‘ਭਾਰਤ ਜੋੜੋ ਯਾਤਰਾ’ ਦੇ ਪ੍ਰੋਗਰਾਮ ’ਚ ਬਦਲਾਅ, ਰਾਹੁਲ 15 ਦੀ ਬਜਾਏ 17 ਨੂੰ ਹੁਸ਼ਿਆਰਪੁਰ ’ਚ ਕਰਨਗੇ ਪ੍ਰੈੱਸ ਕਾਨਫਰੰਸ

ਗੁਰਾਇਆ –ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਮੁਲਤਵੀ ਕੀਤੇ ਜਾਣ ਤੋਂ ਬਾਅਦ ਗੁਰਾਇਆ ਦੇ ਇਕ ਰਿਜ਼ੋਰਟ ’ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਾਂਗਰਸ ਸੰਸਦ ਮੈਂਬਰ ਅਤੇ ਪਾਰਟੀ ਦੇ ਸੰਚਾਰ ਵਿਭਾਗ ਦੇ ਇੰਚਾਰਜ ਜੈਰਾਮ ਰਮੇਸ਼ ਨੇ ਕਿਹਾ ਕਿ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੇ ਦਿਹਾਂਤ ਤੋਂ ਬਾਅਦ ਯਾਤਰਾ ਨੂੰ ਤੁਰੰਤ ਮੁਲਤਵੀ ਕਰ ਦਿੱਤਾ ਗਿਆ ਹੈ। ਉਨ੍ਹਾਂ ਦੇ ਸਨਮਾਨ ’ਚ 24 ਘੰਟੇ ਯਾਤਰਾ ਮੁਲਤਵੀ ਰਹੇਗੀ ਅਤੇ ਐਤਵਾਰ ਦੁਪਹਿਰ ਨੂੰ ਖਾਲਸਾ ਕਾਲਜ ਗਰਾਊਂਡ, ਜਲੰਧਰ ਤੋਂ ਮੁੜ ਸ਼ੁਰੂ ਹੋਵੇਗੀ। ਉਨ੍ਹਾਂ ਦੱਸਿਆ ਕਿ ਸੰਤੋਖ ਸਿੰਘ ਚੌਧਰੀ ਦਾ ਅੰਤਿਮ ਸੰਸਕਾਰ 15 ਜਨਵਰੀ ਨੂੰ ਹੋਵੇਗਾ, ਜਿਸ ’ਚ ਰਾਹੁਲ ਗਾਂਧੀ ਵੀ ਹਾਜ਼ਰ ਹੋਣਗੇ। ਦੂਜੇ ਪਾਸੇ 15 ਜਨਵਰੀ ਨੂੰ ਜਲੰਧਰ ’ਚ ਹੋਣ ਵਾਲੀ ਰਾਹੁਲ ਗਾਂਧੀ ਦੀ ਪ੍ਰੈੱਸ ਕਾਨਫਰੰਸ ਹੁਣ 17 ਜਨਵਰੀ ਨੂੰ ਹੁਸ਼ਿਆਰਪੁਰ ’ਚ ਹੋਵੇਗੀ।

ਪ੍ਰੈੱਸ ਕਾਨਫਰੰਸ ’ਚ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਰਾਜਸਥਾਨ ਕਾਂਗਰਸ ਦੇ ਇੰਚਾਰਜ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸੰਤੋਖ ਸਿੰਘ ਚੌਧਰੀ ਦਾ ਦਿਹਾਂਤ ਸਮੁੱਚੀ ਕਾਂਗਰਸ ਪਾਰਟੀ ਲਈ ਦੁੱਖ ਦੀ ਖ਼ਬਰ ਹੈ। ਸੰਤੋਖ ਸਿੰਘ ਜੀ ਅੰਤ ਤੱਕ ਦਲਿਤਾਂ ਲਈ ਲੜਦੇ ਰਹੇ। ਉਨ੍ਹਾਂ ਦਾ ਪੂਰਾ ਪਰਿਵਾਰ ਦਲਿਤਾਂ ਲਈ ਲੜਦਾ ਰਿਹਾ ਹੈ। ਇਨ੍ਹਾਂ ਦਾ ਜਾਣਾ ਕਾਂਗਰਸ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ। ਇਕ ਸਵਾਲ ਦੇ ਜਵਾਬ ’ਚ ਰਮੇਸ਼ ਨੇ ਕਿਹਾ ਕਿ ‘ਭਾਰਤ ਜੋੜੋ ਯਾਤਰਾ’ ਦੀ ਸਫ਼ਲਤਾ ਨੂੰ ਅੱਗੇ ਵਧਾਉਣ ਲਈ ਕਾਂਗਰਸ ਪਾਰਟੀ ਨੇ ‘ਹਾਥ ਸੇ ਹਾਥ ਜੋੜੋ’ ਮੁਹਿੰਮ ਦਾ ਐਲਾਨ ਕੀਤਾ ਹੈ। ਇਹ ਮੁਹਿੰਮ 26 ਜਨਵਰੀ ਤੋਂ ਸ਼ੁਰੂ ਹੋਵੇਗੀ ਅਤੇ 2 ਮਹੀਨੇ ਤੱਕ ਚੱਲੇਗੀ। ਇਸ ਦੇ ਜ਼ਰੀਏ ਕਾਂਗਰਸ ਪਾਰਟੀ ਦੇਸ਼ ਦੀਆਂ ਤਕਰੀਬਨ 2.5 ਲੱਖ ਗ੍ਰਾਮ ਪੰਚਾਇਤਾਂ, ਕਰੀਬ 6 ਲੱਖ ਪਿੰਡਾਂ ਅਤੇ ਤਕਰੀਬਨ 10 ਲੱਖ ਪੋਲਿੰਗ ਸਟੇਸ਼ਨਾਂ ਨੂੰ ਕਵਰ ਕਰੇਗੀ। ਅਜਿਹੀ ਮੁਹਿੰਮ ਪਹਿਲਾਂ ਕਦੇ ਨਹੀਂ ਚਲਾਈ ਗਈ।

Add a Comment

Your email address will not be published. Required fields are marked *