ਰਾਹੁਲ ਗਾਂਧੀ ਦਾ ‘ਸੱਤਿਆਮੇਵ ਜੈਯਤੇ’ ਪ੍ਰੋਗਰਾਮ ਮੁਲਤਵੀ, PM ਮੋਦੀ ਦੇ ਸਮਾਗਮ ਮੁਤਾਬਕ ਰੱਖੀ ਤਾਰੀਖ਼

ਬੈਂਗਲੁਰੂ : ਕਰਨਾਟਕ ਵਿਚ 9 ਅਪ੍ਰੈਲ ਨੂੰ ਮੁੱਖ ਸਿਆਸੀ ਪਾਰਟੀਆਂ-ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਦੇ 2 ਮੁੱਖ ਆਗੂ ਵੱਖ-ਵੱਖ ਪ੍ਰੋਗਰਾਮਾਂ ਵਿਚ ਚੋਣ ਬਿਗੁਲ ਵਜਾਉਣਗੇ। ਕਾਂਗਰਸ ਦੇ ਇਕ ਸੀਨੀਅਰ ਅਹੁਦੇਦਾਰ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਕਾਂਗਰਸ ਆਗੂ ਰਾਹੁਲ ਗਾਂਧੀ ਕੋਲਾਰ ਤੋਂ 5 ਅਪ੍ਰੈਲ ਨੂੰ ‘ਸੱਤਿਆਮੇਵ ਜੈਯਤੇ’ ਪ੍ਰੋਗਰਾਮ ਸ਼ੁਰੂ ਕਰਨ ਵਾਲੇ ਸਨ, ਪਰ ਉਨ੍ਹਾਂ ਨੇ ਇਸ ਨੂੰ 9 ਅਪ੍ਰੈਲ ਲਈ ਮੁਲਤਵੀ ਕਰ ਦਿੱਤਾ ਹੈ, ਕਿਉਂਕਿ ਉਸ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੀ ਇਕ ਪ੍ਰੋਗਰਾਮ ਪਹਿਲਾਂ ਤੋਂ ਨਿਰਧਾਰਿਤ ਹੈ। ਮੋਦੀ 9 ਅਪ੍ਰੈਲ ਨੂੰ ‘ਪ੍ਰਾਜੈਕਟ ਟਾਈਗਰ’ ਦੀ ਸਵਰਨ ਜੈਅੰਤੀ ਸਮਾਗਮ ਵਿਚ ਹਿੱਸਾ ਲੈਣਗੇ। 

ਪਾਰਟੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਸਲੀਮ ਅਹਿਮਦ ਨੇ ਕੋਲਾਰ ਵਿਚ ਪੱਤਰਕਾਰਾਂ ਨੂੰ ਕਿਹਾ, “ਅਦਾਲਤ ਵੱਲੋਂ 2 ਸਾਲ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਰਾਹੁਲ ਗਾਂਧੀ ਨੂੰ ਲੋਕਸਭਾ ਦੀ ਮੈਂਬਰਸ਼ਿਪ ਤੋਂ ਅਯੋਗ ਠਹਿਰਾ ਦਿੱਤਾ ਗਿਆ ਸੀ। ਇਸਲਈ, ਪਾਰਟੀ ਨੇ ਕੋਲਾਰ ਤੋਂ ਸੰਵਿਧਾਨ ਨੂੰ ਬਚਾਉਣ ਲਈ ਆਪਣੀ ਲੜਾਈ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ।” ਉਨ੍ਹਾਂ ਕਿਹਾ ਕਿ ਭਾਰਤ ਵਿਚ ਮੌਜੂਦਾ ਘਟਨਾਕ੍ਰਮ ਨੇ ਇਹ ਸੋਚਣ ‘ਤੇ ਮਜਬੂਰ ਕਰ ਦਿੱਤਾ ਕਿ ਕੀ ਇਹ ਅਜੇ ਵੀ ਲੋਕਤੰਤਰਿਕ ਦੇਸ਼ ਹੈ। 

ਕਾਂਗਰਸ ਸੂਤਰਾਂ ਮੁਤਾਬਕ, ਪਾਰਟੀ ਨੇ ਆਪਣਾ ਪ੍ਰੋਗਰਾਮ ਸ਼ੁਰੂ ਕਰਨ ਲਈ ਜਾਣਬੁੱਝ ਕੇ 9 ਅਪ੍ਰੈਲ ਦੀ ਤਾਰੀਖ਼ ਦੀ ਚੋਣ ਕੀਤੀ ਹੈ, ਕਿਉਂਕਿ ਉਸੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੈਸੂਰ ਵਿਚ ਹੋਣਗੇ।

Add a Comment

Your email address will not be published. Required fields are marked *