ਨਿਸ਼ਾਨੇਬਾਜ਼ੀ ‘ਚ ਪੰਜਾਬ ਤੇ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੀ ਅਵਨੀਤ ਕੌਰ ਸਿੱਧੂ ਦੇ ਜੀਵਨ ‘ਤੇ ਇਕ ਝਾਤ

ਅਵਨੀਤ ਕੌਰ ਸਿੱਧੂ ਅਵਲ ਨੰਬਰ ਦੀ ਨਿਸ਼ਾਨੇਬਾਜ਼ ਹੈ, ਜਿਸ ਨੇ ਨਿਸ਼ਾਨੇਬਾਜ਼ੀ ਖੇਡ ਵਿਚ ਨਵੇਂ ਰਿਕਾਰਡ ਕਾਇਮ ਕੀਤੇ ਹਨ। ਉਸ ਨੇ ਮਾਲਵੇ ਦੇ ਟਿੱਬਿਆਂ ਤੋਂ ਮੈਲਬੋਰਨ ਦੀਆਂ ਸ਼ੂਟਿੰਗ ਰੇਂਜਾਂ ਅਤੇ ਬਠਿੰਡਾ ਤੋਂ ਬੀਜਿੰਗ ਤਕ ਆਪਣੇ ਪੱਕੇ ਨਿਸ਼ਾਨਿਆਂ ਦੀ ਧਾਂਕ ਜਮਾਈ। ਰਾਸ਼ਟਰਮੰਡਲ ਤੇ ਏਸ਼ੀਆਈ ਖੇਡਾਂ ਵਿਚ ਤਮਗਾ ਜਿੱਤਣ ਵਾਲੀ ਉਹ ਪਹਿਲੀ ਪੰਜਾਬਣ ਨਿਸ਼ਾਨੇਬਾਜ਼ ਹੈ। ਓਲੰਪਿਕ ਖੇਡਾਂ ਵਿਚ ਹਿੱਸਾ ਲੈਣ ਅਤੇ ਅਰਜੁਨ ਐਵਾਰਡ ਜਿੱਤਣ ਵਾਲੀ ਵੀ ਪਲੇਠੀ ਪੰਜਾਬਣ ਨਿਸ਼ਾਨੇਬਾਜ਼ ਹੈ। ਪੰਜਾਬ ਸਰਕਾਰ ਵਿਚ ਏ. ਆਈ. ਜੀ. ਵਜੋਂ ਤਾਇਨਾਤ ਅਤੇ ਤਿੰਨ ਜ਼ਿਲਿਆ (ਫਰੀਦਕੋਟ, ਮਾਲੇਰਕੋਟਲਾ ਤੇ ਫਾਜ਼ਿਲਕਾ) ਵਿਚ ਐੱਸ. ਐੱਸ. ਪੀ. ਰਹੀ ਅਵਨੀਤ ਪੁਲਸ ਦੀ ਸਖਤ ਟ੍ਰੇਨਿੰਗ ਵਿਚ ਅੱਵਲ ਆਈ। ਪੁਲਸ ਖੇਡਾਂ ਵਿਚ ਹਿੱਸਾ ਲਿਆ ਤਾਂ ਪਿਛਲੇ ਚਾਰ ਸਾਲ ਤੋਂ ਉਹ ਅੱਵਲ ਹੀ ਆ ਰਹੀ ਹੈ। ਵਿਸ਼ਵ ਪੁਲਸ ਖੇਡਾਂ ਵਿਚ ਵੀ ਉਹ ਅੱਵਲ ਆਈ। ਬੀ. ਸੀ. ਏ. ਤੇ ਐਮ. ਏ. (ਅੰਗਰੇਜ਼ੀ) ਦੀ ਟੌਪਰ ਅਵਨੀਤ ਨੌਜਵਾਨ ਮੇਲਿਆਂ ਵਿਚ ਕੁਇਜ਼ ਮੁਕਾਬਲਿਆਂ ਵਿਚ ਵੀ ਅੱਵਲ ਆਈ।

ਅਵਨੀਤ ਦਾ ਜੱਦੀ ਪਿੰਡ ਬਠਿੰਡਾ ਜ਼ਿਲੇ ਵਿਚ ਚੱਕ ਅੱਤਰ ਸਿੰਘ ਵਾਲਾ ਹੈ। ਅਵਨੀਤ ਦਾ ਜਨਮ 30 ਅਕਤੂਬਰ 1981 ਨੂੰ ਹੋਇਆ। ਬਠਿੰਡਾ ਦੇ ਅਜੀਤ ਰੋਡ ‘ਤੇ ਰਹਿਣ ਵਾਲੀ ਅਵਨੀਤ ਨੇ ਜਦੋਂ 2000 ਵਿਚ ਦਸ਼ਮੇਸ਼ ਕਾਲਜ ਬਾਦਲ ਵਿਖੇ ਬੀ.ਸੀ.ਏ. ਵਿਚ ਦਾਖਲਾ ਲਿਆ ਤਾਂ ਕੋਚ ਵੀਰਪਾਲ ਕੌਰ ਦੀ ਦੇਖ-ਰੇਖ ਵਿਚ ਸ਼ੂਟਿੰਗ ਸ਼ੁਰੂ ਕੀਤੀ। 2001 ਵਿਚ ਅਵਨੀਤ ਦੇ ਜਨਮ ਦਿਨ ‘ਤੇ ਉਸ ਦੇ ਪਿਤਾ ਅੰਮ੍ਰਿਤਪਾਲ ਸਿੰਘ ਸਿੱਧੂ ਬਰਾੜ ਨੇ ਜਰਮਨੀ ਤੋਂ ਸਭ ਤੋਂ ਮਹਿੰਗੇ ਭਾਅ ਦੀ ਰਾਈਫਲ ਮੰਗਵਾ ਕੇ ਤੋਹਫਾ ਦਿੱਤਾ। ਇਕ ਮਹੀਨੇ ਬਾਅਦ ਹੀ ਉਸ ਨੇ ਪ੍ਰੀ-ਨੈਸ਼ਨਲ ਚੈਂਪੀਅਨਸ਼ਿਪ ਵਿਚ ਹਿੱਸਾ ਲਿਆ ਜਿਹੜਾ ਉਸ ਦਾ ਪਹਿਲਾ ਮੁਕਾਬਲਾ ਸੀ। ਅਗਲੇ ਸਾਲ ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਚੈਂਪੀਅਨ ਬਣੀ। ਅੰਗਰੇਜ਼ੀ ਦੀ ਐਮ. ਏ. ਦੇ ਦੂਜੇ ਸਾਲ ਦਾ ਇਮਤਿਹਾਨ ਦਿੰਦਿਆਂ ਉਹ ਭਾਰਤੀ ਨਿਸ਼ਾਨੇਬਾਜ਼ੀ ਟੀਮ ਵਿਚ ਚੁਣੀ ਗਈ।

ਸਾਲ 2006 ਵਿਚ ਮੈਲਬੌਰਨ ਰਾਸ਼ਟਰਮੰਡਲ ਖੇਡਾਂ ਤੋਂ ਪਹਿਲਾਂ ਟਰਾਈਲਾਂ ਵਿਚ ਅਵਨੀਤ ਨੇ ਕ੍ਰਿਸ਼ਮਾ ਕਰਦਿਆਂ 400 ‘ਚ 400 ਸਕੋਰ ਹਾਸਲ ਕਰਕੇ ਵਿਸ਼ਵ ਰਿਕਾਰਡ ਦੀ ਬਰਾਬਰੀ ਕੀਤੀ। ਹਾਲਾਂਕਿ ਕੌਮੀ ਟਰਾਈਲਾਂ ਕਰਕੇ ਇਸ ਸਕੋਰ ਨੂੰ ਵਿਸ਼ਵ ਰਿਕਾਰਡ ਵਲੋਂ ਅਧਿਕਾਰਤ ਮਾਨਤਾ ਨਹੀਂ ਪਰ ਅਵਨੀਤ ਲਈ ਇਹ ਬਹੁਤ ਵੱਡੀ ਪ੍ਰਾਪਤੀ ਸੀ। ਰਾਸ਼ਟਰਮੰਡਲ ਖੇਡਾਂ ਵਿਚ ਉਸ ਨੇ 10 ਮੀਟਰ ਏਅਰ ਰਾਈਵਲ ਈਵੈਂਟ ਦੇ ਪੇਅਰ ਮੁਕਾਬਲੇ ਵਿਚ ਸੋਨ ਤੇ ਵਿਅਕਤੀਗਤ ਵਰਗ ਵਿਚ ਚਾਂਦੀ ਦਾ ਤਮਗਾ ਜਿੱਤਿਆ। ਜਗਰੇਬ ਵਿਖੇ ਵਿਸ਼ਵ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਵਿਚ ਅਵਨੀਤ ਨੇ 400 ‘ਚੋਂ 397 ਦੇ ਸਕੋਰ ਨਾਲ ਛੇਵਾਂ ਸਥਾਨ ਹਾਸਲ ਕਰਕੇ ਓਲੰਪਿਕ ਕੋਟਾ ਹਾਸਲ ਕਰ ਲਿਆ। ਓਲੰਪਿਕ ਖੇਡਾਂ ਲਈ ਕੁਆਲੀਫਾਈ ਹੋਣ ਵਾਲੀ ਉਹ ਪੰਜਾਬ ਦੀ ਪਹਿਲੀ ਮਹਿਲਾ ਨਿਸਾਨੇਬਾਜ਼ ਸੀ। 2006 ਵਿਚ ਦੋਹਾ ਏਸ਼ੀਆਈ ਖੇਡਾਂ ਵਿਖੇ ਉਸ ਨੇ 10 ਮੀਟਰ ਏਅਰ ਰਾਈਵਲ ਈਵੈਂਟ ਵਿਚ ਕਾਂਸੀ ਦਾ ਤਮਗਾ ਜਿੱਤਿਆ।

ਸਾਲ 2007 ਵਿਚ ਅਹਿਮਦਾਬਾਦ ਵਿਖੇ 51 ਵੀਂ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ਵਿਚ ਅੰਜਲੀ ਨੂੰ ਹਰਾ ਕੇ ਅਵਨੀਤ ਨੈਸ਼ਨਲ ਚੈਂਪੀਅਨ ਬਣੀ। ਕੁਵੈਤ ਵਿਖੇ 11ਵੀਂ ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ ਵਿਚ ਉਸ ਨੇ ਕਾਂਸੀ ਦਾ ਤਮਗਾ ਜਿੱਤਿਆ। ਸਾਲ 2008 ਵਿਚ ਅਵਨੀਤ ਨੇ ਸਿਡਨੀ ਵਿਖੇ ਏ. ਆਈ. ਐੱਸ. ਐੱਲ.ਆਸਟਰੇਲੀਆ ਕੱਪ ਵਿਚ ਸੋਨ ਤਮਗਾ ਜਿੱਤਿਆ। ਅਗਸਤ ਮਹੀਨੇ ਬੀਜਿੰਗ ਵਿਖੇ ਉਸ ਨੇ ਓਲੰਪਿਕ ਖੇਡਾਂ ਵਿਚ ਹਿੱਸਾ ਲਿਆ। ਅਵਨੀਤ ਨੇ 10 ਮੀਟਰ ਏਅਰ ਰਾਈਫਲ ਤੇ 50 ਮੀਟਰ ਰਾਈਫਲ ਥ੍ਰੀ ਪੁਜੀਸ਼ਨ ਦੇ ਈਵੈਂਟਾਂ ਵਿਚ ਭਾਰਤ ਦੀ ਨੁਮਾਇੰਦਗੀ ਕੀਤੀ। ਅਵਨੀਤ ਆਪਣੇ ਖੇਡ ਕਰੀਅਰ ਵਿਚ ਬੀਜਿੰਗ ਦੇ ਪ੍ਰਦਰਸ਼ਨ ਨੂੰ ਨਿਰਾਸ਼ਾਜਨਕ ਮੰਨਦੀ ਹੈ ਕਿਉਂਕਿ ਉਹ ਉੱਥੇ ਆਪਣੀ ਪ੍ਰਤਿਭਾ ਨਾਲ ਇਨਸਾਫ ਨਹੀਂ ਕਰ ਸਕੀ।

ਸਾਲ 2011 ਵਿਚ ਪੰਜਾਬ ਪੁਲਸ ਵਿਚ ਡੀ.ਐੱਸ. ਪੀ. ਭਰਤੀ ਹੋਣ ਤੋਂ ਪਹਿਲਾਂ ਉਹ ਏਅਰ ਇੰਡੀਆ ਵਿਚ ਨੌਕਰੀ ਕਰਦੀ ਸੀ। ਫਿਲੌਰ ਵਿਖੇ ਪੁਲਸ ਟਰੇਨਿੰਗ ਦੇ ਐਵਾਰਡ ਸਮਾਰੋਹ ਦੌਰਾਨ ਅਵਨੀਤ ਨੂੰ ‘ਆਲਰਾਊਂਡ ਫਸਟ ਇਨ ਟਰੇਨਿੰਗ ਚੁਣਿਆ ਗਿਆ ਅਤੇ ਸਨਮਾਨ ਵਿਚ ਉਸ ਨੂੰ ‘ਸਵਰਡ ਆਫ ਆਨਰ’ਅਰਥਾਤ ਕਿਰਪਾਨ ਮਿਲੀ ਅਵਨੀਤ ਨੇ ਆਲ ਇੰਡੀਆ ਪੁਲਸ ਖੇਡਾਂ ਵਿਚ ਕੁਲ 14 ਤਮਗੇ ਜਿੱਤੇ, ਜਿਨ੍ਹਾਂ ਵਿਚ 8 ਸੋਨੇ, 5 ਚਾਂਦੀ ਤੇ 1 ਕਾਂਸੀ ਦਾ ਤਮਗਾ ਸ਼ਾਮਲ ਸੀ। 2017 ਵਿਚ ਲਾਸ ਏਂਜਲਸ ਵਿਖੇ ਵਿਸ਼ਵ ਪੁਲਸ ਖੇਡਾਂ ਵਿਚ ਅਵਨੀਤ ਨੇ 1 ਸੋਨੇ, 2 ਚਾਂਦੀ ਤੇ 1 ਕਾਂਸੀ ਦਾ ਤਮਗਾ ਜਿੱਤਿਆ। ਅਵਨੀਤ ਨੇ ਆਪਣੇ ਡੇਢ ਦਹਾਕਾ ਖੇਡ ਕਰੀਅਰ ਦੌਰਾਨ 100 ਤੋਂ ਵੱਧ ਕੌਮੀ ਤੋ ਕੌਮਾਂਤਰੀ ਤਮਗੇ ਜਿੱਤੇ ਹਨ।

ਸ਼ੁਰੂਆਤ ਵਿਚ ਅਵਨੀਤ ਨੇ ਜਦੋਂ ਨਿਸ਼ਾਨਬਾਜ਼ੀ ਸ਼ੁਰੂ ਕੀਤੀ ਤਾਂ ਜ਼ਿਆਦਾਤਰ ਜਾਣ-ਪਛਾਣ ਵਾਲਿਆਂ ਨੂੰ ਇਸ ਦਾ ਪਤਾ ਹੀ ਨਾ ਲੱਗਿਆ ਕਿ ਉਹ ਕੀ ਕਰ ਰਹੀ ਹੈ। ਜਦੋਂ ਉਸ ਨੇ ਸ਼ੂਟਿੰਗ ‘ਤੇ ਅਭਿਆਸ ਕਰਨ ਜਾਣ ਬਾਰੇ ਦੱਸਣਾ ਤਾਂ ਸਾਹਮਣੇ ਵਾਲਾ ਫਿਲਮ ਦੀ ਸ਼ੂਟਿੰਗ ਸਮਝਣ ਲੱਗ ਜਾਂਦਾ । ਇਕ ਵਾਰ ਰੇਲ ਦਾ ਸਫਰ ਕਰਦਿਆਂ ਲੱਕੜ ਦੇ ਡੱਬਿਆਂ ਵਿਚ ਪੈਕ ਕੀਤੀਆਂ ਉਸ ਦੀਆਂ ਰਾਈਵਲਾਂ ਨੂੰ ਦੇਖ ਕੇ ਦੂਜੇ ਯਾਤਰੀ ਬੈਂਡ ਪਾਰਟੀ ਸਮਝਣ ਲੱਗ ਗਏ। ਅਵਨੀਤ ਹਰ ਮੁੱਦੇ ‘ਤੇ ਸੋਸ਼ਲ ਮੀਡੀਆ ‘ਤੇ ਬੇਬਾਕੀ ਨਾਲ ਆਪਣੇ ਵਿਚਾਰ ਖੁੱਲ੍ਹ ਕੇ ਰੱਖਣ ਵਾਲੀ ਹੋ। ਹਾਲ ਹੀ ਵਿਚ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਵਲੋਂ ਹਥਿਆਰਾਂ ਤੇ ਹਿੰਸਾ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ‘ਤੇ ਟਿੱਪਣੀ ਕਰਦਿਆਂ ਅਵਨੀਤ ਨੇ ਖੁੱਲ੍ਹੇਆਮ ਇਸ ਦਾ ਵਿਰੋਧ ਕੀਤਾ ਅਤੇ ਨੌਜਵਾਨਾਂ ਨੂੰ ਸਹੀ ਸੇਧ ਦੇਣ ਦੀ ਸਲਾਹ ਦਿੱਤੀ। ਅਵਨੀਤ ਨੌਜਵਾਨਾਂ ਨੂੰ ਖੇਡਾਂ ਵਾਲੇ ਪਾਸੇ ਲਾਉਣ ਲਈ ਹਰ ਵੇਲੇ ਉਤਾਵਲੀ ਰਹਿੰਦੀ ਹੈ। ਅਵਨੀਤ ਨੇ ਪੰਜਾਬ ਦੀਆਂ ਕੁੜੀਆਂ ਨੂੰ ਨਿਸ਼ਾਨੇਬਾਜ਼ੀ ਦਾ ਅਜਿਹਾ ਜਾਗ ਲਗਾਇਆ ਕਿ ਅੱਜ ਸੈਂਕੜੇ ਦੀ ਗਿਣਤੀ ਵਿਚ ਛੋਟੀ ਉਮਰ ਦੀਆਂ ਬੱਚੀਆਂ ਹੱਥ ਵਿਚ ਰਾਈਵਲ ਜਾਂ ਪਿਸਟਲ ਚੁੱਕੀ ਨਿਸ਼ਾਨੇਬਾਜ਼ੀ ਰੇਂਜ ਵਿਚ ਸੁਨਹਿਰੇ ਪੰਜਾਬ ਦਾ ਭਵਿੱਖ ਬਣਾ ਰਹੀਆਂ ਹਨ। ਮਾਲਵੇ ਵਿਚ ਜ਼ਿਆਦਾਤਰ ਪਰਿਵਾਰਾਂ ਨੇ ਆਪਣੀਆਂ ਨਵ-ਜੰਮੀਆਂ ਬੱਚੀਆਂ ਦਾ ਨਾਂ ਅਵਨੀਤ ਰੱਖਿਆ।

Add a Comment

Your email address will not be published. Required fields are marked *