ਸਿੱਧੂ ਦੇ ਜੇਲ੍ਹ ‘ਚੋਂ ਬਾਹਰ ਆਉਂਦੇ ਹੀ ਗਰਮਾਈ ਸਿਆਸਤ, ‘ਆਪ’ ਨੇ ਕੀਤਾ ‘ਪਲਟਵਾਰ’

ਚੰਡੀਗੜ੍ਹ : ਸਿੱਧੂ ਦੇ ਜੇਲ੍ਹ ਤੋਂ ਬਾਹਰ ਆਉਂਦੇ ਹੀ ਸਿਆਸਤ ਗਰਮਾ ਗਈ ਹੈ। ਨਵਜੋਤ ਸਿੱਧੂ ਦੇ ਹਮਲੇ ‘ਤੇ ‘ਆਪ’ ਨੇ ਵੀ ਪਲਟਵਾਰ ਕੀਤਾ ਹੈ। ‘ਆਪ’ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਮੁੱਖ ਮੰਤਰੀ ‘ਤੇ ਨਿੱਜੀ ਹਮਲੇ ਕਰਕੇ ਸਿੱਧੂ ਨੇ ਸਾਬਤ ਕਰ ਦਿੱਤਾ ਹੈ ਕਿ 3 ਕਰੋੜ ਪੰਜਾਬੀਆਂ ਦਾ ਮਾਨ ਸਾਹਿਬ ਨੂੰ ਮੁੱਖ ਮੰਤਰੀ ਬਣਾਉਣਾ ਉਨ੍ਹਾਂ ਨੂੰ ਅਜੇ ਵੀ ਚੁੱਭ ਰਿਹਾ ਹੈ।

ਕੰਗ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਕਾਂਗਰਸ ਦਾ ਕੋਈ ਵੀ ਵੱਡਾ ਆਗੂ ਸਿੱਧੂ ਦੀ ਰਿਹਾਈ ‘ਤੇ ਨਹੀਂ ਪਹੁੰਚਿਆ। ਸਿੱਧੂ ਇਕ ਸਟੰਟਮੈਨ ਹੈ, ਸਰਕਾਰ ਨੇ ਉਨ੍ਹਾਂ ਨੂੰ 8 ਵਜੇ ਹੀ ਛੱਡਣ ਦੇ ਹੁਕਮ ਦੇ ਦਿੱਤੇ ਸਨ। ਉਨ੍ਹਾਂ ਕਿਹਾ ਕਿ ਉਹ ਸਜ਼ਾ ਕੱਟ ਕੇ ਜੇਲ੍ਹ ‘ਚੋਂ ਬਾਹਰ ਆਏ ਹਨ, ਕੋਈ ਆਜ਼ਾਦੀ ਦੀ ਲੜਾਈ ਲੜ ਕੇ ਨਹੀਂ। ਉਨ੍ਹਾਂ ਨਿਸ਼ਾਨਾ ਸਾਧਦਿਆਂ ਕਿਹਾ ਕਿ ਢੋਲ ​​ਨਗਾੜੇ ਦੀ ਨੌਟੰਕੀ ਕਿਸ ਲਈ? ਬੋਲ ਬੱਚਨ ਤਾਂ ਉਹ ਹੈ ਹੀ ਤੇ ਉਹੀ ਰਹਿਣਗੇ। ਇਕ ਬਜ਼ੁਰਗ ਨੂੰ ਉਨ੍ਹਾਂ ਕਾਰਨ ਆਪਣੀ ਜਾਨ ਗਵਾਉਣੀ ਪਈ ਸੀ, ਉਨ੍ਹਾਂ ਨੂੰ ਇਸ ਬਾਰੇ ਵਿਚਾਰ ਕਰਨਾ ਚਾਹੀਦਾ ਹੈ। ਆਪਣੇ ਮਾੜੇ ਕਰਮਾਂ ਦੀ ਸਜ਼ਾ ਭੁਗਤਣ ਤੋਂ ਬਾਅਦ ਉਨ੍ਹਾਂ ਨੂੰ ਕੁਝ ਸੰਤੁਸ਼ਟੀ ਹੋਣੀ ਚਾਹੀਦੀ ਹੈ। ਜੇਲ੍ਹ ਤੋਂ ਬਾਹਰ ਆਉਂਦੇ ਹੀ ਉਨ੍ਹਾਂ ਦੀਆਂ ਵੱਡੀਆਂ-ਵੱਡੀਆਂ ਗੱਲਾਂ ਪਹਿਲੇ ਦਿਨ ਤੋਂ ਹੀ ਸ਼ੁਰੂ ਹੋ ਗਈਆਂ।

ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਵੱਸ ਨਹੀਂ ਚੱਲ ਰਿਹਾ, ਨਹੀਂ ਤਾਂ ਉਹ ਅੱਜ ਹੀ ਮੁੱਖ ਮੰਤਰੀ ਦੀ ਕੁਰਸੀ ‘ਤੇ ਬੈਠ ਜਾਣ। ਉਨ੍ਹਾਂ ਨੂੰ ਇਹ ਸਮਾਂ ਆਪਣੇ ਪਰਿਵਾਰ ਨਾਲ ਬਿਤਾਉਣਾ ਚਾਹੀਦਾ ਹੈ। ਜਾਣਬੁੱਝ ਕੇ ਸਿੱਧੂ ਅਜਿਹਾ ਮਾਹੌਲ ਪੈਦਾ ਕਰ ਰਹੇ ਹਨ ਜਿਵੇਂ ਉਹ ਸਿਆਸੀ ਗ੍ਰਿਫ਼ਤ ਵਿੱਚ ਰਹਿ ਹੋਣ, ਪੰਜਾਬ ਦੇ ਲੋਕ ਉਨ੍ਹਾਂ ਨੂੰ ਪਹਿਲਾਂ ਹੀ ਨਕਾਰ ਚੁੱਕੇ ਹਨ। ਮੈਨੂੰ ਲੱਗਦਾ ਹੈ ਕਿ ਸਿੱਧੂ ਸਾਹਬ ਇਕ ਸਾਲ ਦੀ ਸਜ਼ਾ ਪੂਰੀ ਕਰਕੇ ਅੱਜ ਜੇਲ੍ਹ ਤੋਂ ਬਾਹਰ ਆਏ ਹਨ, ਉਨ੍ਹਾਂ ਨੂੰ ਆਰਾਮ ਦੀ ਲੋੜ ਹੈ। ਉਨ੍ਹਾਂ ਨੂੰ ਆਪਣੇ ਪਰਿਵਾਰ ਨਾਲ ਮਿਲਣਾ ਚਾਹੀਦਾ ਹੈ। ਉਨ੍ਹਾਂ ਨੂੰ ਜ਼ਿਆਦਾ ਜੋਸ਼ ‘ਚ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ।

36000 ਨੌਕਰੀਆਂ ਦੇ ਝੂਠੇ ਇਸ਼ਤਿਹਾਰ ਉਨ੍ਹਾਂ ਦੀ ਸਰਕਾਰ ਵੱਲੋਂ ਦਿੱਤੇ ਗਏ ਸਨ। ਮਾਨ ਸਰਕਾਰ ਨੇ ਕਿੰਨਾ ਕਰਜ਼ਾ ਲਿਆ, ਕਿੰਨੇ ਲੋਕਾਂ ਨੂੰ ਪੱਕਾ ਕੀਤਾ, ਇਸ ਦਾ ਪੂਰਾ ਹਿਸਾਬ ਪੰਜਾਬ ਦੇ ਲੋਕਾਂ ਦੇ ਸਾਹਮਣੇ ਹੈ। ਖਰਾਬ ਮੌਸਮ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਦਾ ਕਾਫੀ ਨੁਕਸਾਨ ਹੋਇਆ ਹੈ, ਜਿਸ ‘ਤੇ ਮੁੱਖ ਮੰਤਰੀ ਭਗਵੰਤ ਮਾਨ ਗੰਭੀਰਤਾ ਨਾਲ ਕੰਮ ਕਰ ਰਹੇ ਹਨ ਅਤੇ ਕਿਸਾਨਾਂ ਨੂੰ ਮੁਆਵਜ਼ਾ ਦੇਣ ‘ਚ ਲੱਗੇ ਹੋਏ ਹਨ ਤੇ ਤੁਹਾਡੀਆਂ ਸਰਕਾਰਾਂ ਵੱਲੋਂ ਪੰਜਾਬ ‘ਤੇ ਲਗਾਏ ਗਏ ਟੋਲ ਪਲਾਜ਼ਿਆਂ ਤੋਂ ਪੰਜਾਬ ਨੂੰ ਮੁਕਤ ਕਰ ਰਹੇ ਹਨ।

ਪਿਛਲੀਆਂ ਸਰਕਾਰਾਂ ਜਿਨ੍ਹਾਂ ਦਾ ਤੁਸੀਂ ਵੀ ਹਿੱਸਾ ਰਹੇ ਹੋ, ਉਨ੍ਹਾਂ ਸਰਕਾਰਾਂ ‘ਚ ਮੰਤਰੀਆਂ ਨੇ ਜੋ ਭ੍ਰਿਸ਼ਟਾਚਾਰ ਕੀਤਾ ਅਤੇ ਪੰਜਾਬ ਨੂੰ ਲੁੱਟਿਆ ਹੈ, ਉਸ ਦਾ ਇਨਸਾਫ਼ ਦਿਵਾਉਣ ਲਈ ਮੁੱਖ ਮੰਤਰੀ ਯਤਨਸ਼ੀਲ ਹਨ। ਸਿੱਧੂ ਜੇਲ੍ਹ ਜਾ ਕੇ ਭੁੱਲ ਗਏ ਹਨ ਕਿ ਬੇਅਦਬੀ ਕਿਸ ਦੀ ਸਰਕਾਰ ਵਿੱਚ ਹੋਈ ਸੀ। ਅੱਜ ਮੈਂ ਇਹੀ ਕਹਾਂਗਾ ਕਿ ਸਿੱਧੂ ਸਾਹਿਬ ਨੂੰ ਹੁਣ ਆਰਾਮ ਦੀ ਲੋੜ ਹੈ। ਉਹ ਸਮਝਦੇ ਹਨ ਕਿ ਜਦੋਂ ਕੋਈ ਜੇਲ੍ਹ ਵਰਗੀ ਥਾਂ ‘ਤੇ ਇੰਨਾ ਲੰਮਾ ਸਮਾਂ ਬਿਤਾਉਣ ਤੋਂ ਬਾਅਦ ਆਉਂਦਾ ਹੈ ਤਾਂ ਉਸ ਨੂੰ ਕੁਝ ਸਥਿਰਤਾ ਦੀ ਲੋੜ ਹੁੰਦੀ ਹੈ, ਸ਼ਾਂਤੀ ਦੀ ਲੋੜ ਹੁੰਦੀ ਹੈ। ਉਨ੍ਹਾਂ ਨੂੰ ਪਰਿਵਾਰ ‘ਚ ਬੈਠ ਕੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ।

Add a Comment

Your email address will not be published. Required fields are marked *