ਪੰਜਾਬ ਦੀ ਸ਼ਾਂਤੀ ਨਾਲ ਖਿਲਵਾੜ ਬਰਦਾਸ਼ਤ ਨਹੀਂ: ਕੇਜਰੀਵਾਲ

ਪਟਿਆਲਾ, 5 ਅਪਰੈਲ-: ਪੰਜਾਬ ਵਾਸੀਆਂ ਨੂੰ ਹੋਰ ਵਧੇਰੇ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਪ੍ਰਦਾਨ ਕਰਨ ਦੇ ਮਨੋਰਥ ਨਾਲ ਅੱਜ ਪੰਜਾਬ ਸਰਕਾਰ ਵੱਲੋਂ ‘ਸੀ.ਐੱਮ. ਦੀ ਯੋਗਸ਼ਾਲਾ’ ਦੇ ਬੈਨਰ ਹੇਠ ਇਕ ਵਿਸ਼ੇਸ਼ ਮਿਸ਼ਨ ਦੀ ਸ਼ੁਰੂਆਤ ਕੀਤੀ ਗਈ। ਇਸ ਮੁਹਿੰਮ ਦਾ ਰਸਮੀ ਉਦਘਾਟਨ ਅੱਜ ਇੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸਾਂਝੇ ਤੌਰ ’ਤੇ ਕੀਤਾ। ਇਸ ਦੌਰਾਨ ਮਨੁੱਖ ਲਈ ਤੰਦਰੁਸਤੀ ਨੂੰ ਸਭ ਤੋਂ ਜ਼ਰੂਰੀ ਪਹਿਲੂ ਕਰਾਰ ਦਿੰਦਿਆਂ, ਯੋਗਾ ਨੂੰ ਪਿੰਡਾਂ ਅਤੇ ਮੁਹੱਲਿਆਂ ਤੱਕ ਪਹੁੰਚਾਉਣ ਦਾ ਐਲਾਨ ਵੀ ਕੀਤਾ ਗਿਆ। ਸਮੂਹ ਪੰਜਾਬ ਵਾਸੀਆਂ ਨੂੰ ਯੋਗਾ ਅਪਣਾਉਣ ਦੀ ਅਪੀਲ ਕਰਦਿਆਂ ਦੋਹਾਂ ਆਗੂਆਂ ਨੇ ਕਿਹਾ ਕਿ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਛੁਟਕਾਰੇ ਲਈ ਇਹ ਵਧੇਰੇ ਕਾਰਗਰ ਪ੍ਰਕਿਰਿਆ ਹੈ।

ਸਿਹਤ ਮੰਤਰੀ ਡਾ. ਬਲਬੀਰ ਸਿੰੰਘ ਅਤੇ ਹਲਕਾ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੀ ਦੇਖਰੇਖ ਹੇਠ ਇੱਥੇ ਪੋਲੋ ਗਰਾਊਂਡ ਵਿਚਲੇ ਜਿਮਨੇਜ਼ੀਅਮ ਹਾਲ ਵਿੱਚ ਇਸ ਸਬੰਧੀ ਹੋਏ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਕੇਜਰੀਵਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਿੱਠ ਵੀ ਥਾਪੜੀ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਪੰਜਾਬ ਦੀ ਸ਼ਾਂਤੀ ਨਾਲ ਖਿਲਵਾੜ ਕਰਨ ਦੀ ਕਿਸੇ ਨੂੰ ਇਜਾਜ਼ਤ ਨਹੀਂ ਦੇਵੇਗੀ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਭਗਵੰਤ ਮਾਨ ਦੀ ਅਗਵਾਈ ਹੇਠਲੀ ਸਰਕਾਰ ਵੱਲੋਂ ਪੰਜਾਬ ਦੀ ਸ਼ਾਂਤੀ ਲਈ ਬੜੀ ਸਿਆਣਪ ਨਾਲ ਚੁੱਕੇ ਗਏ ਸਖ਼ਤ ਕਦਮ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹਨ। ਸ੍ਰੀ ਕੇਜਰੀਵਾਲ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਕਾਰਨ ਪੰਜਾਬ ’ਚ ਫੈਲੇ ਗੈਂਗਸਟਰਵਾਦ ਅਤੇ ਨਸ਼ਾ ਤਸਕਰੀ ਸਣੇ ਹੋਰ ਸੰਗੀਨ ਮਾਮਲਿਆਂ ਨੂੰ ਵੀ ਮਾਨ ਸਰਕਾਰ ਨੇ ਹੱਲ ਕੀਤਾ ਹੈ। ਉਨ੍ਹਾਂ ਕਿਹਾ ਕਿ ਬੇਅਦਬੀ ਦੀਆਂ ਘਟਨਾਵਾਂ ਨਾਲ ‘ਵੱਡੇ ਬੰਦਿਆਂ’ ਦੇ ਨਾਮ ਜੁੜਨ ਕਾਰਨ ਪਿਛਲੀਆਂ ਸਰਕਾਰਾਂ ਮਾਮਲੇ ਨੂੰ ਲਟਕਾਉਂਦੀਆਂ ਰਹੀਆਂ, ਪਰ ਮਾਨ ਸਰਕਾਰ ਨੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਹੈ। ਉਨ੍ਹਾਂ ਨਸ਼ਾ ਤਸਕਰੀ ਸਬੰਧੀ ਰਿਪੋਰਟ ਦੇ ਅੱੱਠ ਸਾਲਾਂ ਤੋਂ ਬੰਦ ਪਏ ਲਿਫਾਫ਼ੇ ਵੀ ਮਾਨ ਸਰਕਾਰ ਵੱਲੋਂ ਖੋਲ੍ਹੇ ਜਾਣ ਦਾ ਦਾਅਵਾ ਕੀਤਾ ਅਤੇ ਕਿਹਾ ਕਿ ਇਸ ’ਚ ਸ਼ਾਮਲ ਰਹੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਪੰਜਾਬ ਵਾਸੀਆਂ ਨੂੰ ਯੋਗਾ ਕਰਨ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਦਿੱਲੀ ’ਚ ਵੀ ਉਪ ਰਾਜਪਾਲ ਵੱੱਲੋਂ ਬੰਦ ਕਰਵਾਇਆ ਗਿਆ ਯੋਗਾ ਮੁੜ ਸ਼ੁਰੂ ਕੀਤਾ ਜਾਵੇਗਾ।

Add a Comment

Your email address will not be published. Required fields are marked *