ਪੇਗਾਸਸ ਫ਼ੋਨ ‘ਚ ਨਹੀਂ ਰਾਹੁਲ ਦੇ ਦਿਮਾਗ ‘ਚ ਹੈ, ਭਾਰਤ ਨੂੰ ਕਰ ਰਹੇ ਹਨ ਬਦਨਾਮ : ਅਨੁਰਾਗ ਠਾਕੁਰ

ਨਵੀਂ ਦਿੱਲੀ, – ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਵਲੋਂ ਖੁੱਦ ਦੇ ਖੁਫੀਆ ਏਜੰਸੀਆਂ ਦੀ ਨਿਗਰਾਨੀ ਹੇਠ ਹੋਣ ਦੇ ਦਾਅਵਿਆਂ ’ਤੇ ਨਿਸ਼ਾਨਾ ਵਿਨ੍ਹੰਦੇ ਹੋਏ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਦੋਸ਼ ਲਾਇਆ ਹੈ ਕਿ ਉਹ ਲਗਾਤਾਰ ਚੋਣ ਹਾਰਾਂ ਦਾ ਸਾਹਮਣਾ ਕਰਨ ਤੋਂ ਬਾਅਦ ਵਿਦੇਸ਼ੀ ਧਰਤੀ ਤੋਂ ਭਾਰਤ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਸ਼ੁੱਕਰਵਾਰ ਇੱਥੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਉਨ੍ਹਾਂ ਹੈਰਾਨੀ ਜਤਾਈ ਕਿ ਕਿਸ ਨੇ ਰਾਹੁਲ ਗਾਂਧੀ ਅਤੇ ਹੋਰ ਕਾਂਗਰਸੀ ਨੇਤਾਵਾਂ ਨੂੰ ਪੇਗਾਸਸ ਜਾਸੂਸੀ ਮੁੱਦੇ ਦੀ ਜਾਂਚ ਕਰਨ ਵਾਲੀ ਸੁਪਰੀਮ ਕੋਰਟ ਵਲੋਂ ਨਿਯੁਕਤ ਤਕਨੀਕੀ ਕਮੇਟੀ ਨੂੰ ਆਪਣੇ ਫੋਨ ਸੌਂਪਣ ਤੋਂ ਰੋਕਿਆ ਸੀ? ਰਾਹੁਲ ਗਾਂਧੀ ਇਕ ਵਾਰ ਫਿਰ ਵਿਦੇਸ਼ੀ ਧਰਤੀ ’ਤੇ ਰੋਣਾ ਰੋਣ ਦਾ ਕੰਮ ਕਰ ਰਹੇ ਹਨ। ਚੋਣਾਂ ਦੇ ਨਤੀਜੇ ਕੀ ਨਿਕਲਣਗੇ, ਉਨ੍ਹਾਂ ਨੂੰ ਇਸ ਬਾਰੇ ਪਤਾ ਸੀ। ਪੇਗਾਸਸ ਦਾ ਮੁੱਦਾ ਉਨ੍ਹਾਂ ਦੇ ਦਿਲ-ਦਿਮਾਗ ’ਤੇ ਬੈਠਾ ਹੈ।

ਉਨ੍ਹਾਂ ਸਵਾਲ ਕੀਤਾ ਕਿ ਰਾਹੁਲ ਗਾਂਧੀ ਦੀ ਕਿਹੜੀ ਮਜਬੂਰੀ ਸੀ ਕਿ ਉਨ੍ਹਾਂ ਪੇਗਾਸਸ ਮਾਮਲੇ ’ਚ ਆਪਣਾ ਮੋਬਾਈਲ ਫੋਨ ਜਮ੍ਹਾ ਨਹੀਂ ਕਰਵਾਇਆ? ਉਹ ਨੇਤਾ ਜੋ ਭ੍ਰਿਸ਼ਟਾਚਾਰ ਕਾਰਨ ਜ਼ਮਾਨਤ ’ਤੇ ਹੈ, ਦੇ ਫ਼ੋਨ ਵਿੱਚ ਅਜਿਹਾ ਕੀ ਸੀ ਜਿਸ ਨੂੰ ਛੁਪਾਉਣ ਦੀ ਲੋੜ ਸੀ?

ਠਾਕੁਰ ਨੇ ਦੋਸ਼ ਲਾਇਆ ਕਿ ਵਾਰ-ਵਾਰ ਝੂਠ ਬੋਲਣਾ ਅਤੇ ਵਿਦੇਸ਼ੀ ਧਰਤੀ, ਦੋਸਤਾਂ ਅਤੇ ਏਜੰਸੀਆਂ ਦੀ ਵਰਤੋਂ ਕਰਨਾ ਕਾਂਗਰਸੀ ਆਗੂ ਦੀ ਆਦਤ ਬਣ ਗਈ ਹੈ। ਉਹ ਭਾਰਤ ਨੂੰ ਬਦਨਾਮ ਕਰਨਾ ਚਾਹੁੰਦੇ ਹਨ । ਨਫ਼ਰਤ ਰਾਹੁਲ ਗਾਂਧੀ ਦੀ ਪ੍ਰਧਾਨ ਮੰਤਰੀ ਮੋਦੀ ਵਿਰੁੱਧ ਹੋ ਸਕਦੀ ਹੈ ਪਰ ਦੇਸ਼ ਨੂੰ ਬਦਨਾਮ ਕਰਨ ਦੀ ਇਹ ਸਾਜ਼ਿਸ਼ ਆਪਣੇ ਆਪ ਵਿੱਚ ਸਵਾਲ ਖੜ੍ਹੇ ਕਰਦੀ ਹੈ ਕਿ ਕਾਂਗਰਸ ਦਾ ਏਜੰਡਾ ਕੀ ਹੈ? ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ’ਚ ਭਾਰਤ ਦਾ ਮਾਣ ਵਧਿਆ ਹੈ ਅਤੇ ਅੱਜ ਦੁਨੀਆ ਦੇ ਵੱਡੇ ਨੇਤਾ ਉਨ੍ਹਾਂ ਦੀ ਅਗਵਾਈ ਨੂੰ ਸਵੀਕਾਰ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਕਿਸੇ ਹੋਰ ਦੀ ਨਹੀਂ ਤਾਂ ਘੱਟੋ-ਘੱਟ ਇਟਲੀ ਦੇ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਨੇਤਾਵਾਂ ਦੀ ਗਲ ਤਾਂ ਸੁਣ ਲੈਂਦੇ। ਰਾਹੁਲ ਗਾਂਧੀ ਅਤੇ ਕਾਂਗਰਸ ਦੇ ਹੋਰ ਆਗੂਆਂ ਕੋਲੋਂ ਵਿਸ਼ਵ ਨੇਤਾਵਾਂ ਵਲੋਂ ਪ੍ਰਧਾਨ ਮੰਤਰੀ ਮੋਦੀ ਦੀ ਤਾਰੀਫ ਸਹਿਣ ਨਹੀਂ ਹੋ ਰਹੀ।

ਤ੍ਰਿਪੁਰਾ, ਨਾਗਾਲੈਂਡ ਅਤੇ ਮੇਘਾਲਿਆ ਦੇ ਚੋਣ ਨਤੀਜਿਆਂ ਦਾ ਹਵਾਲਾ ਦਿੰਦੇ ਹੋਏ ਭਾਜਪਾ ਨੇਤਾ ਨੇ ਕਿਹਾ ਕਿ ਇਹ ਆਪਣੇ ਆਪ ਵਿੱਚ ਦਰਸਾਉਂਦਾ ਹੈ ਕਿ ਕਿਵੇਂ ਲੋਕਾਂ ਨੇ ਨਰਿੰਦਰ ਮੋਦੀ ਨੂੰ ਵਾਰ-ਵਾਰ ਆਸ਼ੀਰਵਾਦ ਦਿੱਤਾ ਹੈ।

ਪੇਗਾਸਸ ਇਕ ਇਸਰਾਈਲੀ ਸਾਈਬਰ ਸੁਰੱਖਿਆ ਕੰਪਨੀ ਵਲੋਂ ਵਿਕਸਤ ਇੱਕ ਸਪਾਈਵੇਅਰ ਹੈ। ਇਹ ਇੱਕ ਅਜਿਹਾ ਪ੍ਰੋਗਰਾਮ ਹੈ ਜਿਸ ਨੂੰ ਜੇ ਸਮਾਰਟ ਫੋਨ ’ਚ ਰੱਖਿਆ ਜਾਵੇ ਤਾਂ ਹੈਕਰ ਉਸ ਫੋਨ ਦੇ ਮਾਈਕ੍ਰੋਫੋਨ, ਕੈਮਰਾ, ਆਡੀਓ, ਟੈਕਸਟ ਮੈਸੇਜ, ਈਮੇਲ ਅਤੇ ਲੋਕੇਸ਼ਨ ਬਾਰੇ ਜਾਣਕਾਰੀ ਹਾਸਲ ਕਰ ਸਕਦਾ ਹੈ। ਕੈਂਬ੍ਰਿਜ ਯੂਨੀਵਰਸਿਟੀ ਦੇ ਇਕ ਲੈਕਚਰ ਵਿਚ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਅਤੇ ਕਈ ਹੋਰ ਵਿਰੋਧੀ ਨੇਤਾਵਾਂ ਦੇ ਫੋਨਾਂ ’ਤੇ ਪੇਗਾਸਸ ਸਪਾਈਵੇਅਰ ਸਨ। ਖੁਫੀਆ ਅਧਿਕਾਰੀਆਂ ਨੇ ਖੁਦ ਉਨ੍ਹਾਂ ਨੂੰ ਗੱਲਬਾਤ ਕਰਦੇ ਸਮੇਂ ਸਾਵਧਾਨ ਰਹਿਣ ਲਈ ਕਿਹਾ ਸੀ ਕਿਉਂਕਿ ਉਨ੍ਹਾਂ ਦੀ ਗੱਲਬਾਤ ਰਿਕਾਰਡ ਕੀਤੀ ਜਾ ਰਹੀ ਸੀ।

Add a Comment

Your email address will not be published. Required fields are marked *