ਨਾਭਾ ਦੇ ਸਰਕਾਰੀ ਕਾਲਜ ‘ਚ ਵਿਦਿਆਰਥਣ ਨਾਲ ਗੈਂਗਰੇਪ ਦੇ ਮਾਮਲੇ ‘ਚ ਵੱਡਾ ਖ਼ੁਲਾਸਾ

ਨਾਭਾ : ਬੀਤੇ ਦਿਨੀਂ ਨਾਭਾ ਦੇ ਸਰਕਾਰੀ ਰਿਪੁਦਮਨ ਕਾਲਜ ਦੇ ਵਿਚ ਤਿੰਨ ਨੌਜਵਾਨਾਂ ਵੱਲੋਂ ਕਾਲਜ ਦੀ ਹੀ ਵਿਦਿਆਰਥਣ ਨਾਲ ਗੈਂਗਰੇਪ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਮਾਮਲੇ ਵਿਚ ਪੁਲਸ ਨੇ ਤੀਜੇ ਮੁਲਜ਼ਮ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਇਸ ਗੱਲ ਦਾ ਵੀ ਖ਼ੁਲਾਸਾ ਹੋਇਆ ਹੈ ਕਿ ਇਹ ਤਿੰਨੋ ਨੌਜਵਾਨ ਕਾਲਜ ਵਿਚ ਨਹੀਂ ਪੜ੍ਹਦੇ ਸਗੋਂ ਆਊਟਸਾਈਡਰਸ ਹਨ। ਉੱਥੇ ਹੀ ਕਾਲਜ ਦੇ ਪ੍ਰਿੰਸੀਪਲ ਵੱਲੋਂ ਦਾਅਵਾ ਕੀਤਾ ਗਿਆ ਕਿ ਕਾਲਜ ਵਿਚ ਕਿਸੇ ਵੀ ਆਊਟਰ ਨੌਜਵਾਨ ਨੂੰ ਆਉਣ ਨਹੀਂ ਦਿੱਤਾ ਜਾਂਦਾ। ਦੂਜੇ ਪਾਸੇ ਪੀੜਤਾ ਐੱਸ.ਸੀ. ਸਮਾਜ ਨਾਲ ਸਬੰਧਤ ਹੋਣ ਕਾਰਨ ਪੁਲਸ ਨੇ ਮੁਲਜ਼ਮਾਂ ਦੇ ਖ਼ਿਲਾਫ਼ ਐੱਸ.ਸੀ. ਐਕਟ ਦੀ ਧਾਰਾ ਦਾ ਵਾਧਾ ਵੀ ਕਰ ਦਿੱਤਾ ਹੈ। 

ਜਾਣਕਾਰੀ ਮੁਤਾਬਕ 27 ਮਾਰਚ ਨੂੰ ਨਾਭਾ ਦੇ ਸਰਕਾਰੀ ਰਿਪੁਦਮਨ ਕਾਲਜ ਦੇ ਵਿਚ ਤਿੰਨ ਨੌਜਵਾਨਾਂ ਵੱਲੋਂ ਕਾਲਜ ਦੀ ਹੀ ਵਿਦਿਆਰਥਣ ਨਾਲ ਗੈਂਗਰੇਪ ਕੀਤਾ ਗਿਆ ਸੀ। ਪੀੜਤਾ ਵੱਲੋਂ ਇਸ ਸਾਰੀ ਘਟਨਾ ਦੀ ਜਾਣਕਾਰੀ ਆਪਣੇ ਮਾਤਾ-ਪਿਤਾ ਨੂੰ ਦਿੱਤੀ ਅਤੇ ਜਿਸ ਤੋਂ ਬਾਅਦ ਪੀੜਤਾ ਨੇ ਨਾਭਾ ਕੋਤਵਾਲੀ ਪੁਲਸ ਨੂੰ 8 ਅਪ੍ਰੈਲ ਨੂੰ ਸ਼ਿਕਾਇਤ ਦਰਜ ਕਰਵਾਈ, ਪੁਲਸ ਨੇ ਫੌਰੀ ਕਾਰਵਾਈ ਕਰਦਿਆਂ ਹੋਇਆਂ ਤਿੰਨੋਂ ਮੁਲਜ਼ਮਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਵੱਲੋਂ ਮਾਸਟਰ ਮਾਇੰਡ ਦਵਿੰਦਰ ਸਿੰਘ ਅਤੇ ਉਸ ਦੇ ਸਾਥੀ ਰਵੀ ਨੂੰ 9 ਅਪ੍ਰੈਲ ਨੂੰ ਹੀ ਗ੍ਰਿਫ਼ਤਾਰ ਕਰ ਲਿਆ, ਇਹ ਦੋਵੇਂ ਨਾਭਾ ਬਲਾਕ ਦੇ ਪਿੰਡ ਕਕਰਾਲਾ ਦੇ ਰਹਿਣ ਵਾਲੇ ਹਨ। ਪੁਲਸ ਵੱਲੋਂ ਤੀਸਰੇ ਮੁਲਜ਼ਮ ਦੀ ਭਾਲ ਕਰਕੇ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਸੀ ਅਤੇ ਹੁਣ ਤੀਸਰੇ ਮੁਲਜ਼ਮ ਨੂੰ ਵੀ ਪੁਲਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁਲਜ਼ਮ ਨਾਭਾ ਬਲਾਕ ਦੇ ਪਿੰਡ ਬਿਰੜਵਾਲ ਦਾ ਰਹਿਣ ਵਾਲਾ ਹੈ ਜਿਸ ਦਾ ਨਾਂ ਹੈਰੀ ਦੱਸਿਆ ਜਾ ਰਿਹਾ ਹੈ।

ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਨਾਭਾ ਕੋਤਵਾਲੀ ਦੇ ਇੰਚਾਰਜ ਗੁਰਪ੍ਰੀਤ ਸਿੰਘ ਸਮਰਾਉ ਨੇ ਦੱਸਿਆ ਕਿ ਇਹ ਘਟਨਾ 27 ਮਾਰਚ ਦੀ ਹੈ। ਲੜਕੀ ਨੇ ਕਿਹਾ ਹੈ ਕਿ ਉਕਤ ਨੌਜਵਾਨਾਂ ਨੇ ਉਸ ਨੂੰ ਧਮਕੀ ਦਿੱਤੀ ਸੀ ਕਿ ਜੇ ਉਹ ਇਸ ਬਾਰੇ ਕਿਸੇ ਨੂੰ ਦੱਸੇਗੀ ਤਾਂ ਉਹ ਉਸ ਨੂੰ ਜਾਨੋਂ ਮਾਰ ਦੇਣਗੇ। ਇਸ ਡਰ ਕਾਰਨ ਪਹਿਲਾਂ ਲੜਕੀ ਚੁੱਪ ਰਹੀ। ਬਾਅਦ ਵਿਚ ਉਸ ਨੇ ਆਪਣੇ ਮਾਤਾ-ਪਿਤਾ ਨੂੰ ਇਸ ਘਟਨਾ ਬਾਰੇ ਦੱਸਿਆ ਜਿਸ ਮਗਰੋਂ 8 ਅਪ੍ਰੈਲ ਨੂੰ ਪੀੜਤ ਲੜਕੀ ਤੇ ਮਾਪਿਆਂ ਵੱਲੋਂ ਰਿਪੋਰਟ ਦਰਜ ਕਰਵਾਈ ਗਈ। ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਤਿੰਨੋ ਮੁਲਜ਼ਮ ਪੁਲਸ ਦੀ ਗ੍ਰਿਫ਼ਤ ਵਿਚ ਹਨ। ਪੁਲਸ ਵੱਲੋਂ ਇੰਨ੍ਹਾਂ ਤਿੰਨਾਂ ਮੁਲਜ਼ਮਾਂ ਦੇ ਖ਼ਿਲਾਫ਼ 376 ਡੀ, 506 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਹੁਣ ਪੁਲਸ ਨੇ ਐੱਸ.ਸੀ. ਐਕਟ ਦੇ ਤਹਿਤ ਧਾਰਾ ਵਿਚ ਵਾਧਾ ਕਰ ਦਿੱਤਾ ਹੈ, ਕਿਉਂਕਿ ਪੀੜਤ ਲੜਕੀ ਐੱਸ.ਸੀ. ਸਮਾਜ ਨਾਲ ਸਬੰਧ ਰੱਖਦੀ ਹੈ।

Add a Comment

Your email address will not be published. Required fields are marked *