IPL ਨਿਲਾਮੀ ਦੇ ਸਭ ਤੋਂ ਮਹਿੰਗੇ ਖਿਡਾਰੀ ਬਣੇ ਸੈਮ ਕਰਨ, ਪੰਜਾਬ ਕਿੰਗਜ਼ ਨੇ 18.5 ਕਰੋੜ ਰੁਪਏ ‘ਚ ਖ਼ਰੀਦਿਆ

ਕੋਚੀ – ਇੰਗਲੈਂਡ ਦੇ ਹਰਫ਼ਨਮੌਲਾ ਸੈਮ ਕਰਨ ਸ਼ੁੱਕਰਵਾਰ ਨੂੰ ਇੱਥੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਨਿਲਾਮੀ ਦੇ ਇਤਿਹਾਸ ਵਿਚ ਸਭ ਤੋਂ ਮਹਿੰਗੇ ਖ਼ਿਡਾਰੀ ਬਣ ਗਏ, ਜਿਨ੍ਹਾਂ ਨੂੰ ਪੰਜਾਬ ਕਿੰਗਜ਼ ਨੇ ਰਿਕਾਰਡ 18.50 ਕਰੋੜ ਰੁਪਏ ਵਿੱਚ ਖ਼ਰੀਦਿਆ। ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਦੇ ਹਰਫ਼ਨਮੌਲਾ ਕ੍ਰਿਸ ਮੌਰਿਸ 2021 ਵਿੱਚ ਆਈ.ਪੀ.ਐੱਲ. ਦੇ ਸਭ ਤੋਂ ਮਹਿੰਗੇ ਖਿਡਾਰੀ ਬਣੇ ਸਨ, ਜਦੋਂ ਰਾਜਸਥਾਨ ਰਾਇਲਜ਼ ਨੇ ਉਨ੍ਹਾਂ ਲਈ 16.25 ਕਰੋੜ ਰੁਪਏ ਦੀ ਬੋਲੀ ਲਗਾਈ ਸੀ। ਸੈਮ ਕਰਨ ਦਾ ਬੇਸ ਪ੍ਰਾਈਜ਼ 2 ਕਰੋੜ ਰੁਪਏ ਸੀ। ਕਰਨ ਨੂੰ ਟੀਮ ਵਿੱਚ ਸ਼ਾਮਲ ਕਰਨ ਲਈ ਮੁੰਬਈ ਇੰਡੀਅਨਜ਼, ਰਾਇਲ ਚੈਲੰਜਰਜ਼ ਬੈਂਗਲੁਰੂ, ਰਾਜਸਥਾਨ ਰਾਇਲਜ਼, ਚੇਨਈ ਸੁਪਰ ਕਿੰਗਜ਼, ਲਖਨਊ ਸੁਪਰ ਜਾਇੰਟਸ ਅਤੇ ਪੰਜਾਬ ਕਿੰਗਜ਼ ਵਿਚਕਾਰ ਇੱਕ ਲੰਬੀ ਬੋਲੀ ਦੀ ਪ੍ਰਕਿਰਿਆ ਚੱਲੀ। ਹਾਲ ਹੀ ਵਿੱਚ ਟੀ-20 ਵਿਸ਼ਵ ਕੱਪ ਵਿੱਚ ਸਰਵੋਤਮ ਖਿਡਾਰੀ ਦਾ ਐਵਾਰਡ ਜਿੱਤਣ ਵਾਲੇ ਕਰਨ ਨੂੰ ਪੰਜਾਬ ਕਿੰਗਜ਼ ਨੇ ਰਿਕਾਰਡ ਰਕਮ ਵਿੱਚ ਖ਼ਰੀਦਿਆ ਹੈ।

ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਸੈਮ ਕਰਨ ਦਾ ਟੀ-20 ਕ੍ਰਿਕਟ ‘ਚ ਸ਼ਾਨਦਾਰ ਰਿਕਾਰਡ ਹੈ। ਉਨ੍ਹਾਂ ਨੇ 145 ਮੈਚ ਖੇਡੇ ਹਨ। ਇਸ ‘ਚ ਉਨ੍ਹਾਂ ਨੇ 1731 ਦੌੜਾਂ ਦੇ ਕੇ 149 ਵਿਕਟਾਂ ਹਾਸਲ ਕੀਤੀਆਂ ਹਨ। ਦੋ ਵਾਰ ਉਹ ਇੱਕ ਪਾਰੀ ਵਿੱਚ 5 ਵਿਕਟਾਂ ਲੈ ਚੁੱਕੇ ਹਨ। ਇਸ ਦੇ ਨਾਲ ਹੀ 9 ਸੈਂਕੜੇ ਵੀ ਲਗਾਏ ਹਨ। ਉਨ੍ਹ੍ਹਾ ਦਾ ਬੱਲੇਬਾਜ਼ੀ ਸਟ੍ਰਾਈਕ ਰੇਟ 136 ਹੈ। ਕਰਨ ਓਪਨਰ ਦੇ ਨਾਲ-ਨਾਲ ਫਿਨਿਸ਼ਰ ਦੀ ਭੂਮਿਕਾ ਵੀ ਨਿਭਾ ਸਕਦੇ ਹਨ। ਆਈ.ਪੀ.ਐੱਲ. ਦੇ 32 ਮੈਚਾਂ ਵਿੱਚ, ਉਨ੍ਹਾਂ ਨੇ 150 ਦੇ ਸਟ੍ਰਾਈਕ ਰੇਟ ਨਾਲ 337 ਦੌੜਾਂ ਬਣਾਉਣ ਦੇ ਨਾਲ 32 ਵਿਕਟਾਂ ਵੀ ਲਈਆਂ ਹਨ।

Add a Comment

Your email address will not be published. Required fields are marked *