ਜਰਮਨੀ ਨੇ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਕਰਨ ਦਾ ਨੋਟਿਸ ਲਿਆ

ਰਾਹੁਲ ਗਾਂਧੀ ਨੂੰ ਲੋਕ ਸਭਾ ਦੀ ਮੈਂਬਰਸ਼ਿਪ ਤੋਂ ਅਯੋਗ ਠਹਿਰਾਏ ਜਾਣ ਦਾ ਜਰਮਨੀ ਨੇ ਨੋਟਿਸ ਲਿਆ ਹੈ। ਜਰਮਨੀ ਦੇ ਵਿਦੇਸ਼ ਮੰਤਰਾਲੇ ਦੇ ਤਰਜਮਾਨ ਨੇ ਪ੍ਰੈੱਸ ਨਾਲ ਗੱਲਬਾਤ ਦੌਰਾਨ ਕਿਹਾ, ‘‘ਅਸੀਂ ਭਾਰਤ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਖ਼ਿਲਾਫ਼ ਫੈਸਲੇ ਤੇ ਉਨ੍ਹਾਂ ਦੀ ਸੰਸਦ ਦੀ ਮੈਂਬਰਸ਼ਿਪ ਮੁਅੱਤਲ ਕੀਤੇ ਜਾਣ ਦਾ ਨੋਟਿਸ ਲਿਆ ਹੈ।’’ ਤਰਜਮਾਨ ਨੇ ਕਿਹਾ, ‘‘ਸਾਡੀ ਜਾਣਕਾਰੀ ਮੁਤਾਬਕ, ਗਾਂਧੀ ਫ਼ੈਸਲੇ ਨੂੰ ਚੁਣੌਤੀ ਦੇ ਸਕਦੇ ਹਨ। ਉਦੋਂ ਇਹ ਸਪੱਸ਼ਟ ਹੋਵੇਗਾ ਕਿ ਕੀ ਇਹ ਫ਼ੈਸਲਾ ਟਿਕ ਸਕੇਗਾ ਅਤੇ ਕੀ ਮੁਅੱਤਲੀ ਦਾ ਕੋਈ ਆਧਾਰ ਹੈ?’’ ਤਰਜਮਾਨ ਨੇ ਕਿਹਾ ਕਿ ਜਰਮਨੀ ਨੂੰ ਆਸ ਹੈ ਕਿ ‘ਨਿਆਂਇਕ ਆਜ਼ਾਦੀ ਦੇ ਮਾਪਦੰਡ ਅਤੇ ਬੁਨਿਆਦੀ ਲੋਕਤੰਤਰੀ ਸਿਧਾਂਤ’ ਇੱਕੋ ਬਰਾਬਰ ਰਾਹੁਲ ਗਾਂਧੀ ਖ਼ਿਲਾਫ਼ ਕਾਰਵਾਈ ’ਤੇ ਲਾਗੂ ਹੋਣਗੇ। ਇਸੇ ਦੌਰਾਨ ਦੋਵੇਂ ਪ੍ਰਮੁੱਖ ਪਾਰਟੀਆਂ ਨੇ ਇਸ ਮੁੱਦੇ ’ਤੇ ਇਕ-ਦੂਜੇ ’ਤੇ ਨਵੇਂ ਸਿਰਿਓਂ ਦੋਸ਼ ਲਗਾਏ ਹਨ।

ਭਾਜਪਾ ਨੇ ਅੱਜ ਕਾਂਗਰਸ ’ਤੇ ਭਾਰਤ ਦੇ ਅੰਦਰੂਨੀ ਮਾਮਲਿਆਂ ’ਚ ਦਖ਼ਲ ਦੇਣ ਲਈ ‘ਵਿਦੇਸ਼ੀ ਸ਼ਕਤੀਆਂ ਨੂੰ ਸੱਦਾ ਦੇਣ’ ਦਾ ਦੋਸ਼ ਲਗਾਇਆ ਤਾਂ ਵਿਰੋਧੀ ਪਾਰਟੀ ਨੇ ਮੋੜਵਾਂ ਹਮਲਾ ਕਰਦੇ ਹੋਏ ਕਿਹਾ ਕਿ ਭਾਜਪਾ ਅਡਾਨੀ ਮੁੱਦੇ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਭਾਜਪਾ ਨੇ ਕਾਂਗਰਸ ’ਤੇ ਉਸ ਵੇਲੇ ਨਿਸ਼ਾਨਾ ਸੇਧਿਆ ਜਦੋਂ ਸੀਨੀਅਰ ਕਾਂਗਰਸੀ ਆਗੂ ਦਿਗਵਿਜੈ ਸਿੰਘ ਨੇ ਜਰਮਨੀ ਦੇ ਵਿਦੇਸ਼ ਮੰਤਰਾਲੇ ਦਾ ਧੰਨਵਾਦ ਕੀਤਾ। ਦਿਗਵਿਜੈ ਸਿੰਘ ਨੇ ਟਵੀਟ ਕੀਤਾ, ‘‘ਰਾਹੁਲ ਗਾਂਧੀ ਨੂੰ ਪ੍ਰੇਸ਼ਾਨ ਕਰ ਕੇ ਭਾਰਤ ਵਿੱਚ ਲੋਕਤੰਤਰ ਨਾਲ ਸਮਝੌਤਾ ਕੀਤਾ ਜਾ ਰਿਹਾ ਹੈ ਅਤੇ ਇਸ ਦਾ ਨੋਟਿਸ ਲੈਣ ਲਈ ਜਰਮਨੀ ਦੇ ਵਿਦੇਸ਼ ਮੰਤਰਾਲੇ ਤੇ ਡੋਇਸ਼ੇ ਵੈਲੇ ਦੇ ਮੁੱਖ ਕੌਮਾਂਤਰੀ ਸੰਪਾਦਕ ਰਿਚਰਡ ਵਾਕਰ ਦਾ ਧੰਨਵਾਦ ਕੀਤਾ।’’ ਦਿਗਵਿਜੈ ਸਿੰਘ ਨੇ ਵਾਕਰ ਦਾ ਇਕ ਟਵੀਟ ਟੈਗ ਕੀਤਾ ਜਿਸ ਵਿੱਚ ਸੀਨੀਅਰ ਪੱਤਰਕਾਰ ਨੇ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਤੋਂ ਅਯੋਗਤਾ ਬਾਰੇ ਪ੍ਰਤੀਕਿਰਿਆ ਦਿੰਦੇ ਹੋਏ ਜਰਮਨ ਵਿਦੇਸ਼ ਮੰਤਰਾਲੇ ਦੇ ਤਰਜਮਾਨ ਦਾ ਵੀਡੀਓ ਸਾਂਝਾ ਕੀਤਾ। ਭਾਜਪਾ ਦੇ ਕਈ ਆਗੂਆਂ ਨੇ ਕਾਂਗਰਸ ਤੇ ਦਿਗਵਿਜੈ ਸਿੰਘ ’ਤੇ ਨਿਸ਼ਾਨਾ ਸੇਧਦਿਆਂ ਦੋਸ਼ ਲਾਇਆ ਕਿ ਵਿਰੋਧੀ ਪਾਰਟੀ ਅੰਦਰੂਨੀ ਮਾਮਲਿਆਂ ’ਚ ਵਿਦੇਸ਼ੀ ਦਖ਼ਲਅੰਦਾਜ਼ੀ ਨੂੰ ਸੱਦਾ ਦੇ ਰਹੀ ਹੈ। ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ ਨੇ ਦਿਗਵਿਜੈ ਸਿੰਘ ਦੇ ਟਵੀਟ ਦਾ ਸਕ੍ਰੀਨਸ਼ਾਟ ਸਾਂਝਾ ਕਰਦਿਆਂ ਟਿੱਪਣੀ ਕੀਤੀ, ‘‘ਭਾਰਤ ਦੇ ਅੰਦਰੂਨੀ ਮਾਮਲਿਆਂ ’ਚ ਦਖ਼ਲ ਦੇਣ ਲਈ ਵਿਦੇਸ਼ੀ ਸ਼ਕਤੀਆਂ ਨੂੰ ਸੱਦਾ ਦੇਣ ਵਾਸਤੇ ਰਾਹੁਲ ਗਾਂਧੀ ਦਾ ਧੰਨਵਾਦ। ਯਾਦ ਰੱਖੋ, ਭਾਰਤੀ ਨਿਆਂਪਾਲਿਕਾ ਵਿਦੇਸ਼ੀ ਦਖ਼ਲ ਨਾਲ ਪ੍ਰਭਾਵਿਤ ਨਹੀਂ ਹੋ ਸਕਦੀ। ਭਾਰਤ ਹੁਣ ਹੋਰ ‘ਵਿਦੇਸ਼ੀ ਪ੍ਰਭਾਵ’ ਸਹਿਣ ਨਹੀਂ ਕਰੇਗਾ।’’ ਉੱਧਰ, ਦਿਗਵਿਜੈ ਸਿੰਘ ਦੇ ਟਵੀਟ ਨੂੰ ਲੈ ਕੇ ਕਾਂਗਰਸ ’ਤੇ ਨਿਸ਼ਾਨਾ ਸੇਧਦਿਆਂ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ, ‘‘ਇਹ ਦੇਸ਼ ਲਈ ਅਪਮਾਨ ਵਾਲੀ ਗੱਲ ਹੈ ਕਿ ਕਾਂਗਰਸ ਤੇ ਰਾਹੁਲ ਗਾਂਧੀ ਭਾਰਤ ਦੀ ਲੋਕਤੰਤਰੀ, ਸਿਆਸੀ ਤੇ ਕਾਨੂੰਨੀ ਲੜਾਈ ਦੇਸ਼ ਦੇ ਅੰਦਰ ਲੜਨ ’ਚ ਵਿਸ਼ਵਾਸ ਨਹੀਂ ਕਰਦੇ, ਉਹ ਵਿਦੇਸ਼ੀ ਸ਼ਕਤੀਆਂ ਨੂੰ ਸਾਡੇ ਅੰਦਰੂਨੀ ਮਾਮਲਿਆਂ ’ਚ ਦਖ਼ਲ ਦੇਣ ਲਈ ਸੱਦਾ ਦਿੰਦੇ ਹਨ ਪਰ ਨਵਾਂ ਭਾਰਤ ਕਿਸੇ ਵਿਦੇਸ਼ੀ ਦਖ਼ਲ ਨੂੰ ਬਰਦਾਸ਼ਤ ਨਹੀਂ ਕਰੇਗਾ।’’ਇਸੇ ਤਰ੍ਹਾਂ ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਸੀਤਾਰਾਮਨ ਦੇ ਟਵੀਟ ਨੂੰ ਰੀਟਵੀਟ ਕੀਤਾ।

Add a Comment

Your email address will not be published. Required fields are marked *