ਅਦਾਲਤ ਨੇ 3 ਮਾਮਲਿਆਂ ‘ਚ ਇਮਰਾਨ ਖਾਨ ਦੀ ਅੰਤ੍ਰਿਮ ਜ਼ਮਾਨਤ 13 ਅਪ੍ਰੈਲ ਤੱਕ ਵਧਾਈ

ਇਸਲਾਮਾਬਾਦ : ਪਾਕਿਸਤਾਨ ਦੇ ਪੰਜਾਬ ਸੂਬੇ ‘ਚ ਅੱਤਵਾਦ ਵਿਰੋਧੀ ਅਦਾਲਤ (ATC) ਨੇ ਮੰਗਲਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ 3 ਮਾਮਲਿਆਂ ‘ਚ ਮਿਲੀ ਅੰਤ੍ਰਿਮ ਜ਼ਮਾਨਤ ਨੂੰ 13 ਅਪ੍ਰੈਲ ਤੱਕ ਵਧਾ ਦਿੱਤਾ ਹੈ। ਇਹ ਕੇਸ ਪਿਛਲੇ ਮਹੀਨੇ ਲਾਹੌਰ ਵਿੱਚ ਉਨ੍ਹਾਂ ਦੀ ਰਿਹਾਇਸ਼ ਦੇ ਬਾਹਰ ਉਨ੍ਹਾਂ ਦੇ ਸਮਰਥਕਾਂ ਅਤੇ ਪੁਲਸ ਵਿਚਾਲੇ ਝੜਪ ਦੇ ਸਬੰਧ ਵਿੱਚ ਦਰਜ ਕੀਤੇ ਗਏ ਸਨ। ‘ਡਾਨ’ ਅਖ਼ਬਾਰ ਦੀ ਖ਼ਬਰ ਮੁਤਾਬਕ ਖਾਨ ਆਪਣੀ ਨਿੱਜੀ ਹੈਸੀਅਤ ਨਾਲ ਅਦਾਲਤ ਵਿੱਚ ਪੇਸ਼ ਹੋਏ, ਜਿਸ ਤੋਂ ਬਾਅਦ ਏਟੀਸੀ ਜੱਜ ਏ. ਗੁਲ ਖਾਨ ਨੇ ਹੁਕਮ ਜਾਰੀ ਕਰਦਿਆਂ 70 ਸਾਲਾ ਖਾਨ ਦੀ ਜ਼ਮਾਨਤ ਦੀ ਮਿਆਦ ਵਧਾ ਦਿੱਤੀ ਹੈ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ (PTI) ਨੇ ਟਵਿੱਟਰ ‘ਤੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਪਾਰਟੀ ਮੁਖੀ ਖਾਨ ਸਿਰ ਤੋਂ ਗਰਦਨ ਤੱਕ ਕਵਚ ਪਹਿਨੇ ਦਿਖਾਈ ਦੇ ਰਹੇ ਹਨ, ਜਦੋਂ ਕਿ ਉਨ੍ਹਾਂ ਦੇ ਸੁਰੱਖਿਆ ਕਰਮਚਾਰੀ ਉਨ੍ਹਾਂ ਨੂੰ ਢਾਲ ਨਾਲ ਘੇਰ ਰਹੇ ਹਨ।

ਪਿਛਲੀ ਸੁਣਵਾਈ ‘ਚ ਜੱਜ ਏਜਾਜ਼ ਅਹਿਮਦ ਬੁੱਟਰ ਨੇ ਪੀਟੀਆਈ ਮੁਖੀ ਨੂੰ ਅਗਲੀ ਸੁਣਵਾਈ ਵਿੱਚ ਆਪਣੀ ਹਾਜ਼ਰੀ ਯਕੀਨੀ ਬਣਾਉਣ ਅਤੇ ਕੇਸਾਂ ਦੀ ਪੁਲਸ ਜਾਂਚ ਵਿੱਚ ਸ਼ਾਮਲ ਹੋਣ ਦਾ ਨਿਰਦੇਸ਼ ਦਿੱਤਾ ਸੀ। ਪੁਲਸ ਨੇ ਖਾਨ ਅਤੇ ਹੋਰ ਪੀਟੀਆਈ ਨੇਤਾਵਾਂ ਦੇ ਖ਼ਿਲਾਫ਼ ਜ਼ਮਾਨ ਪਾਰਕ ਨਿਵਾਸ ਦੇ ਬਾਹਰ ਪੁਲਸ ‘ਤੇ ਹਮਲਾ ਕਰਨ ਤੇ ਸਰਕਾਰੀ ਜਾਇਦਾਦ ਅਤੇ ਵਾਹਨਾਂ ਨੂੰ ਅੱਗ ਲਗਾਉਣ ਦੇ ਦੋਸ਼ ਵਿੱਚ ਮਾਮਲਾ ਦਰਜ ਕੀਤਾ ਸੀ। ਮੰਗਲਵਾਰ ਦੀ ਸੁਣਵਾਈ ਦੇ ਸ਼ੁਰੂ ਵਿੱਚ ਜੱਜ ਨੇ ਹਾਈਲਾਈਟ ਕੀਤਾ ਕਿ ਖਾਨ ਨੇ ਅਜੇ ਤੱਕ ਮੁਚਲਕਾ ਜਮ੍ਹਾ ਨਹੀਂ ਕੀਤਾ ਹੈ। ਖਾਨ ਦੇ ਵਕੀਲ ਬੈਰਿਸਟਰ ਸਲਮਾਨ ਸਫਦਰ ਨੇ ਜਵਾਬ ਦਿੱਤਾ ਕਿ ਸਾਬਕਾ ਪ੍ਰਧਾਨ ਮੰਤਰੀ ਦੀ ਜਾਨ ਨੂੰ ਖ਼ਤਰਾ ਹੈ। ਜੱਜ ਨੇ ਫਿਰ ਪੁੱਛਿਆ ਕਿ ਕੀ ਖਾਨ ਅਦਾਲਤ ਵਿੱਚ ਪੇਸ਼ ਹੋਣਗੇ ਜਾਂ ਨਹੀਂ ਅਤੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਰਾਹਤ ਸਿਰਫ਼ ਉਸ ਵਿਅਕਤੀ ਨੂੰ ਦਿੱਤੀ ਜਾ ਸਕਦੀ ਹੈ ਜੋ ਅਦਾਲਤ ‘ਚ ਪੇਸ਼ ਹੁੰਦਾ ਹੈ।

ਅਦਾਲਤ ਨੇ ਫਿਰ ਖਾਨ ਦੇ ਵਕੀਲ ਨੂੰ ਸਵੇਰੇ 11 ਵਜੇ ਆਪਣੇ ਮੁਵੱਕਿਲ ਨੂੰ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ। ਸੁਣਵਾਈ ਦੌਰਾਨ ਪੀਟੀਆਈ ਮੁਖੀ ਦੀ ਜਾਨ ਨੂੰ ਕਥਿਤ ਖ਼ਤਰੇ ਦੀ ਜਾਂਚ ਕਰ ਰਹੀ ਸਾਂਝੀ ਜਾਂਚ ਟੀਮ (JIT) ਦੇ ਮੁਖੀ ਅਦਾਲਤ ਵਿੱਚ ਪੁੱਜੇ ਅਤੇ ਕਿਹਾ ਕਿ ਖਾਨ ਜਾਂਚ ਵਿੱਚ ਸ਼ਾਮਲ ਨਹੀਂ ਹੋਏ ਹਨ। ਅਦਾਲਤ ਨੇ ਫਿਰ ਖਾਨ ਦੇ ਵਕੀਲ ਨੂੰ ਲਿਖਤੀ ਬਿਆਨ ਦੇਣ ਦਾ ਨਿਰਦੇਸ਼ ਦਿੱਤਾ ਅਤੇ ਅਗਲੀ ਸੁਣਵਾਈ ‘ਤੇ ਜੇਆਈਟੀ ਦੇ ਮੁਖੀ ਨੂੰ ਪੇਸ਼ ਹੋਣ ਲਈ ਕਿਹਾ। ਜੱਜ ਨੇ ਜੇਆਈਟੀ ਨੂੰ ਜਲਦ ਤੋਂ ਜਲਦ ਜਾਂਚ ਪੂਰੀ ਕਰਨ ਦੇ ਨਿਰਦੇਸ਼ ਦਿੱਤੇ। ਪਿਛਲੇ ਸਾਲ 3 ਨਵੰਬਰ ਨੂੰ ਪੰਜਾਬ ਦੇ ਵਜ਼ੀਰਾਬਾਦ ‘ਚ ਇਕ ਰੈਲੀ ਦੌਰਾਨ ਖਾਨ ‘ਤੇ ਹਮਲਾ ਹੋਇਆ ਸੀ, ਜਿਸ ਵਿੱਚ ਉਨ੍ਹਾਂ ਦੀ ਲੱਤ ‘ਚ ਗੋਲੀ ਲੱਗੀ ਸੀ।

Add a Comment

Your email address will not be published. Required fields are marked *