ਕਸ਼ਮੀਰੀ ਪੰਡਿਤਾਂ ਦੀ ਮੌਜੂਦਾ ਹਾਲਤ ਬਾਰੇ ਵ੍ਹਾਈਟ ਪੇਪਰ ਜਾਰੀ ਕਰੇ ਮੋਦੀ ਸਰਕਾਰ: ਕਾਂਗਰਸ

ਨਵੀਂ ਦਿੱਲੀ, 27 ਅਕਤੂਬਰ

ਕਾਂਗਰਸ ਨੇ ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ’ਚੋਂ ਕਸ਼ਮੀਰੀ ਪੰਡਿਤਾਂ ਦੀ ਕਥਿਤ ਹਿਜਰਤ ਲਈ ਭਾਜਪਾ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਮੰਗ ਕੀਤੀ ਕਿ ਮੋਦੀ ਸਰਕਾਰ ਆਪਣੇ ਅੱਠ ਸਾਲਾਂ ਦੇ ਕਾਰਜਕਾਲ ਦੌਰਾਨ ਘੱਟਗਿਣਤੀ ਭਾਈਚਾਰੇ ਦੀ ਹਾਲਤ ਬਾਰੇ ਵ੍ਹਾਈਟ ਪੇਪਰ ਜਾਰੀ ਕਰੇ। ਵਿਰੋਧੀ ਪਾਰਟੀ ਨੇ ਜੰਮੂ ਵਿੱਚ ਕਸ਼ਮੀਰੀ ਪੰਡਿਤਾਂ ਦੀ ਮਿੱਥ ਕੇ ਕੀਤੀਆਂ ਹੱਤਿਆਵਾਂ ਲਈ ਵੀ ਕੇਂਦਰ ਦੀ ਭਾਜਪਾ ਸਰਕਾਰ ਨੂੰ ਘੇਰਿਆ। ਕਾਂਗਰਸ ਨੇ ਕਿਹਾ ਕਿ ਸਰਕਾਰ ਨੂੰ ਇਸ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ। ਪਾਰਟੀ ਨੇ ਕਿਹਾ ਕਿ ਭਾਜਪਾ ਆਗੂਆਂ ਨੂੰ ਦੇਸ਼ ਦੇ ਸਮਕਾਲੀ ਇਤਿਹਾਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਜਵਾਹਰਲਾਲ ਨਹਿਰੂ, ਇੰਦਰਾ ਗਾਂਧੀ, ਪੀ.ਵੀ.ਨਰਸਿਮ੍ਹਾ ਰਾਓ ਤੇ ਮਨਮੋਹਨ ਸਿੰਘ ’ਤੇ ਦੋਸ਼ ਲਾਉਣੇ ਬਹੁਤ ਆਸਾਨ ਹਨ।

ਕਾਂਗਰਸ ਦੇ ਮੀਡੀਆ ਵਿਭਾਗ ਦੇ ਮੁਖੀ ਪਵਨ ਖੇੜਾ ਨੇ ਏਆਈਸੀਸੀ ਹੈੱਡਕੁਆਰਟਰ ’ਤੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ 1989 ਵਿੱਚ ਕਸ਼ਮੀਰੀ ਪੰਡਿਤਾਂ ਨੇ ਜਦੋਂ ਪਹਿਲੀ ਵਾਰ ਵਾਦੀ ’ਚੋਂ ਹਿਜਰਤ ਕੀਤੀ ਤਾਂ ਉਸ ਮੌਕੇ ਕੇਂਦਰ ਵਿੱਚ ਭਾਜਪਾ ਦੀ ਹਮਾਇਤ ਵਾਲੀ ਵੀ.ਪੀ.ਸਿੰਘ ਦੀ ਸਰਕਾਰ ਸੀ। ਖੇੜਾ ਨੇ ਕਿਹਾ, ‘‘1986 ਵਿੱਚ ਕਸ਼ਮੀਰੀ ਪੰਡਿਤਾਂ ਖਿਲਾਫ਼ ਪਹਿਲੇ ਦੰਗੇ ਹੋਏ ਤਾਂ ਕੇਂਦਰ ਵਿੱਚ ਰਾਜੀਵ ਗਾਂਧੀ ਦੀ ਸਰਕਾਰ ਸੀ। ਕਸ਼ਮੀਰੀ ਪੰਡਿਤ ਨੈਸ਼ਨਲ ਸਟੇਡੀਅਮ ਤੋਂ ਰਾਜੀਵ ਗਾਂਧੀ ਦੇ ਦਫ਼ਤਰ ਵਿੱਚ ਆਏ। ਉਨ੍ਹਾਂ ਭਾਈਚਾਰੇ ਦੀ ਗੱਲ ਸੁਣੀ ਤੇ ਗੁਲਾਮ ਮੁਹੰਮਦ ਸ਼ਾਹ ਦੀ ਸਰਕਾਰ ਨੂੰ ਲਾਂਭੇ ਕੀਤਾ ਗਿਆ।’’ ਖੇੜਾ ਨੇ ਕਿਹਾ ਕਿ ਭਾਜਪਾ ‘ਸਿਰਫ ਸਹਿਣਸ਼ੀਲਤਾ’ ਦੀਆਂ ਗੱਲਾਂ ਕਰਦੀ ਹੈ, ਪਰ ਇਸ ਦਾ ਅਸਲ ਮਤਲਬ ਕੀ ਹੁੰਦਾ ਹੈ, ਰਾਜੀਵ ਗਾਂਧੀ ਨੇ ਵਿਖਾਇਆ।’’ ਖੇੜਾ ਨੇ ਕਿਹਾ ਕਿ ਸਰਕਾਰ ਦੇ 70 ਮੰਤਰੀ ਕਸ਼ਮੀਰ ਵਿੱਚ ਲੋਕਾਂ ਤੱਕ ਪਹੁੰਚ ਪ੍ਰੋਗਰਾਮ ਵਿੱਚ ਰੁੱਝੇ ਹਨ, ਪਰ ਕੀ ਇਨ੍ਹਾਂ ਵਿਚੋਂ ਕਿਸੇ ਨੇ ਵੀ ਕਸ਼ਮੀਰੀ ਪੰਡਿਤਾਂ ਦੇ ਕੈਂਪ ਦਾ ਦੌਰਾ ਕੀਤਾ ਹੈ। ਉਨ੍ਹਾਂ ਕਿਹਾ, ‘‘ਇਹੋ ਜਿਹੀ ਪਹੁੰਚ ਦਾ ਕੀ ਫਾਇਦਾ ਜਦੋਂ ਤੁਸੀਂ ਕੈਂਪਾਂ ਵਿੱਚ ਰਹਿ ਰਹੇ ਕਸ਼ਮੀਰੀ ਪੰਡਿਤਾਂ ਤੱਕ ਨਹੀਂ ਪੁੱਜ ਸਕੇ।’’

ਕਾਂਗਰਸ ਆਗੂ ਨੇ ਇਕ ਸਰਕਾਰੀ ਹੁਕਮ ਦੇ ਹਵਾਲੇ ਨਾਲ ਕਿਹਾ ਕਿ ਕਸ਼ਮੀਰੀ ਪੰਡਿਤ ਮੁਲਾਜ਼ਮਾਂ ਨੂੰ ਕਥਿਤ ਉਨ੍ਹਾਂ ਦੀ ਮਰਜ਼ੀ ਖਿਲਾਫ਼ ਵਾਪਸ ਕੰਮਾਂ ’ਤੇ ਪਰਤਣ ਲਈ ‘ਧਮਕਾਇਆ’ ਜਾ ਰਿਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਸਾਲ ਜਨਵਰੀ ਤੋਂ ਅਕਤੂਬਰ ਤੱਕ 30 ਕਸ਼ਮੀਰੀ ਪੰਡਿਤਾਂ ਦੀ ਮਿੱਥ ਕੇ ਹੱਤਿਆਵਾਂ ਕੀਤੀਆਂ ਗਈਆਂ ਹਨ। ਖੇੜਾ ਨੇ ਕਿਹਾ, ‘‘ਅਸੀਂ ਮੋਦੀ ਸਰਕਾਰ ਤੋਂ ਕਸ਼ਮੀਰੀ ਪੰਡਿਤਾਂ ਦੀ ਮੌਜੂਦਾ ਹਾਲਤ ਬਾਰੇ ਵ੍ਹਾਈਟ ਪੇਪਰ ਜਾਰੀ ਕੀਤੇ ਜਾਣ ਦੀ ਮੰਗ ਕਰਦੇ ਹਾਂ। ਪਿਛਲੇ ਅੱਠ ਸਾਲਾਂ ਵਿੱਚ ਕੇਂਦਰ ਸਰਕਾਰ ਨੇ ਜੋ ਕੁਝ ਕੀਤਾ ਹੈ, ਉਹ ਵ੍ਹਾਈਟ ਪੇਪਰ ਰਾਹੀਂ ਸਾਹਮਣੇ ਆਉਣਾ ਚਾਹੀਦਾ ਹੈ।’’ ਕੇਂਦਰੀ ਮੰਤਰੀ ਕਿਰਨ ਰਿਜਿਜੂ ਦੇ ਮਜ਼ਮੂਨ ‘ਕਸ਼ਮੀਰ ਬਾਰੇ ਨਹਿਰੂ ਦੀਆਂ ਪੰਜ ਬੱਜਰ ਗ਼ਲਤੀਆਂ ਦੀ 75ਵੀਂ ਵਰ੍ਹੇਗੰਢ’ ਬਾਰੇ ਪੁੱਛੇ ਜਾਣ ’ਤੇ ਖੇੜਾ ਨੇ ਕਿਹਾ ਕਿ ਭਾਜਪਾ ਦੇ ਅਜਿਹੇ ਆਗੂ, ਜੋ ‘ਵਟਸਐਪ ਨਰਸਰੀ’ ਦੇ ਵਿਦਿਆਰਥੀ ਹਨ, ਨੂੰ ਮੁੜ ਤੋਂ ਆਪਣੀਆਂ ਇਤਿਹਾਸ ਦੀਆਂ ਜਮਾਤਾਂ ਲਾਉਣ ਦੀ ਲੋੜ ਹੈ। ਕਾਂਗਰਸ ਆਗੂ ਨੇ ਕਿਹਾ, ‘‘ਜੇਕਰ ਉਨ੍ਹਾਂ ਵੱਲੋਂ ਕਹੀ ਗੱਲ ਸੱਚ ਹੈ, ਤਾਂ ਫਿਰ ਮਨਮੋਹਨ ਸਿੰਘ ਦੇ ਦੌਰ ਵਿੱਚ ਮਿੱਥ ਕੇ ਕੀਤੀਆਂ ਜਾਣ ਵਾਲੀਆਂ ਹੱਤਿਆਵਾਂ ਕਿਵੇਂ ਰੁਕ ਗਈਆਂ ਤੇ 75 ਫੀਸਦ ਲੋਕਾਂ ਨੇ ਸੂਬੇ ਦੇ ਜਮਹੂਰੀ ਚੋਣ ਅਮਲ ਵਿੱਚ ਕਿਵੇਂ ਸ਼ਿਰਕਤ ਕੀਤੀ? ਸਾਨੂੰ ਇਨ੍ਹਾਂ ਦੇ ਜਵਾਬ ਮਿਲਣ ਦੀ ਖੁ਼ਸ਼ੀ ਹੋਵੇਗੀ।’’ ਕਾਂਗਰਸ ਆਗੂ ਨੇ ਕਿਹਾ, ‘‘ਸਾਨੂੰ ਜਵਾਬ ਦਿਓ। ਤੁਸੀਂ ਅੱਠ ਸਾਲਾਂ ਤੋਂ ਸੱਤਾ ਵਿੱਚ ਹੋ। ਇਨ੍ਹਾਂ ਸਾਲਾਂ ਦੌਰਾਨ ਜੰਮੂ ਕਸ਼ਮੀਰ ਵਿੱਚ ਤੁਹਾਡੀ ਕੀ ਉਪਲੱਬਧੀ ਹੈ? ਤੁਸੀਂ ਚੋਣਾਂ ਨਹੀਂ ਕਰਵਾ ਸਕੇ। ਤੁਸੀਂ ਕਸ਼ਮੀਰੀ ਪੰਡਿਤਾਂ ਨੂੰ ਸੁਰੱਖਿਆ ਨਹੀਂ ਦੇ ਸਕੇ। ਕੀ ਇਹੀ ਤੁਹਾਡੀ ਪ੍ਰਾਪਤੀ ਹੈ? 1989 ਵਿੱਚ ਜੋ ਕੁਝ ਹੋਇਆ ਤੇ ਅੱਜ ਜੋ ਕੁਝ ਹੋ ਰਿਹੈ, ਤੁਹਾਨੂੰ ਉਸ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ।’’

Add a Comment

Your email address will not be published. Required fields are marked *