ਧੋਨੀ ਨੇ ਖਿਡਾਰੀਆਂ ਨੂੰ ਦਿੱਤੀ ਚਿਤਾਵਨੀ: ਜੇ ਕੀਤਾ ਇਹ ਕੰਮ ਤਾਂ ਛੱਡ ਦਿਆਂਗਾ ਕਪਤਾਨੀ!

ਚੇਨਈ- ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਆਪਣੇ ਗੇਂਦਬਾਜ਼ਾਂ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਅਗਲੇ ਮੈਚਾਂ ਵਿਚ ਨੋ-ਬਾਲ ਤੇ ਵਾਈਡ ਦੀ ਗਿਣਤੀ ਘਟਾਉਣ ਦੀ ਸਖਤ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇ ਉਹ ਵਿਰੋਧੀ ਟੀਮ ਨੂੰ ਇੰਝ ਆਸਾਨੀ ਨਾਲ ਦੌੜਾਂ ਦਿੰਦੇ ਰਹੇ ਤਾਂ ਫਿਰ ਉਨ੍ਹਾਂ ਨੂੰ ਨਵੇਂ ਕਪਤਾਨ ਦੀ ਅਗਵਾਈ ’ਚ ਖੇਡਣਾ ਪਵੇਗਾ। ਧੋਨੀ ਦੀ ਇਹ ਚਿਤਾਵਨੀ ਚੇਨਈ ਸੁਪਰ ਕਿੰਗਜ਼ ਦੀ ਸੋਮਵਾਰ ਨੂੰ ਲਖਨਊ ਸੁਪਰ ਜਾਇੰਟਸ ਖ਼ਿਲਾਫ਼ 12 ਦੌੜਾਂ ਦੀ ਜਿੱਤ ਤੋਂ ਬਾਅਦ ਆਈ ਹੈ।

ਇਹ ਵਿਕਟਕੀਪਰ-ਬੱਲੇਬਾਜ਼ ਇਸ ਗੱਲ ਤੋਂ ਨਾਖੁਸ਼ ਸੀ ਕਿ ਉਸ ਦੇ ਗੇਂਦਬਾਜ਼ਾਂ ਨੇ ਇਸ ਮੈਚ ਵਿਚ 3 ਨੋ-ਬਾਲ ਤੇ 13 ਵਾਈਡ ਦਿੱਤੀਆਂ, ਜਿਸ ਨਾਲ ਲਖਨਊ 218 ਦੌੜਾਂ ਦਾ ਪਿੱਛਾ ਕਰਦੇ ਹੋਏ 7 ਵਿਕਟਾਂ ’ਤੇ 205 ਦੌੜਾਂ ਤਕ ਪਹੁੰਚਣ ’ਚ ਸਫਲ ਰਿਹਾ। ਚੇਨਈ ਦੀ ਟੀਮ ਨੇ ਮੌਜੂਦਾ ਚੈਂਪੀਅਨ ਗੁਜਰਾਤ ਟਾਈਟਨਜ਼ ਖਿਲਾਫ ਆਪਣੇ ਪਹਿਲੇ ਮੈਚ ਵਿਚ 4 ਵਾਈਡ ਤੇ 2 ਨੋ-ਬਾਲ ਕੀਤੀਆਂ ਸਨ।

ਧੋਨੀ ਦੀ ਟੀਮ ਉਸ ਮੈਚ ਵਿਚ 5 ਵਿਕਟਾਂ ਨਾਲ ਹਾਰ ਗਈ ਸੀ। ਨੌਜਵਾਨ ਤੇਜ਼ ਗੇਂਦਬਾਜ਼ ਰਾਜਵਰਧਨ ਹੈਂਗਰਗੇਕਰ ਨੇ ਉਸ ਮੈਚ ਵਿਚ 3 ਵਾਈਡ ਤੇ 1 ਨੋ-ਬਾਲ ਦਿੱਤੀ ਸੀ। ਸੋਮਵਾਰ ਨੂੰ ਉਸ ਨੇ ਲਖਨਊ ਖਿਲਾਫ 3 ਵਾਈਡ ਦਿੱਤੀਆਂ। ਚੇਨਈ ਦੇ ਇਕ ਹੋਰ ਤੇਜ਼ ਗੇਂਦਬਾਜ਼ ਤੁਸ਼ਾਰ ਦੇਸ਼ਪਾਂਡੇ ਨੇ ਸੋਮਵਾਰ ਨੂੰ 2 ਵਿਕਟਾਂ ਲਈਆਂ ਪਰ ਇਸ ਦੌਰਾਨ ਉਸ ਨੇ 4 ਵਾਈਡ ਤੇ 3 ਨੋ-ਬਾਲ ਕੀਤੀਆਂ। ਤਜਰਬੇਕਾਰ ਤੇਜ਼ ਗੇਂਦਬਾਜ਼ ਦੀਪਕ ਚਾਹਰ ਨੇ ਵੀ ਸੋਮਵਾਰ ਨੂੰ ਵਾਈਡ ਰਾਹੀਂ 5 ਵਾਧੂ ਦੌੜਾਂ ਦਿੱਤੀਆਂ।

ਧੋਨੀ ਨੇ ਮੈਚ ਤੋਂ ਬਾਅਦ ਕਿਹਾ,‘‘ਉਨ੍ਹਾਂ ਨੂੰ ਇਕ ਵੀ ਨੋ-ਬਾਲ ਨਹੀਂ ਕਰਨੀ ਚਾਹੀਦੀ ਅਤੇ ਘੱਟ ਵਾਈਡ ਕਰਨੀਆਂ ਚਾਹੀਦੀਆਂ ਹਨ। ਅਸੀਂ ਬਹੁਤ ਜ਼ਿਆਦਾ ਗੇਂਦਾਂ ਵੱਧ ਕਰ ਰਹੇ ਹਾਂ। ਸਾਨੂੰ ਉਨ੍ਹਾਂ ਵਿਚ ਕਟੌਤੀ ਕਰਨ ਦੀ ਲੋੜ ਹੈ, ਨਹੀਂ ਤਾਂ ਉਨ੍ਹਾਂ ਨੂੰ ਨਵੇਂ ਕਪਤਾਨ ਦੀ ਅਗਵਾਈ ’ਚ ਖੇਡਣਾ ਪਵੇਗਾ।’’

Add a Comment

Your email address will not be published. Required fields are marked *