ਵੰਡ ਦੌਰਾਨ ਜਾਨ ਗੁਆਉਣ ਵਾਲਿਆਂ ਨੂੰ ਮੋਦੀ ਵੱਲੋਂ ਸ਼ਰਧਾਂਜਲੀ
![](http://mehakewattan.com/wp-content/uploads/2022/08/2022_8largeimg_315083591.jpg)
ਨਵੀਂ ਦਿੱਲੀ, 14 ਅਗਸਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 1947 ’ਚ ਦੇਸ਼ ਦੀ ਵੰਡ ਦੌਰਾਨ ਜਾਨਾਂ ਗੁਆਉਣ ਵਾਲਿਆਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਇਤਿਹਾਸ ਦੇ ਉਸ ਦੁਖਦਾਈ ਦੌਰ ਦੇ ਪੀੜਤਾਂ ਦੇ ਸਬਰ ਅਤੇ ਸਹਿਣਸ਼ੀਲਤਾ ਦੀ ਸ਼ਲਾਘਾ ਕੀਤੀ ਹੈ। ਸ੍ਰੀ ਮੋਦੀ ਨੇ ਪਿਛਲੇ ਸਾਲ ਐਲਾਨ ਕੀਤਾ ਸੀ ਕਿ ਲੋਕਾਂ ਦੇ ਸੰਘਰਸ਼ ਅਤੇ ਕੁਰਬਾਨੀ ਦੀ ਯਾਦ ਵਿੱਚ 14 ਅਗਸਤ ਨੂੰ ‘ਵੰਡ ਦੁਖਾਂਤ ਯਾਦਗਾਰੀ ਦਿਵਸ’ ਵਜੋਂ ਮਨਾਇਆ ਜਾਵੇਗਾ। ਉਨ੍ਹਾਂ ਟਵੀਟ ਕਰਕੇ ਕਿਹਾ,‘‘ਅੱਜ ਮੈਂ ਵੰਡ ਦੁਖਾਂਤ ਯਾਦਗਾਰੀ ਦਿਵਸ ’ਤੇ ਉਨ੍ਹਾਂ ਸਾਰਿਆਂ ਨੂੰ ਸ਼ਰਧਾਂਜਲੀ ਦਿੰਦਾ ਹਾਂ ਜਿਨ੍ਹਾਂ ਵੰਡ ਦੌਰਾਨ ਜਾਨਾਂ ਗੁਆਈਆਂ ਸਨ। ਸਾਡੇ ਇਤਿਹਾਸ ਦੇ ਉਸ ਦੁਖਦਾਈ ਦੇ ਪੀੜਤਾਂ ਦੇ ਸਬਰ ਅਤੇ ਸਹਿਣਸ਼ੀਲਤਾ ਦੀ ਸ਼ਲਾਘਾ ਕਰਦਾ ਹਾਂ।’’ ਅੰਗਰੇਜ਼ਾਂ ਵੱਲੋਂ 1947 ’ਚ ਭਾਰਤ ਦੇ ਟੋਟੇ ਕਰ ਦਿੱਤੇ ਗਏ ਸਨ ਜਿਸ ਕਾਰਨ ਲੱਖਾਂ ਲੋਕ ਉਜੜ ਗਏ ਸਨ ਤੇ ਫਿਰਕੂ ਹਿੰਸਾ ’ਚ ਲੱਖਾਂ ਲੋਕ ਮਾਰੇ ਗਏ ਸਨ।
ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੰਡ ਦੌਰਾਨ ਜਾਨਾਂ ਗੁਆਉਣ ਵਾਲੇ ਲੋਕਾਂ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਭਾਰਤੀ ਇਤਿਹਾਸ ਦੇ ਇਸ ਗ਼ੈਰ-ਮਨੁੱਖੀ ਅਧਿਆਏ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ‘ਵੰਡ ਦੁਖਾਂਤ ਯਾਦਗਾਰੀ ਦਿਵਸ’ ਨੌਜਵਾਨ ਪੀੜ੍ਹੀ ਨੂੰ ਦੇਸ਼ਵਾਸੀਆਂ ਵੱਲੋਂ ਸਹਿਣ ਕੀਤੇ ਗਏ ਤਸੀਹਿਆਂ ਦੀ ਯਾਦ ਕਰਵਾਉਂਦਾ ਰਹੇਗਾ।
![](http://mehakewattan.com/wp-content/uploads/2023/07/ALL-ADDS-2023_page-0001-1638x2048-1.jpg)