਪਹਿਲਾਂ ਵੀ ਪੰਜਾਬੀ ਗਾਇਕ ਨਿੱਕੂ ਉਦੋਂ ਸੁਰਖੀਆਂ ’ਚ ਆਇਆ ਸੀ, ਜਦੋਂ ਉਸ ਨੇ ਆਪਣੀਆਂ ਪ੍ਰੇਸ਼ਾਨੀਆਂ ਨੂੰ ਲੈ ਕੇ ਬਾਗੇਸ਼ਵਰ ਧਾਮ ਵਾਲੇ ਬਾਬੇ ਕੋਲ ਪਹੁੰਚ ਕੀਤੀ ਸੀ।

Add a Comment

Your email address will not be published. Required fields are marked *