ਭਾਰਤ ਨੂੰ ਲੰਡਨ ਹਾਈ ਕਮਿਸ਼ਨ ‘ਤੇ ਹਮਲੇ ‘ਚ ਸ਼ਾਮਲ ਲੋਕਾਂ ਖ਼ਿਲਾਫ਼ ਕਾਰਵਾਈ ਦੀ ਉਮੀਦ: ਜੈਸ਼ੰਕਰ

ਨਵੀਂ ਦਿੱਲੀ : ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸੋਮਵਾਰ ਨੂੰ ਕਿਹਾ ਕਿ ਭਾਰਤ ਨੂੰ ਉਮੀਦ ਹੈ ਕਿ ਪਿਛਲੇ ਸਾਲ ਲੰਡਨ ‘ਚ ਉਸ ਦੇ ਹਾਈ ਕਮਿਸ਼ਨ ਅਤੇ ਸਾਨ ਫਰਾਂਸਿਸਕੋ ‘ਚ ਕੌਂਸਲੇਟ ‘ਤੇ ਹਮਲਿਆਂ ‘ਚ ਸ਼ਾਮਲ ਦੋਸ਼ੀਆਂ ਦੇ ਨਾਲ-ਨਾਲ ਕੈਨੇਡਾ ‘ਚ ਭਾਰਤੀ ਡਿਪਲੋਮੈਟਾਂ ਨੂੰ ਧਮਕਾਉਣ ‘ਚ ਸ਼ਾਮਲ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਨੂੰ ਕੈਨੇਡਾ ਲਈ ਵੀਜ਼ਾ ਜਾਰੀ ਕਰਨ ਨੂੰ ਮੁਅੱਤਲ ਕਰਨਾ ਪਿਆ ਕਿਉਂਕਿ ਉਸ ਦੇ ਡਿਪਲੋਮੈਟਾਂ ਨੂੰ ਵਾਰ-ਵਾਰ ਕਈ ਤਰੀਕਿਆਂ ਨਾਲ ਡਰਾਇਆ ਅਤੇ ਧਮਕਾਇਆ ਗਿਆ ਅਤੇ ਅਸੀਂ ਉਸ ਸਮੇਂ ਕੈਨੇਡੀਅਨ ਤੰਤਰ ਵੱਲੋਂ ਬਹੁਤ ਘੱਟ ਕਾਰਵਾਈ ਦੇਖੀ। 

ਭਾਰਤ ਨੇ ਪਿਛਲੇ ਸਾਲ ਸਤੰਬਰ ਵਿਚ ਕੈਨੇਡੀਅਨ ਨਾਗਰਿਕਾਂ ਨੂੰ ਵੀਜ਼ਾ ਜਾਰੀ ਕਰਨ ਨੂੰ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੱਤਾ ਸੀ। ਦੇਸ਼ ਨੇ ਇਹ ਕਦਮ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਖ਼ਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿਚ ਭਾਰਤੀ ਏਜੰਟਾਂ ਦੀ ‘ਸੰਭਾਵਿਤ’ ਸ਼ਮੂਲੀਅਤ ਦੇ ਦੋਸ਼ ਲਾਏ ਜਾਣ ਤੋਂ ਬਾਅਦ ਚੁੱਕਿਆ ਸੀ। ਹਾਲਾਂਕਿ, ਵੀਜ਼ਾ ਸੇਵਾਵਾਂ ਕੁਝ ਹਫ਼ਤਿਆਂ ਬਾਅਦ ਮੁੜ ਸ਼ੁਰੂ ਕਰ ਦਿੱਤੀਆਂ ਗਈਆਂ ਸਨ। ਭਾਰਤ ਨੇ ਟਰੂਡੋ ਦੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਸੀ। ਭਾਰਤ ਇਸ ਗੱਲ ‘ਤੇ ਜ਼ੋਰ ਦੇ ਰਿਹਾ ਹੈ ਕਿ ਕੈਨੇਡਾ ਨਾਲ ਉਸ ਦਾ ਮੁੱਖ ਮੁੱਦਾ ਉਸ ਦੇਸ਼ ਵਿਚ ਵੱਖਵਾਦੀਆਂ, ਅੱਤਵਾਦੀਆਂ ਅਤੇ ਭਾਰਤ ਵਿਰੋਧੀ ਤੱਤਾਂ ਨੂੰ ਦਿੱਤੀ ਗਈ ਜਗ੍ਹਾ ਹੈ। 

ਐੱਸ. ਜੈਸ਼ੰਕਰ ਨੇ ਇਕ ਸੰਮੇਲਨ ‘ਚ ਕਿਹਾ, “ਸਾਨੂੰ ਉਮੀਦ ਹੈ ਕਿ ਸਾਨ ਫਰਾਂਸਿਸਕੋ ‘ਚ ਸਾਡੇ ਵਣਜ ਦੂਤਘਰ ‘ਤੇ ਹੋਏ ਹਮਲੇ ਦੇ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ‘ਚ ਲਿਆਂਦਾ ਜਾਵੇਗਾ। ਅਸੀਂ ਲੰਡਨ ‘ਚ ਸਾਡੇ ਹਾਈ ਕਮਿਸ਼ਨ ‘ਤੇ ਹਮਲਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਵੀ ਉਮੀਦ ਕਰਦੇ ਹਾਂ।” ਸਾਡੇ ਡਿਪਲੋਮੈਟਾਂ (ਕੈਨੇਡਾ ਵਿਚ) ਨੂੰ ਧਮਕਾਉਣ ਵਾਲਿਆਂ ਵਿਰੁੱਧ ਕਾਰਵਾਈ ਦੀ ਉਮੀਦ ਹੈ।”

Add a Comment

Your email address will not be published. Required fields are marked *