RCB ਖ਼ਿਲਾਫ਼ ਮੁਕਾਬਲੇ ‘ਚ ਰੋਹਿਤ ਤੇ ਆਰਚਰ ਦੇ ਖੇਡਣ ਬਾਰੇ ਆਈ ਅਹਿਮ ਖ਼ਬਰ

ਬੈਂਗਲੁਰੂ : ਅੱਜ ਆਈ.ਪੀ.ਐੱਲ. 2023 ਵਿਚ ਮੁੰਬਈ ਇੰਡੀਅਨਜ਼ ਤੇ ਰਾਇਲ ਚੈਲੰਜਰਜ਼ ਬੈਂਗਲੋਰ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਇਸ ਤੋਂ ਪਹਿਲਾਂ ਕਪਤਾਨ ਰੋਹਿਤ ਸ਼ਰਮਾ ਤੇ ਤੇਜ਼ ਗੇਂਦਬਾਜ਼ ਜ਼ੋਫ਼ਰਾ ਆਰਚਰ ਦੇ ਮੈਚ ਨਾ ਖੇਡਣ ਦੀਆਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸਨ। ਹੁਣ ਮੁੰਬਈ ਇੰਡੀਅਨਜ਼ ਦੇ ਮੁੱਖ ਕੋਚ ਮਾਰਕ ਬਾਊਚਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਕਪਤਾਨ ਰੋਹਿਤ ਸ਼ਰਮਾ ਤੇ ਜ਼ੋਫ਼ਰਾ ਆਰਚਰ ਐਤਵਾਰ ਦੇ ਮੁਕਾਬਲੇ ਲਈ ਫਿੱਟ ਹਨ। 

ਕਿਆਸ ਲਗਾਏ ਜਾ ਰਹੇ ਸਨ ਕਿ ਹੋ ਸਕਦਾ ਹੈ ਕਿ ਰੋਹਿਤ ਟੀਮ ਦੇ ਸ਼ੁਰੂਆਤੀ ਮੈਚ ਲਈ ਉਪਲਬਧ ਨਾ ਹੋਣ ਕਿਉਂਕਿ ਉਹ ਅਹਿਮਦਾਬਾਦ ਵਿਚ ਕਪਤਾਨਾਂ ਦੇ ‘ਫੋਟੋਸ਼ੂਟ’ ਵਿਚ ਮੌਜੂਦ ਨਹੀਂ ਸਨ। ਪਰ ਬਾਊਚਰ ਨੇ ਸਾਰੀਆਂ ਕਿਆਸਰਾਈਆਂ ਨੂੰ ਖ਼ਾਰਜ ਕਰ ਦਿੱਤਾ। ਬਾਊਚਰ ਨੇ ਸ਼ਨੀਵਾਰ ਨੂੰ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ “ਰੋਹਿਤ ਸ਼ਰਮਾ ਫਿੱਟ ਹਨ। ਉਨ੍ਹਾਂ ਨੇ ਪਿਛਲੇ ਦੋ ਦਿਨ ਟ੍ਰੇਨਿੰਗ ਕੀਤੀ ਹੈ ਤੇ ਉਹ ਖੇਡਣ ਲਈ ਪੂਰੀ ਤਰ੍ਹਾਂ ਫਿੱਟ ਹਨ। ਉਨ੍ਹਾਂ ਨੂੰ ਉਸ ਸਵੇਰੇ ਚੰਗਾ ਮਹਿਸੂਸ ਨਹੀਂ ਹੋ ਰਿਹਾ ਸੀ ਤੇ ਅਹਿਤਿਆਤ ਵਜੋਂ ਅਸੀਂ ਉਨ੍ਹਾਂ ਨੂੰ ਘਰ ਰਹਿਣ ਲਈ ਕਿਹਾ ਸੀ। ਖ਼ਿਡਾਰੀਆਂ ਨੂੰ ਬਹੁਤ ਸਾਰੇ ਫੋਟੋਸ਼ੂਟ ਕਰਵਾਉਣੇ ਹੁੰਦੇ ਹਨ। ਉਨ੍ਹਾਂ ਨੂੰ ਆਪਣੇ ਲਈ ਜ਼ਿਆਦਾ ਸਮਾਂ ਨਹੀਂ ਮਿਲਦਾ, ਇਸ ਲਈ ਅਸੀਂ ਸੋਚਿਆ ਕਿ ਇਹੀ ਬਿਹਤਰ ਹੋਵੇਗਾ।”

ਜਸਪ੍ਰੀਤ ਬੁਮਰਾਹ ਦੀ ਗੈਰ-ਹਾਜ਼ਰੀ ਵਿਚ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਆਰਚਰ ਮੁੰਬਈ ਇੰਡੀਅਨਜ਼ ਦੇ ਤੇਜ਼ ਗੇਂਦਬਾਜ਼ਾਂ ਦੀ ਅਗਵਾਈ ਕਰਨਗੇ। ਉਹ ਸੱਟ ਤੋਂ ਉੱਭਰ ਕੇ ਲੰਬੇ ਸਮੇਂ ਬਾਅਦ ਵਾਪਸੀ ਕਰ ਰਹੇ ਹਨ। ਬਾਊਚਰ ਨੇ ਕਿਹਾ, “ਜ਼ੋਫਰਾ ਐਤਵਾਰ ਦੇ ਮੈਚ ਲਈ ਪੂਰੀ ਤਰ੍ਹਾਂ ਤਿਆਰ ਹਨ। ਉਸ ਨੇ ਅੱਜ ਟ੍ਰੇਨਿੰਗ ਨਹੀਂ ਕੀਤੀ, ਇਹ ਚੋਣਵਾਂ ਟ੍ਰੇਨਿੰਗ ਸੈਸ਼ਨ ਸੀ। ਉਸ ਨੂੰ ਲੱਗਿਆ ਕਿ ਉਹ ਕੱਲ੍ਹ ਲਈ ਤਿਆਰ ਹੈ, ਉਹ ਕੱਲ੍ਹ ਖੇਡੇਗਾ।”

Add a Comment

Your email address will not be published. Required fields are marked *