ਸਕੂਲਾਂ ਦੀਆਂ ਕਿਤਾਬਾਂ ‘ਚ ਸ਼ਾਮਿਲ ਕੀਤੀ ਜਾਵੇੇਗੀ ਚੰਦਰਯਾਨ-3 ਦੀ ਸਫਲਤਾ ਦੀ ਕਹਾਣੀ

ਨਵੀਂ ਦਿੱਲੀ- ਚੰਦਰਯਾਨ-3 ਨੇ ਚੰਦਰਮਾ ‘ਤੇ ਕਦਮ ਰੱਖ ਕੇ ਨਾ ਸਿਰਫ਼ ਇਤਿਹਾਸ ਰਚਿਆ ਹੈ, ਬਲਕਿ ਅਜਿਹੀ ਥਾਂ ‘ਤੇ ਉਤਰਨ ਵਿਚ ਕਾਮਯਾਬ ਹੋਇਆ, ਜਿੱਥੇ ਹਾਲੇ ਤੱਕ ਕੋਈ ਦੇਸ਼ ਨਹੀਂ ਪਹੁੰਚ ਸਕਿਆ। ਭਾਰਤੀ ਵਿਗਿਆਨਿਕਾਂ ਦੀ ਇਸ ਸਫਲਤਾ ਨੂੰ ਦੇਸ਼ ਅਤੇ ਦੁਨੀਆ ਦੇ ਕਰੋੜਾਂ ਲੋਕਾਂ ਨੇ 23 ਅਗਸਤ ਨੂੰ ਲਾਈਵ ਦੇਖਿਆ ਸੀ। ਇਹ ਸਫਲਤਾ ਨਵੀਆਂ ਪੀੜ੍ਹੀਆਂ ਲਈ ਪ੍ਰੇਰਣਾ ਦਾ ਸਰੋਤ ਬਣਿਆ ਰਹੇ, ਇਸ ਲਈ ਚੰਦਰਯਾਨ-3 ਦੀ ਕਹਾਣੀ ਨੂੰ ਹੁਣ ਸਕੂਲਾਂ ਦੀਆਂ ਕਿਤਾਬਾਂ ‘ਚ ਉਤਾਰਨ ਦੀ ਤਿਆਰੀ ਚੱਲ ਰਹੀ ਹੈ। ਇਹ ਅਗਲੇ ਸਾਲ ਤੋਂ ਸਕੂਲ ਦੀਆਂ ਕਿਤਾਬਾਂ ‘ਚ ਦੇਖਣ ਨੂੰ ਮਿਲ ਸਕਦੀ ਹੈ। 

ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਮੰਗਲਵਾਰ ਨੂੰ ਇਕ ਹੋਰ ਮਹੱਤਵਪੂਰਨ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਛੇਤੀ ਹੀ ਚੰਦਰਯਾਨ-3 ਦੀ ਸਫਲਤਾ ਨੂੰ ਸਕੂਲੀ ਵਿਦਿਆਰਥੀਆਂ ਨੂੰ ਕਾਮਿਕਸ ਦੇ ਰੂਪ ‘ਚ ਪੜ੍ਹਾਇਆ ਜਾਵੇਗਾ ਤਾਂ ਜੋ ਉਹ ਇਸ ਨੂੰ ਹੋਰ ਵੀ ਰੁਚੀ ਨਾਲ ਪੜ੍ਹ ਅਤੇ ਸਮਝ ਸਕਣ। ਨਾਲ ਹੀ ਉਨ੍ਹਾਂ ਨੇ ਪ੍ਰਧਾਨ ਮੰਤਰੀ ਦੇ ਮਿਸ਼ਨ ‘ਲਾਈਫ਼’ ਅਤੇ ‘ਸਵੱਛ ਭਾਰਤ ਮਿਸ਼ਨ’ ਵਰਗੇ ਵਿਸ਼ਿਆਂ ਨੂੰ ਵੀ ਸਕੂਲਾਂ ‘ਚ ਕਾਮਿਕਸ ਦੇ ਰੂਪ ‘ਚ ਪੜ੍ਹਾਉਣ ਦਾ ਐਲਾਨ ਕੀਤਾ। 

ਸਕੂਲਾਂ ‘ਚ ਚੰਦਰਯਾਨ-3 ਦੀ ਸਫਲਤਾ ਨੂੰ ਸ਼ੁਰੂਆਤੀ ਪੱਧਰ ਤੋਂ ਹੀ ਪੜ੍ਹਾਉਣ ਦੀ ਯੋਜਨਾ ਬਣਾਈ ਗਈ ਹੈ। ਸ਼ੁਰੂਆਤ ‘ਚ ਇਸ ਨੂੰ ਕਹਾਣੀ ਅਤੇ ਕਵਿਤਾ ਦੇ ਰੂਪ ‘ਚ ਪੜ੍ਹਾਇਆ ਜਾਵੇਗਾ। ਬਾਅਦ ‘ਚ ਇਸ ਨੂੰ ਸਕੂਲੀ ਸਿੱਖਿਆ ਦੇ ਵਧਦੇ ਪੱਧਰ ਦੇ ਨਾਲ-ਨਾਲ ਵਿਸਥਾਰ ਨਾਲ ਪੜ੍ਹਾਇਆ ਜਾਵੇਗਾ। ਸਿੱਖਿਆ ਮੰਤਰਾਲਾ ਨਾਲ ਜੁੜੇ ਅਧਿਕਾਰੀਆਂ ਮੁਤਾਬਕ ਚੰਦਰਯਾਨ-3 ਦੀ ਸਫਲਤਾ ਨਾਲ ਹੀ ਇਸ ਬਾਰੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਜਲਦੀ ਹੀ ਇਸ ਨੂੰ ਸਿਲੇਬਸ ਤਿਆਰ ਕਰਨ ਵਾਲੀ ਕਮੇਟੀ ਸਾਹਮਣੇ ਪੇਸ਼ ਕੀਤਾ ਜਾਵੇਗਾ। ਇਸ ਨੂੰ 2024 ਤੱਕ ਸਕੂਲਾਂ ਦੇ ਸਿਲੇਬਸ ‘ਚ ਸ਼ਾਮਲ ਕੀਤੇ ਜਾਣ ਦਾ ਟੀਚਾ ਰੱਖਿਆ ਗਿਆ ਹੈ। ਫਾਉਂਡੇਸ਼ਨਲ ਪੱਧਰ ਲਈ ਸਿਲੇਬਸ ਤਿਆਰ ਕਰ ਲਿਆ ਗਿਆ ਹੈ ਪਰ ਇਸ ਪੱਧਰ ਤੇ ਪੜ੍ਹਾਈ ਮੌਖਿਕ ਜਾਂ ਖੇਡ ਅਧਾਰਿਤ ਰੱਖਿਆ ਗਿਆ ਹੈ। ਇਸ ਨੂੰ ਬੱਚਿਆਂ ਨੂੰ ਖੇਡ-ਖੇਡ ‘ਚ ਜਾਂ ਕਵਿਤਾਵਾਂ ਰਾਹੀਂ ਪੜ੍ਹਾਉਣ ਦੀ ਯੋਜਨਾ ਹੈ।

Add a Comment

Your email address will not be published. Required fields are marked *