“ਰਾਮਨੌਮੀ ਸ਼ੋਭਾਯਾਤਰਾ ‘ਤੇ ਹਮਲਾ ਕਰਨ ਵਾਲਿਆਂ ਨੂੰ ਬਚਾ ਰਹੀ ਹੈ CM ਮਮਤਾ ਬੈਨਰਜੀ”
ਨਵੀਂ ਦਿੱਲੀ : ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਹਾਵੜਾ ਵਿਚ ਰਾਮਨੌਮੀ ਮੌਕੇ ਸ਼ੋਭਾਯਾਤਰਾ ਕੱਡੇ ਜਾਣ ਦੌਰਾਨ ਹੋਈ ਹਿੰਸਾ ਨੂੰ ਲੈ ਕੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ‘ਤੇ ਸ਼ੁੱਕਰਵਾਰ ਨੂੰ ਨਿਸ਼ਾਨਾ ਵਿੰਨ੍ਹਿਆ ਤੇ ਗੰਭੀਰ ਦੋਸ਼ ਵੀ ਲਗਾਏ।
ਮੁੱਖ ਮੰਤਰੀ ਮਮਤਾ ਬੈਨਰਜੀ ‘ਤੇ ਸ਼ੋਭਾਯਾਤਰਾ ‘ਤੇ ਪਥਰਾਅ ਕਰਨ ਵਾਲਿਆਂ ਨੂੰ ਬਚਾਉਣ ਦਾ ਦੋਸ਼ ਲਗਾਉਂਦਿਆਂ ਭਾਜਪਾ ਆਗੂ ਸਮ੍ਰਿਤੀ ਇਰਾਨੀ ਨੇ ਕਿਹਾ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਕਿ ਹਿੰਦੂਆਂਦੇ ਇਕ ਧਾਰਮਿਕ ਸਮਾਗਮ ਵਿਚ ਇਸ ਤਰ੍ਹਾਂ ਦਾ ਹਮਲਾ ਹੋਇਆ। ਉਨ੍ਹਾਂ ਦੋਸ਼ ਲਗਾਇਆ ਕਿ ਲਛਮੀ ਪੂਜਾ ਦੌਰਾਨ ਇਸੇ ਤਰ੍ਹਾਂਦਾ ਹਮਲਾ ਹੋਇਆ ਸੀ। ਫਿਰ ਵੀ ਮਮਤਾ ਬੈਨਰਜੀ ਹਿੰਦੂ ਭਾਈਚਾਰੇ ਦੀ ਰੱਖਿਆ ਨਹੀਂ ਕਰ ਸਕੀ। ਨਿਆਂ ਦੇਣ ਦੀ ਬਜਾਏ, ਮਮਤਾ ਬੈਨਰਜੀ ਨੇ ਕਾਨੂੰਨ ਹੱਥ ਵਿਚ ਲੈਣ ਵਾਲਿਆਂ ਤੇ ਰਾਮਨੌਮੀ ਮੌਕੇ ਕੱਢੀ ਗਈ ਸ਼ੋਭਾਯਾਤਰਾ ‘ਤੇ ਹਮਲਾ ਕਰਨ ਵਾਲਿਆਂ ਦਾ ਬਚਾਅ ਕੀਤਾ। ਉੱਧਰ, ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਰਾਮਨੌਮੀ ਦੇ ਦਿਨ ਹਾਵੜਾ ਵਿਚ ਹੋਈ ਹਿੰਸਾ ਲਈ ਭਾਜਪਾ ਤੇ ਹੋਰ ਖੱਬੇ ਪੱਖੀ ਧਿਰਾਂ ਜ਼ਿੰਮੇਵਾਰ ਹਨ। ਉਨ੍ਹਾਂ ਨੇ ਲੋਕਾਂ ਤੋਂ ਇਲਾਕੇ ਵਿਚ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ।

