ਈਸਟਰ ’ਤੇ ਸ਼ਾਂਤੀ ਦੀ ਅਪੀਲ ਦੇ ਬਾਵਜੂਦ ਯੂਕ੍ਰੇਨ ’ਚ ਗੋਲ਼ਾਬਾਰੀ ਜਾਰੀ

ਕੀਵ : ਯੂਕ੍ਰੇਨ ਦੇ ਅਧਿਕਾਰੀਆਂ ਨੇ ਐਤਵਾਰ ਨੂੰ ਕਿਹਾ ਕਿ ਰੂਸੀ ਫੌਜੀਆਂ ਵੱਲੋਂ ਕੀਤੀ ਗੋਲ਼ਾਬਾਰੀ ‘ਚ ਘੱਟੋ-ਘੱਟ 7 ਨਾਗਰਿਕ ਮਾਰੇ ਗਏ। ਇਹ ਗੋਲ਼ਾਬਾਰੀ ਉਦੋਂ ਹੋਈ ਜਦੋਂ ਪੋਪ ਫਰਾਂਸਿਸ ਅਤੇ ਕੈਂਟਰਬਰੀ ਦੇ ਆਰਚਬਿਸ਼ਪ ਜਸਟਿਨ ਵੇਲਬੀ ਨੇ ਆਪਣੇ ਰਵਾਇਤੀ ਈਸਟਰ ਸੰਦੇਸ਼ ਵਿੱਚ ਯੂਕ੍ਰੇਨ ‘ਚ ਜੰਗ ਅਤੇ ਦੁਨੀਆ ਭਰ ਦੇ ਹੋਰ ਸੰਘਰਸ਼ਾਂ ਦਾ ਜ਼ਿਕਰ ਕੀਤਾ। ਯੂਕ੍ਰੇਨ ‘ਚ ਇਕ ਵੱਡੀ ਆਬਾਦੀ ਈਸਾਈ ਧਰਮ ਵਿੱਚ ਵਿਸ਼ਵਾਸ ਰੱਖਦੀ ਹੈ। ਕੁਝ ਕੈਥੋਲਿਕਾਂ ਨੇ ਐਤਵਾਰ ਨੂੰ ਈਸਟਰ ਮਨਾਇਆ, ਜਦ ਕਿ ਆਰਥੋਡਾਕਸ ਗਿਰਜਾਘਰਾਂ ਨੇ ਪਾਮ ਸੰਡੇ ਮਨਾਇਆ।

ਯੂਕ੍ਰੇਨ ਦੀ ਫੌਜ ਨੇ ਕਿਹਾ ਕਿ ਰੂਸੀ ਫੌਜ ਦਾ ਧਿਆਨ ਯੂਕ੍ਰੇਨ ਦੇ ਉਦਯੋਗਿਕ ਪੂਰਬੀ ਖੇਤਰਾਂ ’ਤੇ ਮੁੜ ਕਬਜ਼ਾ ਕਰਨ ’ਤੇ ਹੈ। ਇਸ ਨੇ 2 ਹੋਰ ਪ੍ਰਾਂਤਾਂ ਉੱਤਰ-ਪੂਰਬ ਵਿੱਚ ਖਾਰਕੀਵ ਅਤੇ ਦੱਖਣ-ਪੂਰਬ ‘ਚ ਜ਼ਪੋਰੀਜ਼ੀਆ ’ਤੇ ਮਿਜ਼ਾਈਲ ਅਤੇ ਰਾਕੇਟ ਹਮਲੇ ਕੀਤੇ। ਖਾਰਕੀਵ ਦੇ ਗਵਰਨਰ ਓਲੇਹ ਸਨਿਹੁਬੋਵ ਨੇ ਕਿਹਾ ਕਿ ਕੁਪਿਆਂਸਕ ਸ਼ਹਿਰ ’ਚ ਐਤਵਾਰ ਨੂੰ ਗੋਲ਼ਾਬਾਰੀ ’ਚ 2 ਲੋਕ ਮਾਰੇ ਗਏ। ਇਹ ਸ਼ਹਿਰ ਪਹਿਲਾਂ ਰੂਸ ਦੇ ਕੰਟਰੋਲ ਵਿੱਚ ਸੀ ਪਰ ਬਾਅਦ ‘ਚ ਯੂਕ੍ਰੇਨ ਦੇ ਸੁਰੱਖਿਆ ਬਲਾਂ ਨੇ ਮੁੜ ਕਬਜ਼ਾ ਕਰ ਲਿਆ। ਸ਼ਹਿਰ ‘ਤੇ ਐਤਵਾਰ ਨੂੰ ਹਮਲਾ ਹੋਇਆ ਸੀ। ਰੂਸੀ ਫੌਜੀ ਬਲਾਂ ਨੇ ਰਿਹਾਇਸ਼ੀ ਇਲਾਕਿਆਂ ‘ਤੇ ਰਾਕੇਟ ਦਾਗੇ।

Add a Comment

Your email address will not be published. Required fields are marked *