ਕੇਂਦਰ ਦੀਆਂ ਗ਼ਲਤ ਨੀਤੀਆਂ ਖ਼ਿਲਾਫ਼ ਕਾਂਗਰਸੀਆਂ ਦਾ ਕੈਂਡਲ ਮਾਰਚ

ਅੰਮ੍ਰਿਤਸਰ : ਕੇਂਦਰ ਸਰਕਾਰ ਖ਼ਿਲਾਫ਼ ਸਮੁੱਚੀ ਪੰਜਾਬ ਕਾਂਗਰਸ ਦੇ ਆਗੂਆਂ ਵੱਲੋਂ ਅੰਮ੍ਰਿਤਸਰ ਵਿਖੇ ਰੋਸ ਰੈਲੀ ਕੀਤੀ ਗਈ। ਅੰਮ੍ਰਿਤਸਰ ਤੋਂ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਵਾਈਸ ਪ੍ਰਧਾਨ ਇੰਦਰਬੀਰ ਸਿੰਘ ਬੁਲਾਰੀਆ, ਜ਼ਿਲ੍ਹਾ ਕਾਂਗਰਸ ਕਮੇਟੀ ਪ੍ਰਧਾਨ ਅਸ਼ਵਨੀ ਕੁਮਾਰ ਪੱਪੂ ਤੇ ਕਾਂਗਰਸ ਦਿਹਾਤੀ ਦੇ ਸਾਬਕਾ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ ਦੀ ਅਗਵਾਈ ਹੇਠ ਹਾਲ ਗੇਟ ਤੋਂ ਜਲਿਆਂਵਾਲਾ ਬਾਗ਼ ਤੱਕ ਕੇਂਦਰ ਦੀ ਮੋਦੀ ਸਰਕਾਰ ਦੀ ਤਾਨਾਸ਼ਾਹੀ ਖ਼ਿਲਾਫ਼ ਰੋਸ ਮਾਰਚ ਕੱਢਿਆ ਗਿਆ। ਇਸ ਰੋਸ ਮਾਰਚ ਵਿੱਚ ਵਿਸ਼ੇਸ਼ ਤੌਰ ‘ਤੇ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਅਤੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਸ਼ਾਮਲ ਹੋਏ।

ਇਸ ਦੌਰਾਨ ਕਾਂਗਰਸੀ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਰਾਜਾ ਵੜਿੰਗ ਨੇ ਕੋਤਵਾਲੀ ਚੌਕ ਵਿਖੇ ਕੇਂਦਰ ਸਰਕਾਰ ਖ਼ਿਲਾਫ਼ ਰੱਜ ਕੇ ਭੜਾਸ ਕੱਢਦਿਆਂ ਮਾਣਯੋਗ ਅਦਾਲਤ ਵੱਲੋਂ ਰਾਹੁਲ ਗਾਂਧੀ ‘ਤੇ ਲਏ ਗਏ ਫ਼ੈਸਲੇ ਬਾਰੇ ਦੱਸਿਆ ਕਿ ਇਹ ਸਾਰੀ ਮੋਦੀ ਸਰਕਾਰ ਦੀ ਸਾਜ਼ਿਸ਼ ਹੈ। ਇਸ ਤਰ੍ਹਾਂ ਦਾ ਤਾਨਾਸ਼ਾਹੀ ਰਵੱਈਆ ਅਪਣਾ ਕੇ ਦੇਸ਼ ਦੇ ਲੋਕਾਂ ‘ਤੇ ਰਾਜ ਨਹੀਂ ਕੀਤਾ ਜਾ ਸਕਦਾ। ਇਸ ਉਪਰੰਤ ਉਹ ਕੈਂਡਲ ਮਾਰਚ ਕੱਢਦਿਆਂ ਜਲਿਆਂਵਾਲਾ ਬਾਗ਼ ਪਹੁੰਚੇ, ਜਿੱਥੇ ਉਨ੍ਹਾਂ ਸ਼ਹੀਦੀ ਸਮਾਰਕ ‘ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਸੁਨੀਲ ਦੱਤੀ ਸਾਬਕਾ ਵਿਧਾਇਕ, ਹਰਪ੍ਰਤਾਪ ਸਿੰਘ ਅਜਨਾਲਾ, ਦਿਨੇਸ਼ ਬੱਸੀ ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਅੰਮ੍ਰਿਤਸਰ, ਮਮਤਾ ਦੱਤਾ ਪ੍ਰਧਾਨ ਪੰਜਾਬ ਮਹਿਲਾ ਕਾਂਗਰਸ ਕਮੇਟੀ ਆਦਿ ਵੀ ਮੌਜੂਦ ਸਨ।

Add a Comment

Your email address will not be published. Required fields are marked *