ਸੰਸਦ ਮੈਂਬਰ ਸ਼ਤਰੂਘਨ ਸਿਨ੍ਹਾ ਨੇ ਨਵਜੋਤ ਸਿੱਧੂ ਦੀ ਰਿਹਾਈ ਨੂੰ ਲੈ ਕੇ ਘੇਰੀ ਪੰਜਾਬ ਸਰਕਾਰ

 ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਤੇ ਅਭਿਨੇਤਾ ਸ਼ਤਰੂਘਨ ਸਿਨ੍ਹਾ ਨੇ ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਨੂੰ ਲੈ ਕੇ ਟਵੀਟ ਕੀਤੇ ਹਨ। ਸੰਸਦ ਮੈਂਬਰ ਸਿਨ੍ਹਾ ਨੇ ਟਵੀਟ ਕਰਦਿਆਂ ਕਿਹਾ ਕਿ ਕੀ ਇਹ ਸੱਚ ਹੈ ਕਿ ਪੈਨਲ/ਕਮੇਟੀ ਨੇ ਸਾਡੇ ਦੋਸਤ ਤੇ ਦੇਸ਼ ਦੇ ਚਹੇਤੇ ਨਵਜੋਤ ਸਿੰਧੂ ਦੀ ਰਿਹਾਈ ਦੇ ਹੁਕਮ ਦੀ ਸਿਫ਼ਾਰਿਸ਼ ਕੀਤੀ ਹੈ? ਇਸ ਦੇ ਬਾਵਜੂਦ ਪੰਜਾਬ ਸਰਕਾਰ ਨੇ ਕਥਿਤ ਤੌਰ ’ਤੇ ਉਨ੍ਹਾਂ ਦੀ ਫਾਈਲ ਨੂੰ ਠੰਡੇ ਬਸਤੇ ’ਚ ਰੱਖਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸਿੱਧੂ ਇਕ ਵਧੀਆ ਸਿਆਸਤਦਾਨ, ਨਾਮਵਰ ਖਿਡਾਰੀ ਤੇ ਨੌਜਵਾਨ ਪੀੜ੍ਹੀ ਲਈ ਇਕ ਪ੍ਰੇਰਨਾਸ੍ਰੋਤ ਹਨ। ਸੰਸਦ ਮੈਂਬਰ ਸ਼ਤਰੂਘਨ ਸਿਨ੍ਹਾ ਨੇ ਕਿਹਾ ਕਿ ਮੈਂ ਆਸ ਤੇ ਪ੍ਰਾਰਥਨਾ ਕਰਦਾ ਹਾਂ ਕਿ ਸਾਡੇ ਲੋਕਾਂ ’ਚ ਚੰਗੀ ਭਾਵਨਾ ਕਾਇਮ ਹੋਵੇ। ਸਿੱਧੂ ਜਲਦ ਤੋਂ ਜਲਦ ਆਜ਼ਾਦੀ ਦੇ ਹੱਕਦਾਰ ਹਨ, ਖ਼ਾਸ ਕਰਕੇ ਪੈਨਲ ਦੀ ਸਿਫ਼ਾਰਿਸ਼ ਤੋਂ ਬਾਅਦ। 

ਇਥੇ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ 26 ਜਨਵਰੀ ਨੂੰ ਸਿੱਧੂ ਦੀ ਰਿਹਾਈ ਨੂੰ ਲੈ ਕੇ ਚਰਚਾ ਹੋ ਰਹੀ ਸੀ। ਇਸ ’ਚ ਜੇਲ੍ਹ ਅੰਦਰ ਉਨ੍ਹਾਂ ਦੇ ਚੰਗੇ ਵਿਵਹਾਰ ਅਤੇ ਪੈਰੋਲ ਨਾ ਲੈਣ ਨੂੰ ਆਧਾਰ ਮੰਨਿਆ ਜਾ ਰਿਹਾ ਸੀ। ਅੰਦਰਖ਼ਾਤੇ ਇਸ ਦੀ ਪੂਰੀ ਉਮੀਦ ਸਿੱਧੂ ਪਰਿਵਾਰ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਵੀ ਸੀ। ਇਸ ਕਾਰਨ ਪਟਿਆਲਾ ਅਤੇ ਲੁਧਿਆਣਾ ’ਚ ਵੀ ਉਨ੍ਹਾਂ ਦੀ ਰਿਹਾਈ ਦੇ ਹੋਰਡਿੰਗ ਤੱਕ ਲੱਗ ਗਏ ਸਨ ਪਰ ਉਨ੍ਹਾਂ ਦੀ ਰਿਹਾਈ ਨਹੀਂ ਹੋ ਸਕੀ ਸੀ।

ਰੋਡ ਰੇਜ ਮਾਮਲੇ ‘ਚ ਸਜ਼ਾ ਭੁਗਤ ਰਹੇ ਹਨ ਸਿੱਧੂ

ਨਵਜੋਤ ਸਿੱਧੂ ਨੂੰ 34 ਸਾਲ ਪੁਰਾਣੇ ਰੋਡ ਰੇਜ ਮਾਮਲੇ ‘ਚ ਸੁਪਰੀਮ ਕੋਰਟ ਨੇ 1 ਸਾਲ ਦੀ ਸਜ਼ਾ ਸੁਣਾਈ ਸੀ। ਦਰਅਸਲ 1988 ’ਚ ਪੰਜਾਬ ਦੇ ਪਟਿਆਲਾ ਵਿੱਚ ਪਾਰਕਿੰਗ ਨੂੰ ਲੈ ਕੇ ਹੋਈ ਬਹਿਸ ਦੌਰਾਨ ਇਕ ਬਜ਼ੁਰਗ ਵਿਅਕਤੀ ਮੌਤ ਹੋ ਗਈ ਸੀ। ਇਸ ਮਾਮਲੇ ਵਿੱਚ ਹਾਈਕੋਰਟ ਨੇ ਸਿੱਧੂ ਨੂੰ ਇਕ ਸਾਲ ਦੀ ਸਜ਼ਾ ਸੁਣਾਈ ਹੈ। ਹਾਲਾਂਕਿ ਇਸ ਮਾਮਲੇ ਵਿਚ ਸੁਪਰੀਮ ਕੋਰਟ ਨੇ ਸਿੱਧੂ ਨੂੰ ਬਰੀ ਕਰ ਦਿੱਤਾ ਸੀ ਅਤੇ ਇਕ ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਸੀ। ਇਸ ਮਾਮਲੇ ‘ਚ ਪੀੜਤ ਪਰਿਵਾਰ ਨੇ ਰੀਵਿਊ ਪਟੀਸ਼ਨ ਦਾਇਰ ਕੀਤੀ ਸੀ, ਜਿਸ ‘ਤੇ ਸੁਣਵਾਈ ਕਰਦਿਆਂ 19 ਮਈ 2022 ਨੂੰ ਸੁਪਰੀਮ ਕੋਰਟ ਨੇ ਸਿੱਧੂ ਨੂੰ ਇਕ ਸਾਲ ਦੀ ਸਜ਼ਾ ਸੁਣਾਈ ਸੀ। ਸਿੱਧੂ ਨੇ 20 ਮਈ ਨੂੰ ਆਤਮ ਸਮਰਪਣ ਕੀਤਾ ਸੀ।

Add a Comment

Your email address will not be published. Required fields are marked *