ਕਰੀਨਾ ਕਪੂਰ ਘਿਰੀ ਮੁਸ਼ਕਿਲਾਂ, ਹਾਈਕੋਰਟ ਨੇ ਜਾਰੀ ਕੀਤਾ ਨੋਟਿਸ

ਬਾਲੀਵੁੱਡ ਦੀ ‘ਬੇਬੋ’ ਕਰੀਨਾ ਕਪੂਰ ਖ਼ਾਨ ਮੁਸ਼ਕਿਲਾਂ ‘ਚ ਘਿਰਦੀ ਨਜ਼ਰ ਆ ਰਹੀ ਹੈ। ਦਰਅਸਲ, ਮੱਧ ਪ੍ਰਦੇਸ਼ ਹਾਈ ਕੋਰਟ ਦੀ ਜਬਲਪੁਰ ਬੈਂਚ ਨੇ ਕਰੀਨਾ ਕਪੂਰ ਨੂੰ ਨੋਟਿਸ ਜਾਰੀ ਕੀਤਾ ਹੈ, ਜੋ ‘ਕਰੀਨਾ ਕਪੂਰ ਪ੍ਰੈਗਨੈਂਸੀ ਬਾਈਬਲ’ ਨਾਂ ਦੀ ਵਿਵਾਦਤ ਕਿਤਾਬ ਨੂੰ ਲੈ ਕੇ ਦਿੱਤਾ ਗਿਆ ਹੈ। ਕਰੀਨਾ ਕਪੂਰ ਤੋਂ ਇਲਾਵਾ ਜਸਟਿਸ ਜੀ. ਐੱਸ. ਆਹਲੂਵਾਲੀਆ ਦੀ ਸਿੰਗਲ ਬੈਂਚ ਨੇ ਅਦਿਤੀ ਸ਼ਾਹ ਭੀਮਜਿਆਨੀ, ਐਮਾਜ਼ਾਨ ਇੰਡੀਆ, ਜੁਗਰਨਾਟ ਬੁਕਸ ਅਤੇ ਹੋਰਾਂ ਨੂੰ ਵੀ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 1 ਜੁਲਾਈ ਨੂੰ ਹੋਵੇਗੀ।

ਦੱਸ ਦਈਏ ਕਿ ਜਬਲਪੁਰ ਸਿਵਲ ਲਾਈਨ ਦੇ ਰਹਿਣ ਵਾਲੇ ਕ੍ਰਿਸਟੋਫਰ ਐਂਥਨੀ ਨੇ ਹਾਈ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਹੈ, ਜਿਸ ‘ਚ ਉਸ ਨੇ ‘ਕਰੀਨਾ ਕਪੂਰ ਪ੍ਰੈਗਨੈਂਸੀ ਬਾਈਬਲ’ ਕਿਤਾਬ ਰਾਹੀਂ ਈਸਾਈ ਸਮਾਜ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਾਇਆ ਹੈ। ਪਟੀਸ਼ਨ ਰਾਹੀਂ ਕਰੀਨਾ ਕਪੂਰ ਖ਼ਿਲਾਫ਼ ਅਪਰਾਧਿਕ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਗਈ ਹੈ। ਇਹ ਵੀ ਕਿਹਾ ਗਿਆ ਹੈ ਕਿ ਕਰੀਨਾ ਕਪੂਰ ਖਾਨ ਨੇ ਇਹ ਕਿਤਾਬ ਸਸਤੀ ਪ੍ਰਸਿੱਧੀ ਹਾਸਲ ਕਰਨ ਦੇ ਇਰਾਦੇ ਨਾਲ ਲਿਖੀ ਹੈ, ਜਿਸ ਦਾ ਕਵਰ ਪੇਜ ਵੀ ਇਤਰਾਜ਼ਯੋਗ ਹੈ।

ਐਡਵੋਕੇਟ ਕ੍ਰਿਸਟੋਫਰ ਐਂਥਨੀ ਨੇ ਪਟੀਸ਼ਨ ਦਾਇਰ ਕੀਤੀ ਅਤੇ ਦਲੀਲ ਦਿੱਤੀ ਕਿ ਕਰੀਨਾ ਕਪੂਰ ਖ਼ਾਨ ਨੇ ਆਪਣੇ ਗਰਭ ਅਵਸਥਾ ਦੇ ਅਨੁਭਵ ਨੂੰ ਸਾਂਝਾ ਕਰਨ ਲਈ ਇਹ ਕਿਤਾਬ ਪ੍ਰਕਾਸ਼ਿਤ ਕੀਤੀ ਸੀ। ਕਿਤਾਬ ਦੇ ਨਾਂ ਨਾਲ ਬਾਈਬਲ ਜੋੜਨ ਨਾਲ ਈਸਾਈ ਧਰਮ ਦੇ ਲੋਕਾਂ ਨੂੰ ਦੁੱਖ ਪਹੁੰਚਿਆ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ। ਕਿਤਾਬ ਦਾ ਸਿਰਲੇਖ ਈਸਾਈ ਧਰਮ ਦੇ ਪੈਰੋਕਾਰਾਂ ਦੇ ਪਵਿੱਤਰ ਧਾਰਮਿਕ ਗ੍ਰੰਥ ਬਾਈਬਲ ਤੋਂ ਲਿਆ ਗਿਆ ਹੈ, ਜਿਸ ਕਾਰਨ ਈਸਾਈ ਸਮਾਜ ਦੇ ਲੋਕਾਂ ਵੱਲੋਂ ਮੰਗ ਪੱਤਰ ਅਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਬਾਈਬਲ ਈਸਾਈ ਧਰਮ ਦਾ ਧਾਰਮਿਕ ਗ੍ਰੰਥ ਹੈ ਅਤੇ ਇਸ ਪਵਿੱਤਰ ਗ੍ਰੰਥ ਵਿਚ ਪ੍ਰਭੂ ਯਿਸੂ ਮਸੀਹ ਦੀਆਂ ਸਿੱਖਿਆਵਾਂ ਅਤੇ ਦ੍ਰਿਸ਼ਟਾਂਤ ਮਿਲਦੇ ਹਨ। 

Add a Comment

Your email address will not be published. Required fields are marked *