ਅਮਰੀਕਾ ‘ਚ 6 ਸਾਲਾ ਬੱਚੇ ਨੇ ਕਲਾਸਰੂਮ ‘ਚ ਅਧਿਆਪਕਾ ਨੂੰ ਮਾਰੀ ਗੋਲੀ, ਪੁਲਸ ਨੇ ਲਿਆ ਹਿਰਾਸਤ ‘ਚ

ਨੋਰਫੋਕ/ਅਮਰੀਕਾ – ਅਮਰੀਕਾ ਦੇ ਵਰਜੀਨੀਆ ਸੂਬੇ ਵਿੱਚ ਇੱਕ 6 ਸਾਲਾ ਬੱਚੇ ਨੂੰ ਆਪਣੇ ਸਕੂਲ ਵਿੱਚ ਇੱਕ ਅਧਿਆਪਕਾ ਨੂੰ ਗੋਲੀ ਮਾਰਨ ਦੇ ਦੋਸ਼ ਵਿਚ ਹਿਰਾਸਤ ਵਿਚ ਲਿਆ ਗਿਆ ਹੈ। ਸ਼ੁੱਕਰਵਾਰ ਨੂੰ ਪਹਿਲੀ ਜਮਾਤ ਵਿੱਚ ਪੜ੍ਹਦੇ ਇਸ ਵਿਦਿਆਰਥੀ ਦਾ ਅਧਿਆਪਕਾ ਨਾਲ ਵਿਵਾਦ ਹੋਇਆ ਸੀ। ਨਿਊਪੋਰਟ ਨਿਊਜ਼ ਸਿਟੀ ਪੁਲਸ ਅਤੇ ਸਕੂਲ ਪ੍ਰਬੰਧਨ ਨੇ ਇਹ ਜਾਣਕਾਰੀ ਦਿੱਤੀ। ਪੁਲਿਸ ਨੇ ਕਿਹਾ ਕਿ ਰਿਚਨੇਕ ਐਲੀਮੈਂਟਰੀ ਸਕੂਲ ਵਿੱਚ ਗੋਲੀਬਾਰੀ ਦੀ ਘਟਨਾ ਵਿੱਚ ਹਾਲਾਂਕਿ ਕੋਈ ਵਿਦਿਆਰਥੀ ਜ਼ਖ਼ਮੀ ਨਹੀਂ ਹੋਇਆ।  ਨਿਊਪੋਰਟ ਨਿਊਜ਼ ਦੇ ਪੁਲਸ ਮੁਖੀ ਸਟੀਵ ਡਰਿਊ ਨੇ ਦੱਸਿਆ ਕਿ ਅਧਿਆਪਕਾ ਦੀ ਉਮਰ 30 ਸਾਲ ਹੈ ਅਤੇ ਗੋਲੀ ਲੱਗਣ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ।

ਹਾਲਾਂਕਿ ਬਾਅਦ ਦੁਪਹਿਰ ਤੱਕ ਉਨ੍ਹਾਂ ਦੀ ਹਾਲਤ ‘ਚ ਸੁਧਾਰ ਹੋਇਆ। ਡਰਿਊ ਨੇ ਪੱਤਰਕਾਰਾਂ ਨੂੰ ਕਿਹਾ, “ਗੋਲੀਬਾਰੀ ਦੀ ਘਟਨਾ ਕੋਈ ਹਾਦਸਾ ਨਹੀਂ ਸੀ। ਵਿਦਿਆਰਥੀ ਅਤੇ ਅਧਿਆਪਕਾ ਇੱਕ-ਦੂਜੇ ਨੂੰ ਜਾਣਦੇ ਸਨ ਅਤੇ ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਵਿਵਾਦ ਹੋਇਆ ਸੀ।” ਉਨ੍ਹਾਂ ਕਿਹਾ ਕਿ ਬੱਚਾ ਕਲਾਸ ‘ਚ ਹਥਿਆਰ ਲੈ ਕੇ ਆਇਆ ਸੀ ਅਤੇ ਜਾਂਚ ਅਧਿਕਾਰੀ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਉਸ ਕੋਲ ਹਥਿਆਰ ਕਿੱਥੋਂ ਆਇਆ ਹੈ। ਥਾਣਾ ਮੁਖੀ ਨੇ ਹਾਲਾਂਕਿ ਇਸ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਨਹੀਂ ਦਿੱਤੀ।

ਸਕੂਲ ਵਿੱਚ ਚੌਥੀ ਜਮਾਤ ਵਿਚ ਪੜ੍ਹਣ ਵਾਲੇ ਇਕ ਵਿਦਿਆਰਥੀ ਦੀ ਮਾਂ ਜੋਸਲੀਨ ਗਲੋਵਰ ਨੇ ਵਰਜੀਨੀਆ-ਪਾਇਲਟ ਅਖ਼ਬਾਰ ਨੂੰ ਦੱਸਿਆ ਕਿ ਉਸ ਨੂੰ ਸਕੂਲ ਤੋਂ ਫੋਨ ਆਇਆ ਸੀ ਕਿ ਇੱਕ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਗਈ ਹੈ ਅਤੇ ਇਕ ਹੋਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਗਲੋਵਰ ਨੇ ਕਿਹਾ, “ਇਸ ਸੰਦੇਸ਼ ਨਾਲ ਮੇਰਾ ਦਿਲ ਬੈਠ ਗਿਆ। ਮੈਂ ਇਹ ਸੋਚ ਕੇ ਘਬਰਾ ਗਈ ਕਿ ਉਹ ਵਿਅਕਤੀ ਮੇਰਾ ਪੁੱਤਰ ਤਾਂ ਨਹੀਂ ਹੈ।” ਹਾਲਾਂਕਿ, ਗਲੋਵਰ ਦਾ 9 ਸਾਲਾ ਪੁੱਤਰ ਕਾਰਲੋਸ ਉਸ ਸਮੇਂ ਦੁਪਹਿਰ ਦੇ ਖਾਣੇ ਦੀ ਛੁੱਟੀ ‘ਤੇ ਸੀ। ਉਸ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਸਕੂਲ ਦੇ ਬੱਚੇ ਉੱਚੀ-ਉੱਚੀ ਰੋ ਰਹੇ ਸਨ। ਦੂਜੇ ਪਾਸੇ ਥਾਣਾ ਮੁਖੀ ਨੇ ਇਹ ਨਹੀਂ ਦੱਸਿਆ ਕਿ ਅਧਿਕਾਰੀ ਬੱਚੇ ਦੇ ਮਾਪਿਆਂ ਦੇ ਸੰਪਰਕ ਵਿੱਚ ਹਨ ਜਾਂ ਨਹੀਂ। ਹਾਲਾਂਕਿ, ਉਨ੍ਹਾਂ ਕਿਹਾ ਕਿ ਪੁਲਸ ਵਿਭਾਗ ਇਸ ਘਟਨਾ ਦੀ ਜਾਂਚ ਕਰ ਰਿਹਾ ਹੈ।

Add a Comment

Your email address will not be published. Required fields are marked *