ਟੋਲ ਪਲਾਜ਼ਾ ਨੂੰ ਲੈ ਕੇ CM ਮਾਨ ਦਾ ਵੱਡਾ ਐਲਾਨ, ਲੋਕਾਂ ਨੂੰ ਮਿਲੇਗੀ ਵੱਡੀ ਰਾਹਤ

ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਐਲਾਨ ਕੀਤਾ ਹੈ ਕਿ ਅੱਜ ਕੀਰਤਪੁਰ ਸਹਿਬ- ਸ੍ਰੀ ਆਨੰਦਪੁਰ ਸਾਹਿਬ-ਨੰਗਲ-ਊਨਾ ਟੋਲ ਪਲਾਜ਼ਾ ਮੁਫ਼ਤ ਕਰ ਦਿੱਤਾ ਜਾਵੇਗਾ। ਇਹ ਐਲਾਨ ਕਰਦਿਆਂ ਭਗਵੰਤ ਮਾਨ ਨੇ ਇਹ ਵੀ ਦੱਸਿਆ ਕਿ ਜਿਸ ਕੰਪਨੀ ਨੂੰ ਟੋਲ ਦਾ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ, ਉਸ ਨੇ ਕਈ ਵਾਰ ਨਿਯਮਾਂ ਦੀ ਉਲੰਘਣਾ ਕੀਤੀ ਹੈ ਜਿਸ ਕਾਰਨ ਭਵਿੱਖ ਵਿੱਚ ਪਲਾਜ਼ਾ ’ਤੇ ਟੋਲ ਵਸੂਲਣ ਦੀ ਉਨ੍ਹਾਂ ਦੀ ਅਰਜ਼ੀ ਰੱਦ ਕਰ ਦਿੱਤੀ ਜਾਵੇਗੀ।

ਭਗਵੰਤ ਮਾਨ ਨੇ ਟਵੀਟ ਕਰਦੇ ਹੋਏ ਲਿਖਿਆ, ‘ਅਸੀਂ ਲੋਕਾਂ ਦੇ ਪੈਸਿਆਂ ਦੀ ਲੁੱਟ ਬਰਦਾਸ਼ਤ ਨਹੀਂ ਕਰਾਂਗੇ। ਅੱਜ ਕੀਰਤਪੁਰ ਸਹਿਬ- ਸ੍ਰੀ ਆਨੰਦਪੁਰ ਸਾਹਿਬ-ਨੰਗਲ-ਊਨਾ ਟੋਲ ਪਲਾਜ਼ਾ ਮੁਫ਼ਤ ਕਰ ਦਿੱਤਾ ਜਾਵੇਗਾ। ਇਸ ਨਾਲ ਲੋਕਾਂ ਦੇ 1 ਦਿਨ ਦੇ 10 ਲੱਖ 12 ਹਜ਼ਾਰ ਰੁਪਏ ਬਚਣਗੇ। ਕੰਪਨੀ ਵੱਲੋਂ 582 ਦਿਨ ਮਿਆਦ ਵਧਾਉਣ ਦੀ ਅਰਜ਼ੀ ਖਾਰਜ ਕਰ ਦਿੱਤੀ ਗਈ ਹੈ। ਕੰਪਨੀ ਨੇ ਕਈ ਵਾਰ ਐਗਰੀਮੈਂਟ ਦੀ ਕੀਤੀ ਉਲੰਘਣਾ ਹੈ। ਬਾਕੀ ਵੇਰਵੇ ਜਲਦੀ ਜਾਰੀ ਕੀਤੇ ਜਾਣਗੇ।’

ਇਸ ਤੋਂ ਪਹਿਲਾਂ ਪਿਛਲੇ ਮਹੀਨੇ ਭਗਵੰਤ ਮਾਨ ਨੇ ਮਾਜਰੀ, ਨੰਗਲ ਸ਼ਹੀਦਾਂ ਅਤੇ ਮਾਨਗੜ੍ਹ ਵਿਖੇ ਟੋਲ ਪਲਾਜ਼ਾ ਬੰਦ ਕਰਨ ਦਾ ਵੀ ਐਲਾਨ ਕੀਤਾ ਸੀ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਸੀ ਕਿ ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ, ਅਕਾਲੀ ਦਲ ਦੇ ਪਰਮਿੰਦਰ ਸਿੰਘ ਢੀਂਡਸਾ ਅਤੇ ਸੁਖਬੀਰ ਸਿੰਘ ਬਾਦਲ ਵਰਗੇ ਸਾਬਕਾ ਲੋਕ ਪੀ.ਡਬਲਯੂ.ਡੀ. ਮੰਤਰੀਆਂ ਨੇ ਜਨਤਾ ਦਾ ਪੈਸਾ ਲੁੱਟਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਤਿੰਨਾਂ ਟੋਲ ਦੇ ਬੰਦ ਹੋਣ ਨਾਲ ਹੁਣ ਜਨਤਾ ਰੋਜ਼ਾਨਾ 10.52 ਲੱਖ ਰੁਪਏ ਦੀ ਬਚਤ ਕਰ ਸਕੇਗੀ।

2022 ਵਿਚ ਦਸੰਬਰ ਮਹੀਨੇ ਵਿਚ ਭਗਵੰਤ ਮਾਨ ਨੇ ਹੁਸ਼ਿਆਰਪੁਰ-ਟਾਂਡਾ ਰੋਡ ‘ਤੇ ਲਾਚੋਵਾਲ ਟੋਲ ਪਲਾਜ਼ਾ ਨੂੰ ਬੰਦ ਕਰਨ ਦਾ ਵੀ ਐਲਾਨ ਕੀਤਾ ਸੀ। ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਸੀ ਕਿ ਪਿਛਲੀਆਂ ਸਰਕਾਰਾਂ ਨੇ ਮੁਨਾਫ਼ਾ ਕਮਾਉਣ ਲਈ ਪੰਜਾਬ ਦੀਆਂ ਸੜਕਾਂ ਗਿਰਵੀ ਰੱਖ ਦਿੱਤੀਆਂ ਸਨ ਅਤੇ ਉਨ੍ਹਾਂ ਦੀ ਸਰਕਾਰ ਲੋਕਾਂ ਨੂੰ ਰਾਹਤ ਦੇਣ ਲਈ ਕਦਮ ਚੁੱਕੇਗੀ। ਸੀ.ਐੱਮ. ਮਾਨ ਨੇ ਕਿਹਾ, “ਸੂਬਾ ਸਰਕਾਰ ਨੇ ਇਸ ਟੋਲ ਪਲਾਜ਼ਾ ਨੂੰ ਬੰਦ ਕਰਨ ਅਤੇ ਆਮ ਲੋਕਾਂ ਦੀ ਪਰੇਸ਼ਾਨੀ ਨੂੰ ਖਤਮ ਕਰਨ ਲਈ ਜਨਤਾ ਲਈ ਸਟੈਂਡ ਲਿਆ ਹੈ।”

Add a Comment

Your email address will not be published. Required fields are marked *