ਕੁਝ ਲੋਕਾਂ ਨੇ ਮੇਰਾ ਅਕਸ ਖ਼ਰਾਬ ਕਰਨ ਦੀ ਸੁਪਾਰੀ ਦਿੱਤੀ: ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਕੁਝ ਲੋਕ ਉਨ੍ਹਾਂ ਦਾ ਅਕਸ ਖ਼ਰਾਬ ਕਰਨ ’ਤੇ ਤੁਲੇ ਹੋਏ ਹਨ ਅਤੇ ਉਨ੍ਹਾਂ ਨੇ ਭਾਰਤ ਤੇ ਦੇਸ਼ ਤੋਂ ਬਾਹਰ ਰਹਿੰਦੇ ਕੁਝ ਲੋਕਾਂ ਨੂੰ ਇਸ ਕੰਮ ਲਈ ਸੁਪਾਰੀ ਦਿੱਤੀ ਹੋਈ ਹੈ। ਰਾਹੁਲ ਗਾਂਧੀ ਦੇ ਬਿਆਨ ‘ਭਾਰਤ ਵਿੱਚ ਲੋਕਤੰਤਰ ਬੇਰਹਿਮ ਹਮਲੇ ਹੇਠ ਹੈ’ ਨੂੰ ਲੈ ਕੇ ਸਭ ਤੋਂ ਪੁਰਾਣੀ ਪਾਰਟੀ ਤੇ ਭਾਜਪਾ ਵਿਚਾਲੇ ਚੱਲ ਰਹੀ ਖਿੱਚੋਤਾਣ ਦਰਮਿਆਨ ਮੋਦੀ ਨੇ ਅੱਜ ਕਾਂਗਰਸ ਪਾਰਟੀ ’ਤੇ ਇਹ ਹਮਲਾ ਕੀਤਾ। ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਨੂੰ ਲੋਕ ਸਭਾ ਮੈਂਬਰਸ਼ਿਪ ਤੋਂ ਅਯੋਗ ਕਰਾਰ ਦਿੱਤੇ ਜਾਣ ਦਾ ਬਰਤਾਨੀਆ ਤੇ ਜਰਮਨੀ ਵੱਲੋਂ ਨੋਟਿਸ ਲਏ ਜਾਣ ਤੋਂ ਬਾਅਦ ਭਾਜਪਾ ਨੇ ਕਾਂਗਰਸ ’ਤੇ ਦੇਸ਼ ਦੇ ਅੰਦਰੂਨੀ ਮਾਮਲਿਆਂ ’ਚ ਵਿਦੇਸ਼ੀ ਤਾਕਤਾਂ ਦੇ ਦਖ਼ਲ ਨੂੰ ਸੱਦਾ ਦੇਣ ਦਾ ਦੋਸ਼ ਲਗਾਇਆ ਹੈ। ਮੋਦੀ ਇੱਥੇ ਰਾਣੀ ਕਮਲਾਪਤੀ ਰੇਲਵੇ ਸਟੇਸ਼ਨ ’ਤੇ ਸੈਮੀ-ਹਾਈ ਸਪੀਡ ਭੁਪਾਲ-ਦਿੱਲੀ ਵੰਦੇ ਭਾਰਤ ਐਕਸਪ੍ਰੈੱਸ ਰੇਲ ਗੱਡੀ ਨੂੰ ਝੰਡੀ ਦਿਖਾਉਣ ਤੋਂ ਬਾਅਦ ਇੱਥੇ ਜੁੜੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ, ਮੱਧ ਪ੍ਰਦੇਸ਼ ਦੇ ਰਾਜਪਾਲ ਮੰਗੂ ਭਾਈ ਪਟੇਲ ਅਤੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵੀ ਮੌਜੂਦ ਸਨ। 

ਇਸੇ ਦੌਰਾਨ ਸ੍ਰੀ ਮੋਦੀ ਨੇ ਕਿਹਾ, ‘‘ਸਾਡੇ ਦੇਸ਼ ਵਿੱਚ ਕੁਝ ਲੋਕ ਹਨ ਜਿਨ੍ਹਾਂ ਨੇ 2014 ਤੋਂ ਤੈਅ ਕੀਤਾ ਹੋਇਆ ਹੈ, ਉਹ ਜਨਤਕ ਤੌਰ ’ਤੇ ਬੋਲਦੇ ਹਨ ਕਿ ਉਹ ਮੋਦੀ ਦਾ ਅਕਸ ਖ਼ਰਾਬ ਕਰ ਦੇਣਗੇ। ਇਸ ਕੰਮ ਲਈ ਉਨ੍ਹਾਂ ਨੇ ਵੱਖ-ਵੱਖ ਲੋਕਾਂ ਨੂੰ ਸੁਪਾਰੀ ਦਿੱਤੀ ਹੋਈ ਹੈ। ਇਨ੍ਹਾਂ ਲੋਕਾਂ ਨੂੰ ਸਹਿਯੋਗ ਦੇਣ ਲਈ ਕੁਝ ਲੋਕ ਦੇਸ਼ ਦੇ ਅੰਦਰ ਅਤੇ ਕੁਝ ਲੋਕ ਦੇਸ਼ ਤੋਂ ਬਾਹਰ ਬੈਠੇ ਹਨ। ਇਹ ਲੋਕ ਮੋਦੀ ਦਾ ਅਕਸ ਖ਼ਰਾਬ ਕਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਨ ਪਰ ਭਾਰਤ ਦਾ ਮੱਧ ਵਰਗ, ਕਬਾਇਲੀ, ਦਲਿਤ, ਪੱਛੜੀਆਂ ਸ਼੍ਰੇਣੀਆਂ ਅਤੇ ਹਰੇਕ ਭਾਰਤੀ ਮੋਦੀ ਦਾ ਸੁਰੱਖਿਆ ਕਵਚ ਬਣ ਗਿਆ ਹੈ ਜਿਸ ਕਾਰਨ ਇਨ੍ਹਾਂ ਲੋਕਾਂ ਨੂੰ ਨਵੇਂ ਤੋਂ ਨਵੇਂ ਹੱਥਕੰਡੇ ਅਪਣਾਉਣੇ ਪੈ ਰਹੇ ਹਨ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹੇ ਲੋਕਾਂ ਨੇ ਇਕ ਸਹੁੰ ਚੁੱਕੀ ਹੈ ਕਿ ਮੋਦੀ ਦੀ ਕਬਰ ਖੁਦੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਜ਼ਿਸ਼ਾਂ ਵਿਚਾਲੇ ਹਰੇਕ ਦੇਸ਼ਵਾਸੀ ਨੂੰ ਦੇਸ਼ ਦੇ ਵਿਕਾਸ ਤੇ ਰਾਸ਼ਟਰ ਨਿਰਮਾਣ ਵੱਲ ਧਿਆਨ ਦੇਣਾ ਹੋਵੇਗਾ। ਉਹ ਇਕੋ ਪਰਿਵਾਰ ਨੂੰ ਦੇਸ਼ ਦਾ ਪਹਿਲਾ ਪਰਿਵਾਰ ਮੰਨਦੇ ਹਨ। ਉਨ੍ਹਾਂ ਗਰੀਬ ਤੇ ਮੱਧ ਵਰਗ ਨੂੰ ਅਣਗੌਲਿਆਂ ਕੀਤਾ ਅਤੇ ਰੇਲਵੇ ਇਸ ਦੀ ਪ੍ਰਤੱਖ ਉਦਾਹਰਨ ਹੈ। ਸ੍ਰੀ ਮੋਦੀ ਨੇ ਇੰਦੌਰ ਮੰਦਰ ਹਾਦਸੇ ’ਤੇ ਦੁੱਖ ਜ਼ਾਹਿਰ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਇਸ ਦੌਰਾਨ ਪ੍ਰਧਾਨ ਮੰਤਰੀ ਨੇ ਰੇਲ ਗੱਡੀ ਵਿੱਚ ਸਵਾਰ 300 ਤੋਂ ਵੱਧ ਸਕੂਲੀ ਬੱਚਿਆਂ ਨਾਲ ਗੱਲਬਾਤ ਕੀਤੀ। ਇਨ੍ਹਾਂ ਬੱਚਿਆਂ ਦੀ ਚੋਣ ‘ਭਾਰਤੀ ਰੇਲ’ ਥੀਮ ’ਤੇ ਆਧਾਰਤ ਇਕ ਡਰਾਇੰਗ ਤੇ ਲੇਖ ਲਿਖਣ ਦੇ ਮੁਕਾਬਲੇ ਰਾਹੀਂ ਹੋਈ ਸੀ। ਸ੍ਰੀ ਮੋਦੀ ਨੇ ਰੇਲ ਗੱਡੀ ਦੇ ਸਟਾਫ਼ ਨਾਲ ਵੀ ਗੱਲਬਾਤ ਕੀਤੀ। ਭਾਰਤੀ ਰੇਲਵੇ ਨੈੱਟਵਰਕ ’ਤੇ ਇਹ 11ਵੀਂ ਵੰਦੇ ਭਾਰਤ ਐਕਸਪ੍ਰੈੱਸ ਸੇਵਾ ਹੈ ਅਤੇ ਇਹ ਰੇਲ ਗੱਡੀ ਸ਼ਨਿਚਰਵਾਰ ਨੂੰ ਛੱਡ ਕੇ ਹਰ ਰੋਜ਼ ਚੱਲੇਗੀ। ਇਹ ਗੱਡੀ ਸਵੇਰੇ 5.40 ਵਜੇ ਰਾਣੀ ਕਮਲਾਪਤੀ ਸਟੇਸ਼ਨ ਤੋਂ ਚੱਲੇਗੀ ਅਤੇ ਬਾਅਦ ਦੁਪਹਿਰ 1.10 ਵਜੇ ਨਵੀਂ ਦਿੱਲੀ ਦੇ ਹਜ਼ਰਤ ਨਿਜ਼ਾਮੂਦੀਨ ਸਟੇਸ਼ਨ ’ਤੇ ਪਹੁੰਚੇਗੀ। ਦਿੱਲੀ ਤੋਂ ਭੁਪਾਲ ਲਈ ਇਹ ਰੇਲ ਗੱਡੀ ਬਾਅਦ ਦੁਪਹਿਰ 2.40 ਵਜੇ ਚੱਲੇਗੀ। ਇਸ ਯਾਤਰਾ ਦੌਰਾਨ ਇਹ ਰੇਲ ਗੱਡੀ ਗਵਾਲੀਅਰ ਤੇ ਆਗਰਾ ਵਿੱਚ ਰੁਕੇਗੀ। ਸ੍ਰੀ ਮੋਦੀ ਅੱਜ ਸਵੇਰੇ ਸੂਬੇ ਦੀ ਰਾਜਧਾਨੀ ਵਿੱਚ ਪਹੁੰਚੇ। ਉਪਰੰਤ ਉਨ੍ਹਾਂ ਵੰਦੇ ਭਾਰਤ ਐਕਸਪ੍ਰੈੱਸ ਰੇਲ ਗੱਡੀ ਨੂੰ ਝੰਡੀ ਦਿਖਾਉਣ ਤੋਂ ਪਹਿਲਾਂ ਕੰਬਾਇੰਡ ਕਮਾਂਡਰਾਂ ਦੀ ਇਕ ਕਾਨਫ਼ਰੰਸ ਵਿੱਚ ਸ਼ਮੂਲੀਅਤ ਕੀਤੀ।

Add a Comment

Your email address will not be published. Required fields are marked *