35ਵੀਆਂ ਆਸਟ੍ਰੇਲੀਆਈ ‘ਸਿੱਖ ਖੇਡਾਂ’ 7 ਅਪ੍ਰੈਲ ਤੋਂ, ਪ੍ਰਧਾਨ ਸਰਬਜੋਤ ਸਿੰਘ ਢਿੱਲੋਂ ਵੱਲੋਂ ਲੋਕਾਂ ਨੂੰ ਖ਼ਾਸ ਅਪੀਲ

ਬ੍ਰਿਸਬੇਨ: ਵਿਸ਼ਵ ਭਰ ਵਿਚ ਪੰਜਾਬੀ ਭਾਈਚਾਰੇ ਦੀ ਪਹਿਚਾਣ ਬਣ ਚੁੱਕੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਕੁਈਨਜ਼ਲੈਂਡ ਸੂਬੇ ਦੇ ਸ਼ਹਿਰ ਬ੍ਰਿਸਬੇਨ ਵਿਖੇ ਗੋਲਡ ਕੋਸਟ ਦੇ ਪ੍ਰਫਾਰਮੈਂਸ ਸੈਂਟਰ ਵਿਖੇ 7, 8, 9 ਅਪ੍ਰੈਲ 2023 ਈਸਟਰ ਵੀਕਐਂਡ ਨੂੰ ਬਹੁਤ ਹੀ ਸ਼ਾਨੋ-ਸ਼ੌਕਤ ਨਾਲ ਕਰਵਾਈਆਂ ਜਾ ਰਹੀਆਂ ਹਨ। ਇਹਨਾਂ ਖੇਡਾਂ ਦੇ ਐਨਸੈਕ ਕਮੇਟੀ ਦੇ ਕੌਮੀ ਪ੍ਰਧਾਨ ਸਰਬਜੋਤ ਸਿੰਘ ਢਿੱਲੋ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਪਿਛਲੇ ਕਈ ਮਹੀਨਿਆਂ ਤੋਂ ਹੋ ਰਹੀ ਸਖ਼ਤ ਮਿਹਨਤ ਤੇ ਵਿਉਂਤਬੰਦੀ ਅਨੁਸਾਰ ਖੇਡਾਂ ਨੂੰ ਸਫਲ ਤੇ ਯਾਦਗਾਰੀ ਬਣਾਉਣ ਲਈ ਕੋਈ ਵੀ ਕਸਰ ਬਾਕੀ ਨਹੀ ਛੱਡੀ ਜਾਵੇਗੀ। ਉਨ੍ਹਾਂ ਦੱਸਿਆ 35ਵੀਆਂ ਸਿੱਖ ਖੇਡਾਂ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਹਨਾਂ ਦੱਸਿਆ ਕਿ ਇਹ ਸਾਲ ਸਿੱਖ ਖੇਡਾਂ ਲਈ ਬਹੁਤ ਅਹਿਮ ਹੈ ਅਤੇ ਇਹ ‘ਸਿੱਖ ਖੇਡਾਂ’ ਦੇ ਇਤਿਹਾਸ ਵਿਚ ਦਰਜ ਕੀਤਾ ਜਾਵੇਗਾ। ਇਨ੍ਹਾਂ ਖੇਡਾਂ ਵਿੱਚ ਲਗਭਗ 4700 ਐਥਲੀਟ ਭਾਗ ਲੈ ਰਹੇ ਹਨ। ਕੁੱਲ 310 ਟੀਮਾਂ ਭਾਗ ਲੈ ਰਹੀਆਂ ਹਨ। 

ਇਹਨਾਂ ਖੇਡਾਂ ਵਿਚ 1600 ਦੇ ਕਰੀਬ ਜੂਨੀਅਰ ਬੱਚੇ ਵੱਖ-ਵੱਖ ਖੇਡਾਂ ਵਿਚ ਭਾਗ ਲੈ ਰਹੇ ਹਨ ਮਤਲਬ ਕ੍ਰਿਕਟ, ਬਾਸਕਟਬਾਲ,ਅਥਲੈਟਿਕਸ ਆਦਿ। 400 ਦੇ ਕਰੀਬ ਵੁਮਨਜ਼ ਖਿਡਾਰਨਾਂ ਭਾਗ ਲੈ ਰਹੀਆਂ ਹਨ। ਇਹਨਾਂ ਵਿਚ 30 ਨੈੱਟਬਾਲ ਵੁਮਨਜ਼ ਦੀਆਂ ਟੀਮਾਂ ਹਨ, ਜਿਹਨਾਂ ਵਿਚ ਅੰਡਰ 17 ਅਤੇ ਅੰਡਰ 30 ਦੀਆਂ ਟੀਮਾਂਂ ਹਨ। ਸਰਬਜੋਤ ਸਿੰਘ ਨੇ ਇਹਨਾਂ ਗੇਮਾਂ ਨੂੰ ਦੇਖਣ ਲਈ ਸਿੱਖ ਭਾਈਚਾਰੇ ਨੂੰ ਵੱਧ ਚੜ੍ਹ ਕੇ ਪਹੁੰਚਣ ਦੀ ਅਪੀਲ ਕੀਤੀ। ਉਹਨਾਂ ਨੇ ਅੱਗੇ ਕਿਹਾ ਕਿ ਅਫਵਾਹਾਂ ਵੱਲ ਧਿਆਨ ਨਾ ਦਿਓ। ਸਾਡੇ ਵਾਲੰਟੀਅਰਾਂ ਨੇ ਬੀਤੇ ਦੋ ਸਾਲਾਂ ਤੋਂ ਇਹਨਾਂ ਖੇਡਾਂ ਦੀਆਂ ਤਿਆਰੀਆਂ ਲਈ ਸਖ਼ਤ ਮਿਹਨਤ ਕੀਤੀ ਹੈ। 

ਇਨ੍ਹਾਂ ਖੇਡਾਂ ਵਿੱਚ ਆਸਟ੍ਰੇਲੀਆ, ਨਿਊਜ਼ੀਲੈਂਡ, ਸਿੰਗਾਪੁਰ, ਮਲੇਸ਼ੀਆ ਤੇ ਭਾਰਤ ਆਦਿ ਦੇਸ਼ਾਂ ਤੋਂ ਖਿਡਾਰੀ ਕਬੱਡੀ, ਫੁੱਟਬਾਲ, ਵਾਲੀਬਾਲ, ਕ੍ਰਿਕਟ, ਗੋਲਫ, ਬੈਡਮਿੰਟਨ, ਰੱਸਾ-ਕੱਸੀ, ਨੈੱਟਬਾਲ, ਪਾਵਰਲਿਫਟਿੰਗ, ਟੱਚ ਫੁੱਟਬਾਲ, ਬਾਸਕਟਬਾਲ, ਦੌੜਾਂ ਤੇ ਹਾਕੀ ਆਦਿ ਖੇਡਾਂ ‘ਚ ਭਾਗ ਲੈਂਦਿਆ ਆਪਣੀ ਕਲਾ ਨਾਲ ਤਿੰਨ ਦਿਨ ਤਕਰੀਬਨ ਇਕ ਲੱਖ ਦੇ ਕਰੀਬ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਐਨਸੈਕ ਕਮੇਟੀ ਦੇ ਕੌਮੀ ਪ੍ਰਧਾਨ ਸਰਬਜੋਤ ਸਿੰਘ ਢਿੱਲੋ ਨੇ ਸਾਰਿਆਂ ਨੂੰ ਪਰਿਵਾਰਾਂ ਸਮੇਤ ਹੁੰਮ-ਹੁੰਮਾ ਕੇ ਪਹੁੰਚਣ ਦੀ ਅਪੀਲ ਕੀਤੀ। 

Add a Comment

Your email address will not be published. Required fields are marked *