ਸ਼ਹੀਦ ਪ੍ਰਧਾਨ ਮੰਤਰੀ ਦਾ ਪੁੱਤਰ ਦੇਸ਼ ਦਾ ਕਦੇ ਅਪਮਾਨ ਨਹੀਂ ਕਰ ਸਕਦਾ: ਪ੍ਰਿਯੰਕਾ

ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਲੋਕ ਸਭਾ ਤੋਂ ਅਯੋਗ ਠਹਿਰਾਉਣ ਦੇ ਵਿਰੋਧ ’ਚ ਪਾਰਟੀ ਵਰਕਰਾਂ ਨੇ ਅੱਜ ਦੇਸ਼ ਭਰ ’ਚ ਸੰਕਲਪ ਸੱਤਿਆਗ੍ਰਹਿ ਕੀਤਾ। ਪਾਰਟੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਸ਼ਹੀਦ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ ਪੁੱਤਰ, ਜਿਸ ਨੇ ਕੌਮੀ ਏਕਤਾ ਲਈ ਹਜ਼ਾਰਾਂ ਕਿਲੋਮੀਟਰ ਦੀ ਯਾਤਰਾ ਕੀਤੀ, ਦੇਸ਼ ਦਾ ਕਦੇ ਵੀ ਅਪਮਾਨ ਨਹੀਂ ਕਰ ਸਕਦਾ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਾਇਰ ਕਰਾਰ ਦਿੰਦਿਆਂ ਚੁਣੌਤੀ ਦਿੱਤੀ ਕਿ ਉਹ ਉਸ ਨੂੰ ਗ੍ਰਿਫ਼ਤਾਰ ਕਰਕੇ ਦਿਖਾਉਣ। ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਹੁਕਮਰਾਨ ਧਿਰ ਭਾਜਪਾ ’ਤੇ ਵਰ੍ਹਦਿਆਂ ਕਿਹਾ ਕਿ ਨੀਰਵ ਮੋਦੀ ਅਤੇ ਲਲਿਤ ਮੋਦੀ ਜਿਹੇ ਭਗੌੜਿਆਂ ਦੀ ਨਿਖੇਧੀ ਕਰਨ ’ਤੇ ਉਨ੍ਹਾਂ ਨੂੰ ਪੀੜ ਕਿਉਂ ਹੁੰਦੀ ਹੈ। ਕੌਮੀ ਰਾਜਧਾਨੀ ’ਚ ਪੁਲੀਸ ਨੇ ਕਾਂਗਰਸ ਨੂੰ ਰਾਜਘਾਟ ’ਤੇ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਸੀ ਪਰ ਕਾਂਗਰਸ ਨੇ ਮਹਾਤਮਾ ਗਾਂਧੀ ਦੀ ਯਾਦਗਾਰ ਦੇ ਬਾਹਰ ਮੰਚ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ। ਕਾਂਗਰਸ ਆਗੂਆਂ ਨੇ ਪ੍ਰਦਰਸ਼ਨ ਤੋਂ ਪਹਿਲਾਂ ਰਾਜਘਾਟ ’ਤੇ ਮਹਾਤਮਾ ਗਾਂਧੀ ਦੀ ਸਮਾਧੀ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਉਧਰ ਗੁਜਰਾਤ ’ਚ ਪੁਲੀਸ ਨੇ ਕਈ ਆਗੂਆਂ ਨੂੰ ਹਿਰਾਸਤ ’ਚ ਲੈ ਲਿਆ। ਪ੍ਰਦਰਸ਼ਨ ਦੌਰਾਨ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਕਿਹਾ,‘‘ਸਮਾਂ ਆ ਗਿਆ ਹੈ ਕਿ ਹੰਕਾਰੀ ਸਰਕਾਰ ਖ਼ਿਲਾਫ਼  ਆਵਾਜ਼ ਬੁਲੰਦ ਕੀਤੀ ਜਾਵੇ ਕਿਉਂਕਿ ਰਾਹੁਲ ਗਾਂਧੀ ਨੂੰ ਚੋਣ ਲੜਨ ਤੋਂ ਰੋਕਣਾ ਦੇਸ਼ ਅਤੇ ਜਮਹੂਰੀਅਤ ਲਈ ਬਦਸ਼ਗੁਨੀ ਹੈ। ਮੇਰੇ ਪਰਿਵਾਰ ਦੇ ਖ਼ੂਨ ਨੇ ਇਸ ਮੁਲਕ ’ਚ ਜਮਹੂਰੀਅਤ ਨੂੰ ਸਿੰਜਿਆ ਹੈ। ਜਮਹੂਰੀਅਤ ਲਈ ਅਸੀਂ ਕੁਝ ਵੀ ਕਰਨ ਲਈ ਤਿਆਰ ਹਾਂ। ਕਾਂਗਰਸ ਦੇ ਮਹਾਨ ਆਗੂਆਂ ਨੇ ਦੇਸ਼ ’ਚ ਲੋਕਤੰਤਰ ਦੀ ਨੀਂਹ ਰੱਖੀ। ਜੇਕਰ ਉਹ ਸੋਚਦੇ ਹਨ ਕਿ ਉਹ ਸਾਨੂੰ ਡਰਾ ਸਕਦੇ ਹਨ ਤਾਂ ਉਹ ਗਲਤ ਹਨ। ਸਾਨੂੰ ਡਰਾਇਆ ਨਹੀਂ ਜਾ ਸਕਦਾ ਹੈ। ਕਾਰੋਬਾਰੀ ਗੌਤਮ ਅਡਾਨੀ ਬਾਰੇ ਪ੍ਰਧਾਨ ਮੰਤਰੀ ਤੋਂ ਸਵਾਲ ਪੁੱਛਣ ਲਈ ਰਾਹੁਲ ਗਾਂਧੀ ਨੂੰ ਅਯੋਗ ਠਹਿਰਾਇਆ ਗਿਆ ਹੈ। ਇਸ ਕਦਮ ਲਈ ਲੋਕ ਮੂੰਹ ਤੋੜਵਾਂ ਜਵਾਬ ਦੇਣਗੇ। ਸ਼ਹੀਦ ਦੇ ਬੇਟੇ ਦਾ ਅਪਾਮਨ ਕਰਕੇ ਉਸ ਨੂੰ ਮੀਰ ਜਾਫ਼ਰ ਕਿਹਾ ਗਿਆ। ਮੇਰੀ ਮਾਂ ਦਾ ਅਪਮਾਨ ਕੀਤਾ ਗਿਆ। ਤੁਹਾਡੇ ਮੰਤਰੀ ਰਾਹੁਲ ਨੂੰ ਆਖਦੇ ਹਨ ਕਿ ਉਨ੍ਹਾਂ ਦੇ ਪਿਤਾ ਕੌਣ ਹਨ? ਤੁਹਾਡੇ ਪ੍ਰਧਾਨ ਮੰਤਰੀ ਗਾਂਧੀ ਪਰਿਵਾਰ ਲਈ ਆਖਦੇ ਹਨ ਕਿ ਉਹ ਨਹਿਰੂ ਉਪਨਾਮ ਦੀ ਵਰਤੋਂ ਕਿਉਂ ਨਹੀਂ ਕਰਦੇ? ਤੁਹਾਡੇ ’ਤੇ ਤਾਂ ਕੋਈ ਕੇਸ ਨਹੀਂ ਹੁੰਦਾ ਨਾ ਹੀ ਤੁਹਾਡੀ ਮੈਂਬਰਸ਼ਿਪ ਰੱਦ ਹੁੰਦੀ ਹੈ।’’ ਪਰਿਵਾਰਵਾਦ ਦੇ ਦੋਸ਼ਾਂ ’ਤੇ ਮੋੜਵਾਂ ਵਾਰ ਕਰਦਿਆਂ ਪ੍ਰਿਯੰਕਾ ਨੇ ਕਿਹਾ ਕਿ ਤੁਸੀਂ ਸਾਨੂੰ ਪਰਿਵਾਰਵਾਦੀ ਆਖਦੇ ਹੋ ਤਾਂ ਭਗਵਾਨ ਰਾਮ ਕੌਣ ਸਨ? ਕੀ ਉਹ ਪਰਿਵਾਰਵਾਦੀ ਸਨ। ਕੀ ਪਾਂਡਵ ਪਰਿਵਾਰਵਾਦੀ ਸਨ। ਕੀ ਸਾਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਸਾਡੇ ਪਰਿਵਾਰ ਦੇ ਮੈਂਬਰ ਇਸ ਮੁਲਕ ਲਈ ਸ਼ਹੀਦ ਹੋਏ ਹਨ। ਉਨ੍ਹਾਂ ਕਿਹਾ ਕਿ ਅਡਾਨੀ ਦੇ ਨਾਮ ’ਤੇ ਸਰਕਾਰ ਬੌਖਲਾ ਕਿਉਂ ਜਾਂਦੀ ਹੈ। ਪ੍ਰਿਯੰਕਾ ਨੇ ਮੀਡੀਆ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਲੋਕਤੰਤਰ ਖ਼ਤਰੇ ’ਚ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਸਵਾਲ ਦਾਗ਼ਦਾ ਹੈ ਤਾਂ ਉਸ ਨੂੰ ਅੱਠ ਸਾਲਾਂ ਲਈ ਚੋਣ ਲੜਨ ਤੋਂ ਰੋਕ ਦਿੱਤਾ ਜਾਂਦਾ ਹੈ ਪਰ ਹੁਣ ਸਮਾਂ ਆ ਗਿਆ ਹੈ ਕਿ ਬਿਲਕੁਲ ਵੀ ਡਰੋ ਨਾ। ਦੋਵੇਂ ਆਗੂਆਂ ਨੇ ਰਾਹੁਲ ਗਾਂਧੀ ਅਤੇ ਕਾਂਗਰਸ ਦੀ ਹਮਾਇਤ ਕਰਨ ਲਈ ਵਿਰੋਧੀ ਧਿਰ ਦਾ ਧੰਨਵਾਦ ਵੀ ਕੀਤਾ। ਖੜਗੇ ਨੇ ਕਿਹਾ,‘‘ਭਾਜਪਾ ਹੁਣ ਓਬੀਸੀ ਦੇ ਅਪਮਾਨ ਦੀ ਗੱਲ ਕਰਦੀ ਹੈ। ਕੀ ਲਲਿਤ ਮੋਦੀ, ਨੀਰਵ ਮੋਦੀ ਅਤੇ ਮੇਹੁਲ ਚੋਕਸੀ ਓਬੀਸੀ ਹਨ ਜੋ ਲੋਕਾਂ ਦਾ ਪੈਸਾ ਲੈ ਕੇ ਭੱਜ ਗਏ ਹਨ। ਤੁਸੀਂ (ਭਾਜਪਾ) ਉਸ ਵਿਅਕਤੀ ਨੂੰ ਸਜ਼ਾ ਦਿੰਦੇ ਹੈ ਜੋ ਦੇਸ਼ ਬਚਾਉਣ ਲਈ ਕੰਮ ਕਰਦਾ ਹੈ ਅਤੇ ਦੇਸ਼ ਲੁੱਟਣ ਵਾਲਿਆਂ ਨੂੰ ਵਿਦੇਸ਼ ਭੇਜਦੇ ਹੋ। ਰਾਹੁਲ ਗਾਂਧੀ ਲੋਕਾਂ, ਮਹਿਲਾਵਾਂ, ਨੌਜਵਾਨਾਂ ਅਤੇ ਬੇਰੁਜ਼ਗਾਰੀ ਤੇ ਮਹਿੰਗਾਈ ਖ਼ਿਲਾਫ਼ ਲੜਾਈ ਲੜ ਰਹੇ ਹਨ।’’ ਕਾਂਗਰਸ ਆਗੂਆਂ ਅਸ਼ੋਕ ਗਹਿਲੋਤ ਅਤੇ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਇਸ ਮੁੱਦੇ ਨਾਲ ਵਿਰੋਧੀ ਧਿਰ ਇਕਜੁੱਟ ਹੋ ਗਈ ਹੈ ਅਤੇ ਆਉਂਦੇ ਦਿਨਾਂ ’ਚ ਏਕਤਾ ਹੋਰ ਵਧੇਗੀ। ਕਾਂਗਰਸ ਵਰਕਰਾਂ ਨੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ, ਤਿਲੰਗਾਨਾ, ਜੰਮੂ ਕਸ਼ਮੀਰ, ਕੇਰਲਾ, ਕਰਨਾਟਕ, ਤਾਮਿਲ ਨਾਡੂ, ਮਹਾਰਾਸ਼ਟਰ, ਉੱਤਰ ਪ੍ਰਦੇਸ਼ ਅਤੇ ਗੁਜਰਾਤ ਸਮੇਤ ਕਈ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਵੀ ਪ੍ਰਦਰਸ਼ਨ ਕੀਤੇ। ਗੁਜਰਾਤ ਦੇ ਅਹਿਮਦਾਬਾਦ ’ਚ ਪੁਲੀਸ ਨੇ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਜਗੀਦਸ਼ ਠਾਕੋਰ, ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਅਮਿਤ ਚਾਵੜਾ ਅਤੇ ਸੀਨੀਅਰ ਆਗੂ ਭਰਤਸਿੰਹ ਸੋਲੰਕੀ ਸਮੇਤ ਕਈ ਪਾਰਟੀ ਵਰਕਰਾਂ ਨੂੰ ਹਿਰਾਸਤ ’ਚ ਲੈ ਲਿਆ ਗਿਆ। ਪ੍ਰਦਰਸ਼ਨਕਾਰੀਆਂ ਨੂੰ ਪੁਲੀਸ ਸਟੇਡੀਅਮ ’ਚ ਲੈ ਗਈ ਜਿਥੇ ਕਾਂਗਰਸ ਵਰਕਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਠਾਕੋਰ ਨੇ ਟਵੀਟ ਕੀਤਾ,‘‘ਸਾਡੇ ਕੋਲ ਸੱਚ ਅਤੇ ਸੱਤਿਆਗ੍ਰਹਿ ਦੀ ਤਾਕਤ ਹੈ। ਭਾਜਪਾ ਦੀ ਲੁੱਟ ਦਾ ਪਰਦਾਫਾਸ਼ ਕਰਨ ਲਈ ਗੁਜਰਾਤ ਦਾ ਹਰੇਕ ਵਰਕਰ ਰਾਹੁਲ ਗਾਂਧੀ ਨਾਲ ਹੈ।’’ ਸ੍ਰੀਨਗਰ ’ਚ ਜੇਕੇਪੀਸੀਸੀ ਦੇ ਸਾਬਕਾ ਪ੍ਰਧਾਨ ਗੁਲਾਮ ਅਹਿਮਦ ਮੀਰ ਦੀ ਅਗਵਾਈ ਹੇਠ ਪਾਰਟੀ ਕਾਰਕੁਨਾਂ ਨੇ ਐੱਮ ਏ ਰੋਡ ਦਫ਼ਤਰ ’ਤੇ ਪ੍ਰਦਰਸ਼ਨ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੀਰ ਨੇ ਕਿਹਾ ਕਿ ਨਾ ਸਿਰਫ਼ ਕਾਂਗਰਸ ਪਾਰਟੀ ਸਗੋਂ ਸਾਰੀਆਂ ਗੈਰ-ਭਾਜਪਾ ਪਾਰਟੀਆਂ ਇਕੱਠੀਆਂ ਆ ਗਈਆਂ ਹਨ ਅਤੇ ਉਹ ਦੇਸ਼ ’ਚ ਲੋਕਤੰਤਰ ਦੇ ਖ਼ਾਤਮੇ ’ਤੇ ਰੋਸ ਜਤਾ ਰਹੀਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਸਰਕਾਰ ਨੇ ਸੰਵਿਧਾਨ ਦਾ ਨਾਮੋ-ਨਿਸ਼ਾਨ ਤੱਕ ਮਿਟਾ ਦਿੱਤਾ ਹੈ ਅਤੇ ਉਸ ਵੱਲੋਂ ਸਾਰੇ ਗ਼ੈਰ-ਕਾਨੂੰਨੀ ਅਤੇ ਗ਼ੈਰ-ਜਮਹੂਰੀ ਕਦਮ ਉਠਾਏ ਜਾ ਰਹੇ ਹਨ। ਹਰਿਆਣਾ ਕਾਂਗਰਸ ਦੇ ਪ੍ਰਧਾਨ ਉਦੈ ਭਾਨ ਨੇ ਕਿਹਾ ਕਿ ਰਾਹੁਲ ਗਾਂਧੀ ਭਾਜਪਾ ਸਰਕਾਰ ਖ਼ਿਲਾਫ਼ ਕਈ ਮੁੱਦਿਆਂ ’ਤੇ ਆਵਾਜ਼ ਬੁਲੰਦ ਕਰ ਰਹੇ ਸਨ ਜਿਸ ਕਾਰਨ ਉਹ ਰਾਹੁਲ ਦੀ ਆਵਾਜ਼ ਬੰਦ ਕਰਨਾ ਚਾਹੁੰਦੇ ਸਨ ਪਰ ਉਹ ਗਲਤੀ ਕਰ ਬੈਠੇ। ਰਾਜਸਥਾਨ ’ਚ ਪ੍ਰਦੇਸ਼ ਪ੍ਰਧਾਨ ਗੋਵਿੰਦ ਸਿੰਘ ਦੋਟਾਸਰਾ, ਖੁਰਾਕ ਤੇ ਸਿਵਲ ਸਪਲਾਈਜ਼ ਮੰਤਰੀ ਪ੍ਰਤਾਪ ਸਿੰਘ ਖਚਰੀਆਵਾਸ ਤੇ ਹੋਰ ਆਗੂਆਂ ਨੇ ਪ੍ਰਦਰਸ਼ਨ ’ਚ ਹਿੱਸਾ ਲਿਆ।

Add a Comment

Your email address will not be published. Required fields are marked *